24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਹਰਿਆਣੇ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਅਜੀਤ ਡੈਸਕ 09-07-2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਾਰ ਫਿਰ 17 ਜੁਲਾਈ ਨੂੰ ਹਰਿਆਣਾ ਆ ਰਹੇ ਹਨ। ਇਸ ਦਿਨ ਮੋਦੀ ਹਰਿਆਣਾ ਦੇ ਜੀਂਦ ਤੋਂ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ ਤੇ ਹਾਈਡ੍ਰੋਜਨ ਗੈਸ ਪਲਾਂਟ ਦੀ ਸ਼ੁਰੂਆਤ ਵੀ ਕਰਨਗੇ। ਪ੍ਰਧਾਨ ਮੰਤਰੀ ਮੋਦੀ ਸੂਬੇ 'ਚ ਕਈ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕਰਨਗੇ ਤੇ ਕਈਆਂ ਦੇ ਨੀਂਹ-ਪੱਥਰ ਵੀ ਰੱਖਣਗੇ। ਮੋਦੀ ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ-ਪੱਥਰ ਰੱਖਣਗੇ, ਉਨ੍ਹਾਂ 'ਚ ਕੁਰੂਕਸ਼ੇਤਰ ਐਲੀਵੇਟਿਡ ਰੇਲਵੇ ਟਰੈਕ, ਅੰਬਾਲਾ ਕਾਲਾ ਅੰਬ, ਗ੍ਰੀਨ ਫੀਲਡ ਐਕਸਪ੍ਰੈੱਸ ਵੇਅ ਸ਼ਾਮਿਲ ਹਨ। ਮੋਦੀ ਭਿਵਾਨੀ ਤੇ ਨਾਰਨੌਲ ਮੈਡੀਕਲ ਕਾਲਜ, ਜੀਂਦ-ਗੋਹਾਨਾ ਰਾਸ਼ਟਰੀ ਰਾਜ ਮਾਰਗ (ਐਨ.ਐਚ. 352 ਡੀ) ਤੇ ਹਾਂਸੀ-ਬਰਵਾਲਾ ਰਾਸ਼ਟਰੀ ਰਾਜ ਮਾਰਗ ਲੋਕਾਂ ਨੂੰ ਸਮਰਪਿਤ ਕਰਨ ਤੋਂ ਇਲਾਵਾ ਬੀਕਾਨੇਰ-ਸਿਵਾਨੀ-ਸੋਨੀਪਤ ਸੜਕ ਪ੍ਰੋਜੈਕਟ, ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਦੇ ਹਰਿਆਣਾ ਹਿੱਸੇ ਦਾ ਉਦਘਾਟਨ ਵੀ ਕਰਨਗੇ। ਜੀਂਦ ਤੋਂ ਸ਼ੁਰੂ ਹੋਣ ਜਾ ਰਹੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਸਿਰਫ਼ ਪੈਟਰੋਲ ਤੇ ਡੀਜ਼ਲ ਰਹਿਤ ਹੀ ਨਹੀਂ ਹੋਵੇਗੀ, ਸਗੋਂ ਸਵੱਛ, ਗ੍ਰੀਨ ਤੇ ਵਾਤਾਵਰਨ ਅਨੁਕੂਲ ਆਵਾਜਾਈ ਵਿਵਸਥਾ ਦੀ ਦਿਸ਼ਾ 'ਚ ਦੇਸ਼ ਦੀ ਇਕ ਮਹਤੱਵਪੂਰਨ ਪਹਿਲ ਹੈ। ਪ੍ਰਧਾਨ ਮੰਤਰੀ ਦੇ ਹਰਿਆਣਾ ਦੌਰੇ ਨੂੰ ਲੈ ਕੇ ਜਿੱਥੇ ਸੂਬਾ ਸਰਕਾਰ ਨੇ ਵੱਡੇ ਪੱਧਰ 'ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਉੱਥੇ ਹਰਿਆਣਾ ਪ੍ਰਦੇਸ਼ ਭਾਜਪਾ ਸੰਗਠਨ ਵਲੋਂ ਵੀ ਮੋਦੀ ਦੇ ਦੌਰੇ ਨੂੰ ਯਾਦਗਾਰੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਿੱਖ ਮਿਊਜ਼ੀਅਮ ਦਾ ਰੱਖਣਗੇ ਨੀਂਹ-ਪੱਥਰ
ਇਸੇ ਦਿਨ ਪ੍ਰਧਾਨ ਮੰਤਰੀ ਮੋਦੀ ਕੁਰੂਕਸ਼ੇਤਰ 'ਚ ਇਤਿਹਾਸਕ ਸਿੱਖ ਮਿਊਜ਼ੀਅਮ ਦਾ ਨੀਂਹ-ਪੱਥਰ ਰੱਖਣਗੇ। ਕੁਰੂਕਸ਼ੇਤਰ 'ਚ ਬਣਨ ਵਾਲੇ ਇਸ ਆਧੁਨਿਕ ਸਿੱਖ ਮਿਊਜ਼ੀਅਮ 'ਚ 10 ਗੁਰੂ ਸਾਹਿਬਾਨ ਦੇ ਇਤਿਹਾਸ 'ਤੇ ਆਧਾਰਿਤ ਵਰਚੁਅਲ ਗੈਲਰੀ, ਆਧੁਨਿਕ ਲਾਇਬ੍ਰੇਰੀ ਅਤੇ ਲਾਈਟ ਤੇ ਸਾਊਂਡ ਸ਼ੋਅ ਦੀ ਵਿਵਸਥਾ ਵੀ ਹੋਵੇਗੀ। ਕੁਰੂਕਸ਼ੇਤਰ ਮਹਾਭਾਰਤ ਕਾਲ ਤੇ ਸ੍ਰੀਮਦ ਭਗਵਤ ਗੀਤਾ ਨਾਲ ਜੁੜਿਆ ਹੋਇਆ ਇਕ ਇਤਿਹਾਸਕ ਸ਼ਹਿਰ ਹੈ, ਇੱਥੇ ਸਿੱਖ ਮਿਊਜ਼ੀਅਮ ਬਣਨ ਨਾਲ ਦੇਸ਼ ਭਰ ਤੋਂ ਧਾਰਮਿਕ ਸ਼ਰਧਾਲੂਆਂ ਦੀ ਆਮਦ ਹੋਰ ਵਧਣ ਦੀ ਉਮੀਦ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਸੜਕ, ਰੇਲ, ਸਿਹਤ ਤੇ ਸੈਰ-ਸਪਾਟੇ ਨਾਲ ਜੁੜੇ ਵੱਖ-ਵੱਖ ਪ੍ਰੋਜੈਕਟਾਂ ਨੂੰ ਜੀਂਦ ਤੋਂ ਹੀ ਲੋਕਾਂ ਨੂੰ ਸਮਰਪਿਤ ਕਰਨਗੇ ਜਾਂ ਉਨ੍ਹਾਂ ਦੇ ਨੀਂਹ-ਪੱਥਰ ਰੱਖਣਗੇ। ਇਸ ਲਈ ਜਿਹੜੇ-ਜਿਹੜੇ ਸ਼ਹਿਰਾਂ ਤੇ ਜ਼ਿਲ੍ਹਾ ਹੈੱਡਕੁਆਰਟਰਾਂ ਨਾਲ ਸੰਬੰਧਿਤ ਇਹ ਪ੍ਰੋਜੈਕਟ ਹਨ, ਉੱਥੇ ਵੀ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਹਰਿਆਣਾ ਭਾਜਪਾ ਦੀ ਕਮਾਂਡ ਡਾ. ਅਰਚਨਾ ਗੁਪਤਾ ਨੂੰ ਮਿਲਣ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਇਹ ਪਹਿਲਾ ਦੌਰਾ ਹੈ, ਜਿਸ ਨੂੰ ਸਫਲ ਬਣਾਉਣ ਲਈ ਉਹ ਪੂਰੇ ਜੀਅ ਜਾਨ ਨਾਲ ਲੱਗੀ ਹੋਈ ਹੈ। ਜ਼ਿਕਰਯੋਗ ਹੈ ਕਿ ਜੀਂਦ ਹਰਿਆਣਾ ਦੇ ਬਿਲਕੁਲ ਵਿਚਾਲੇ ਸਥਿਤ ਹੋਣ ਕਰਕੇ ਇਸ ਨੂੰ ਸੂਬੇ ਦੀ ਸਿਆਸੀ ਰਾਜਧਾਨੀ ਕਿਹਾ ਜਾਂਦਾ ਹੈ। ਜੀਂਦ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਇਸ ਸਮੇਂ ਡਾ. ਕ੍ਰਿਸ਼ਨ ਮਿੱਡਾ ਕਰਦੇ ਹਨ, ਜੋ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਹਨ।
ਖੇਡਾਂ 'ਚ ਬਹੁਤ ਅੱਗੇ ਹੈ ਹਰਿਆਣਾ
ਹਰਿਆਣਾ ਆਬਾਦੀ ਤੇ ਖੇਤਰਫਲ ਦੇ ਹਿਸਾਬ ਨਾਲ ਭਾਵੇਂ ਦੇਸ਼ ਦਾ ਇਕ ਛੋਟਾ ਸੂਬਾ ਹੈ, ਪਰ ਖੇਡਾਂ ਦੇ ਮਾਮਲੇ 'ਚ ਹਰਿਆਣਾ ਦੇਸ਼ ਦੇ ਵੱਡੇ-ਵੱਡੇ ਸੂਬਿਆਂ ਤੋਂ ਬਹੁਤ ਅੱਗੇ ਹੈ। ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਖੇਡਾਂ 'ਚ ਹਰਿਆਣਾ ਦੇ ਖਿਡਾਰੀ ਦੇਸ਼ ਤੇ ਦੁਨੀਆ 'ਚ ਸੂਬੇ ਦਾ ਨਾਂਅ ਉੱਚਾ ਕਰਦਿਆਂ ਤਗਮਿਆਂ ਦੀ ਸੂਚੀ 'ਚ ਹਮੇਸ਼ਾ ਮੂਹਰੇ ਰਹੇ ਹਨ। ਹਰਿਆਣਾ ਦੀ ਖੇਡ ਨੀਤੀ ਦੀ ਦੇਸ਼ ਭਰ 'ਚ ਸ਼ਲਾਘਾ ਹੁੰਦੀ ਹੈ, ਕਿਉਂਕਿ ਇਸ ਖੇਡ ਨੀਤੀ ਤਹਿਤ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਸਹਿਯੋਗ ਦਿੱਤਾ ਜਾਂਦਾ ਹੈ। ਪਿਛਲੇ 12 ਸਾਲਾਂ ਦੌਰਾਨ ਹਰਿਆਣਾ ਦੇ 17 ਹਜ਼ਾਰ ਦੇ ਕਰੀਬ ਖਿਡਾਰੀਆਂ ਨੂੰ ਸੂਬਾ ਸਰਕਾਰ ਵਲੋਂ 730 ਕਰੋੜ ਰੁਪਏ ਦੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਹੈ ਤੇ 260 ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਸੂਬੇ ਦੇ ਖੇਡ ਵਿਭਾਗ ਵਲੋਂ ਦੋ ਹਜ਼ਾਰ ਖੇਡ ਨਰਸਰੀਆਂ ਖੋਲ੍ਹੀਆਂ ਗਈਆਂ ਹਨ ਅਤੇ 8 ਤੋਂ 19 ਸਾਲ ਦੇ ਖਿਡਾਰੀਆਂ ਨੂੰ 1,500 ਤੋਂ 2,000 ਰੁਪਏ ਮਾਸਿਕ ਵਜ਼ੀਫਾ ਦਿੱਤਾ ਜਾ ਰਿਹਾ ਹੈ। ਹਰਿਆਣਾ 'ਚ ਖੇਡ ਰਤਨ, ਦਰੋਣਾਚਾਰੀਆ, ਅਰਜੁਨ ਤੇ ਧਿਆਨਚੰਦ ਪੁਰਸਕਾਰ ਜੇਤੂ ਖਿਡਾਰੀਆਂ ਨੂੰ 20,000 ਰੁਪਏ ਮਹੀਨਾ ਤੇ ਭੀਮ ਐਵਾਰਡ ਜੇਤੂ ਖਿਡਾਰੀਆਂ ਨੂੰ 5,000 ਰੁਪਏ ਮਹੀਨਾ ਵਜ਼ੀਫਾ ਦਿੱਤਾ ਜਾ ਰਿਹਾ ਹੈ। ਹਰਿਆਣਾ 'ਚ 25 ਖੇਡ ਅਕੈਡਮੀਆਂ 'ਚ ਖਿਡਾਰੀਆਂ ਨੂੰ ਰੋਜ਼ਾਨਾ 500 ਰੁਪਏ ਦੀ ਡਾਈਟ ਨਕਦੀ ਦਿੱਤੀ ਜਾਂਦੀ ਹੈ। ਇਕ ਦਹਾਕਾ ਪਹਿਲਾਂ ਸੂਬੇ ਦੇ ਖੇਡ ਵਿਭਾਗ ਦਾ ਬਜਟ 163 ਕਰੋੜ ਰੁਪਏ ਹੁੰਦਾ ਸੀ, ਜੋ ਹੁਣ ਵਧਾ ਕੇ 668 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਖੇਡਣ ਤੇ ਅਭਿਆਸ ਕਰਦਿਆਂ ਜ਼ਖ਼ਮੀ ਹੋਣ ਵਾਲੇ ਖਿਡਾਰੀਆਂ ਦੇ ਇਲਾਜ ਤੇ ਦੇਖਭਾਲ ਲਈ ਪੰਚਕੂਲਾ 'ਚ 10 ਕਰੋੜ ਦੀ ਲਾਗਤ ਨਾਲ ਤਾਊ ਦੇਵੀ ਲਾਲ ਸਿਖਲਾਈ ਤੇ ਪੁਨਰਵਾਸ ਖੇਡ ਕੇਂਦਰ ਸਥਾਪਿਤ ਕੀਤਾ ਗਿਆ ਹੈ। ਮਿਸ਼ਨ 2036 ਦੇ ਲਈ ਹਰਿਆਣਾ ਨੇ 36 ਤਗਮੇ ਜਿੱਤਣ ਦਾ ਟੀਚਾ ਨਿਰਧਾਰਤ ਕੀਤਾ ਹੈ । ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਮੰਗਲਵਾਰ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਤਗਮੇ ਜਿੱਤਣ ਵਾਲੇ 198 ਖਿਡਾਰੀਆਂ ਨੂੰ 20.59 ਕਰੋੜ ਦੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਹੈ।
ਕਾਂਗਰਸ ਦਾ ਨਵਾਂ ਇੰਚਾਰਜ ਸੰਜੈ ਦੱਤ
ਕਾਂਗਰਸ ਵਲੋਂ ਸੰਜੈ ਦੱਤ ਨੂੰ ਹਰਿਆਣਾ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਆਪਣਾ ਪਹਿਲਾ ਹਰਿਆਣਾ ਦੌਰਾ ਮੰਗਲਵਾਰ ਨੂੰ ਸ਼ੁਰੂ ਕਰ ਦਿੱਤਾ ਹੈ, ਉਹ 5 ਦਿਨ ਸੂਬੇ 'ਚ ਰਹਿਣਗੇ ਤੇ ਚੰਡੀਗੜ੍ਹ ਸਥਿਤ ਸੂਬਾ ਕਾਂਗਰਸ ਦੇ ਹੈੱਡਕੁਆਰਟਰ ਵਿਖੇ ਪਾਰਟੀ ਦੇ ਸੰਸਦ ਮੈਂਬਰਾਂ, ਵਿਧਾਇਕਾਂ ਤੇ ਪਾਰਟੀ ਅਹੁਦੇਦਾਰਾਂ ਨਾਲ ਕਾਂਗਰਸ ਸੰਗਠਨ ਤੇ ਰਾਜਨੀਤਕ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਨਗੇ। ਸੰਜੈ ਦੱਤ ਲਈ ਹਰਿਆਣਾ ਕਾਂਗਰਸ ਨੂੰ ਇਕਜੁੱਟ ਕਰਨਾ ਤੇ ਪਾਰਟੀ ਸੰਗਠਨ 'ਚ ਜਾਨ ਪਾਉਣਾ ਵੱਡੀ ਚੁਣੌਤੀ ਹੋਵੇਗੀ। ਇਸ ਸਮੇਂ ਹਰਿਆਣਾ 'ਚ ਵੋਟਰ ਸੂਚੀਆਂ ਦੀ ਐਸ.ਆਈ.ਆਰ. ਹੋ ਰਹੀ ਹੈ ਤੇ ਪ੍ਰਦੇਸ਼ ਕਾਂਗਰਸ ਵਲੋਂ ਇਸ ਸੰਬੰਧੀ ਇਕ ਸੂਬਾ ਪੱਧਰੀ ਕਮੇਟੀ ਗਠਿਤ ਕੀਤੀ ਗਈ ਹੈ। ਹਰਿਆਣਾ ਕਾਂਗਰਸ ਦੇ ਨਵੇਂ ਇੰਚਾਰਜ ਸੰਜੈ ਦੱਤ ਦਾ ਪਾਰਟੀ ਦੀਆਂ ਸਭ ਜ਼ਿਲ੍ਹਾ ਕਾਂਗਰਸ ਕਮੇਟੀਆਂ ਦੇ ਇਕੱਲੇ-ਇਕੱਲੇ ਪ੍ਰਧਾਨਾਂ ਨਾਲ ਬੈਠਕਾਂ ਕਰਕੇ ਹਰੇਕ ਜ਼ਿਲ੍ਹੇ ਦੇ ਸੰਗਠਨਾਤਮਿਕ ਕਾਰਜਾਂ, ਚੁਣੌਤੀਆਂ ਤੇ ਭਵਿੱਖ ਦੀ ਰਣਨੀਤੀ 'ਤੇ ਚਰਚਾ ਕਰਨ ਦਾ ਪ੍ਰੋਗਰਾਮ ਹੈ। ਇਸ ਦੌਰਾਨ ਸੰਜੈ ਦੱਤ ਕਾਂਗਰਸ ਦੇ ਵੱਖ-ਵੱਖ ਚੈਂਬਰਾਂ ਦੇ ਮੁਖੀਆਂ ਨਾਲ ਵੀ ਗੱਲਬਾਤ ਕਰਨਗੇ ਅਤੇ 11 ਜੁਲਾਈ ਨੂੰ ਸੂਬਾ ਕਾਂਗਰਸ ਦੇ ਹੈੱਡਕੁਆਰਟਰ ਵਿਖੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਤੋਂ ਉਨ੍ਹਾਂ ਦੇ ਸੁਝਾਅ, ਸਮੱਸਿਆਵਾਂ ਤੇ ਸੰਗਠਨ ਸੰਬੰਧੀ ਵਿਚਾਰ ਜਾਣਨ ਦੀ ਕੋਸ਼ਿਸ਼ ਕਰਨਗੇ। ਉਹ 10 ਜੁਲਾਈ ਨੂੰ 'ਵਿਦਿਆਰਥੀਆਂ ਦੀ ਗੂੰਜ' ਮੁਹਿੰਮ ਦੀ ਸਮੀਖਿਆ ਬੈਠਕ ਵੀ ਕਰਨਗੇ ਤੇ ਨੀਟ ਦੇ ਪੇਪਰ ਲੀਕ ਨਾਲ ਜੁੜੇ ਘਟਨਾਕ੍ਰਮ ਦੇ ਕਾਰਨ ਆਪਣੀਆਂ ਜਾਨਾਂ ਗੁਆਉਣ ਵਾਲੇ ਵਿਦਿਆਰਥੀਆਂ ਨੂੰ ਸ਼ਰਧਾਜਲੀ ਦੇਣ ਲਈ ਪੰਚਕੂਲਾ 'ਚ ਹੋਣ ਵਾਲੇ ਮੋਮਬੱਤੀ ਮਾਰਚ 'ਚ ਵੀ ਹਿੱਸਾ ਲੈਣਗੇ। ਸੂਬੇ ਦੇ ਕਾਂਗਰਸ ਇੰਚਾਰਜ ਬਣਦੇ ਸਾਰ ਸੰਜੈ ਦੱਤ ਬਹੁਤ ਸਰਗਰਮ ਨਜ਼ਰ ਆ ਰਹੇ ਹਨ, ਉਹ ਪਾਰਟੀ ਦੇ ਸਾਰੇ ਧੜਿਆਂ ਨੂੰ ਇਕਜੁੱਟ ਕਰਕੇ ਪਾਰਟੀ ਸੰਗਠਨ 'ਚ ਸਾਰੇ ਆਗੂਆਂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਐਡਜਸਟ ਕਰ ਸਕਣਗੇ ਕਿ ਨਹੀਂ ਇਹ ਥਾਂ ਆਉਣ ਵਾਲੇ ਸਮੇਂ 'ਚ ਪਤਾ ਲੱਗ ਸਕੇਗਾ। ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਹਰਿਆਣਾ ਕਾਂਗਰਸ ਸੰਗਠਨ ਦੀ ਮਜ਼ਬੂਤੀ ਹੀ ਸੂਬੇ 'ਚ ਪਾਰਟੀ ਦਾ ਭਵਿੱਖ ਤੈਅ ਕਰੇਗੀ। ਖੈਰ ਸਾਰਿਆਂ ਦੀ ਨਜ਼ਰ ਇਸ ਪਾਸੇ ਹੀ ਲੱਗੀ ਹੋਈ ਹੈ।

-ਵਿਸ਼ੇਸ਼ ਪ੍ਰਤੀਨਿਧੀ
ਮੋਬਾਈਲ : 9855465946
ਈ.ਮੇਲ-ramsinghbrar@gmail.com

ਪਿਛਲੀ ਖ਼ਬਰ ਉਪ ਕੁਲਪਤੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 51ਵੀਂ ਕਾਨਵੋਕੇਸ਼ਨ ਲਈ ਪ੍ਰਬੰਧਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਪੁਲਿਸ ਸਪੈਸ਼ਲ ਸੈੱਲ ਮਜੀਠਾ ਨੇ ਅਦਾਲਤ ਤੋਂ ਭਗੌੜਾ ਵਿਅਕਤੀ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।