03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਪ੍ਰਧਾਨ ਮੰਤਰੀ ਦੀ ਸਫਲ ਫੇਰੀ

ਅਜੀਤ ਡੈਸਕ 18-07-2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਦਿਨਾ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਦੀ ਫੇਰੀ ਨੇ ਇਸ ਖਿੱਤੇ ਵਿਚ ਇਕ ਨਵਾਂ ਉਤਸ਼ਾਹ ਪੈਦਾ ਕੀਤਾ ਹੈ। ਇਸ ਵਿਚ ਉਨ੍ਹਾਂ ਨੇ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਤੇ ਵਿਕਸਿਤ ਭਾਰਤ ਦੇ ਸੰਕਲਪ 'ਤੇ ਜ਼ੋਰ ਦਿੱਤਾ ਹੈ। ਇਕ ਦਿਨ ਵਿਚ ਇਸ ਖਿੱਤੇ ਦੇ ਸੈਂਕੜੇ ਹੀ ਪ੍ਰੋਜੈਕਟਾਂ ਦਾ ਨੀਂਹ-ਪੱਥਰ ਰੱਖਣ ਨੇ ਇਹ ਉਮੀਦ ਜ਼ਰੂਰ ਪੈਦਾ ਕੀਤੀ ਹੈ, ਕਿ ਮੁੱਢਲੇ ਢਾਂਚੇ ਦੇ ਵਿਕਾਸ ਪੱਖੋਂ ਦੇਸ਼ ਨੇ ਤੇਜ਼ੀ ਨਾਲ ਕਦਮ ਵਧਾਉਣੇ ਸ਼ੁਰੂ ਕੀਤੇ ਹਨ। ਚੰਡੀਗੜ੍ਹ ਵਿਚ ਸਿਹਤ ਸਿੱਖਿਆ ਅਤੇ ਸੜਕਾਂ ਦੇ ਬੁਨਿਆਦੀ ਢਾਂਚੇ ਨਾਲ ਜੁੜੀਆਂ ਯੋਜਨਾਵਾਂ ਦਾ ਨੀਂਹ ਪੱਥਰ ਰੱਖਦਿਆਂ ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਲੋਕ ਜੀਵਨ ਨੂੰ ਸੁਖਾਵਾਂ ਬਣਾਉਣ ਲਈ ਅਜਿਹੀਆਂ ਯੋਜਨਾਵਾਂ ਨੂੰ ਸਮੇਂ ਸਿਰ ਸਿਰੇ ਚਾੜ੍ਹਨ ਲਈ ਸਰਕਾਰ ਤੇਜ਼ੀ ਨਾਲ ਯਤਨਸ਼ੀਲ ਰਹੀ ਹੈ। ਉਨ੍ਹਾਂ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਕੇ ਇਸ ਨੂੰ ਨਵੀਂ ਕੌਮਾਂਤਰੀ ਸਥਿਤੀ ਨਾਲ ਵੀ ਜੋੜਿਆ ਅਤੇ ਇਹ ਵੀ ਕਿਹਾ ਕਿ ਕੁੱਝ ਮਹੀਨਿਆਂ ਤੋਂ ਅਮਰੀਕਾ-ਇਜ਼ਰਾਈਲ ਤੇ ਈਰਾਨ ਅਤੇ ਖਾੜੀ ਦੇਸ਼ਾਂ ਵਿਚ ਚੱਲ ਰਹੀ ਜੰਗ ਨਾਲ ਡੀਜ਼ਲ ਦੀ ਭਾਰੀ ਕਮੀ ਹੋ ਗਈ ਸੀ ਪਰ ਭਾਰਤ ਇਸ ਲਈ ਇਸ ਦੇ ਪ੍ਰਭਾਵ 'ਚੋਂ ਨਿਕਲ ਸਕਿਆ, ਕਿਉਂਕਿ ਅੱਜ ਵਿਸ਼ਾਲ ਭਾਰਤੀ ਰੇਲ ਪ੍ਰਬੰਧ ਦੀ ਨਿਰਭਰਤਾ ਡੀਜ਼ਲ 'ਤੇ ਨਹੀਂ ਰਹੀ।
ਉਨ੍ਹਾਂ ਨੇ ਕਿਹਾ ਕਿ ਸਾਲ 2014 ਤੱਕ ਭਾਰਤ ਵਿਚ 30 ਫ਼ੀਸਦੀ ਰੇਲਵੇ ਦੇ ਨੈੱਟਵਰਕ ਦਾ ਬਿਜਲੀਕਰਨ ਹੋਇਆ ਸੀ ਅਤੇ 70 ਫ਼ੀਸਦੀ ਰੇਲ ਗੱਡੀਆਂ ਡੀਜ਼ਲ 'ਤੇ ਨਿਰਭਰ ਕਰਦੀਆਂ ਸਨ। ਪਰ ਪਿਛਲੇ 12 ਸਾਲਾਂ ਵਿਚ 90 ਫ਼ੀਸਦੀ ਗੱਡੀਆਂ ਦਾ ਬਿਜਲੀਕਰਨ ਹੋ ਚੁੱਕਾ ਹੈ। ਹਰਿਆਣਾ ਵਿਚ ਜੀਂਦ ਤੋਂ ਸੋਨੀਪਤ ਤੱਕ ਭਾਰਤ ਦੀ ਪਹਿਲੀ ਹਾਈਡ੍ਰੋਜਨ ਨਾਲ ਚੱਲਣ ਵਾਲੀ ਰੇਲ ਗੱਡੀ ਨੂੰ ਹਰੀ ਝੰਡੀ ਦਿੰਦਿਆਂ ਉਨ੍ਹਾਂ ਇਸ ਨੂੰ ਇਕ ਵੱਡੀ ਪ੍ਰਾਪਤੀ ਕਿਹਾ ਹੈ। ਬਿਨਾਂ ਸ਼ੱਕ ਆਉਣ ਵਾਲੇ ਸਮੇਂ ਵਿਚ ਜੇਕਰ ਹਾਈਡ੍ਰੋਜਨ ਨਾਲ ਚੱਲਣ ਵਾਲੀਆਂ ਗੱਡੀਆਂ ਦੀ ਗਿਣਤੀ ਵਧਦੀ ਜਾਏਗੀ ਤਾਂ ਇਸ ਨਾਲ ਡੀਜ਼ਲ ਦੀ ਕਮੀ ਦੀ ਪੂਰਤੀ ਹੋਰ ਵੀ ਸੁਖਾਲੀ ਹੋ ਜਾਏਗੀ। ਜਲੰਧਰ ਛਾਉਣੀ ਦੇ ਆਧੁਨਿਕ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਪੰਜਾਬ ਲਈ 5470 ਕਰੋੜ ਰੁਪਏ ਦੀਆਂ ਵੱਖ-ਵੱਖ ਸ਼ੁਰੂ ਕੀਤੀਆਂ ਜਾਣ ਵਾਲੀਆਂ ਹੋਰ ਬੁਨਿਆਦੀ ਯੋਜਨਾਵਾਂ ਦਾ ਵੀ ਵਰਚੁਅਲੀ ਉਦਘਾਟਨ ਕੀਤਾ ਅਤੇ ਇਹ ਪ੍ਰਗਟਾਇਆ ਕਿ ਇਨ੍ਹਾਂ ਨਾਲ ਸੂਬੇ ਦੇ ਵਿਕਾਸ ਦੀ ਰਫ਼ਤਾਰ ਤੇਜ਼ ਹੋਵੇਗੀ। ਉਨ੍ਹਾਂ ਨੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਵੇਅ, ਜਿਸ ਦੀ ਲਾਗਤ 9680 ਕਰੋੜ ਰੁਪਏ ਹੈ, ਦਾ ਵੀ ਉਨ੍ਹਾਂ ਨੇ ਉਦਘਾਟਨ ਕੀਤਾ। ਦਿੱਲੀ ਤੋਂ ਕਟੜਾ ਤੱਕ ਇਹ ਯਾਤਰਾ 14 ਘੰਟੇ ਦੀ ਬਜਾਏ ਮਹਿਜ਼ 6 ਘੰਟੇ ਦੀ ਰਹਿ ਜਾਏਗੀ ਅਤੇ ਦਿੱਲੀ ਤੋਂ ਅੰਮ੍ਰਿਤਸਰ ਦਾ ਸਫ਼ਰ 8 ਘੰਟੇ ਤੋਂ ਘਟ ਕੇ 4 ਘੰਟੇ ਦਾ ਹੋ ਜਾਏਗਾ। ਇਸ ਲੰਮੇ ਕਾਰੀਡੋਰ ਦੇ ਨੇੜੇ-ਤੇੜੇ ਉਦਯੋਗਾਂ, ਵਪਾਰ ਅਤੇ ਹੋਰ ਹਰ ਤਰ੍ਹਾਂ ਦੇ ਵਿਕਾਸ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਹਰਿਆਣੇ ਤੇ ਹਿਮਾਚਲ ਵਿਚ ਬਿਹਤਰ ਸੰਪਰਕ ਬਣਾਉਣ ਲਈ ਉਨ੍ਹਾਂ ਅੰਬਾਲਾ-ਕਾਲਾ ਅੰਬ ਰਾਜਮਾਰਗ ਦਾ ਵੀ ਉਦਘਾਟਨ ਕੀਤਾ, ਜਿਸ ਨਾਲ ਸੈਲਾਨੀਆਂ ਲਈ ਸਫ਼ਰ ਬੇਹੱਦ ਸੁਖਾਵਾਂ ਅਤੇ ਛੋਟਾ ਹੋ ਜਾਏਗਾ। ਹਰਿਆਣੇ ਦੇ ਕੁਰੂਕਸ਼ੇਤਰ ਵਿਚ ਸਿੱਖ ਇਤਿਹਾਸ ਨਾਲ ਸੰਬੰਧਿਤ ਇਕ ਮਿਊਜ਼ੀਅਮ ਬਣਾਉਣ ਦੀ ਯੋਜਨਾ ਦਾ ਵੀ ਉਨ੍ਹਾਂ ਵਲੋਂ ਉਦਘਾਟਨ ਕੀਤਾ ਗਿਆ। ਇਸ ਮਿਊਜ਼ਿਅਮ ਵਿਚ ਗੁਰੂ ਸਾਹਿਬਾਨ ਦੇ ਬਲਿਦਾਨ ਅਤੇ ਸਿੱਖਿਆਵਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਏਗੀ।
ਪ੍ਰਧਾਨ ਮੰਤਰੀ ਦੀ ਜਲੰਧਰ ਫੇਰੀ ਇਸ ਲਈ ਵੀ ਕਾਮਯਾਬ ਰਹੀ ਕਿ ਭਾਜਪਾ ਵਲੋਂ ਕਰਵਾਇਆ ਗਿਆ ਸਮਾਗਮ ਬਹੁਤ ਉਤਸ਼ਾਹਪੂਰਨ ਅਤੇ ਪ੍ਰਭਾਵਸ਼ਾਲੀ ਸੀ। ਇੱਥੇ ਪ੍ਰਧਾਨ ਮੰਤਰੀ ਨੇ ਖੁੱਲ੍ਹ ਕੇ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਦੀ ਵੀ ਗੱਲ ਕੀਤੀ ਅਤੇ ਨਾਲ ਹੀ ਪੰਜਾਬ ਸਰਕਾਰ ਦੀ ਆਲੋਚਨਾ ਕਰਦਿਆਂ ਇਹ ਦਾਅਵਾ ਵੀ ਕੀਤਾ ਕਿ ਭਾਜਪਾ ਹੀ ਪੰਜਾਬ ਨੂੰ ਇਸ ਸਥਿਤੀ 'ਚੋਂ ਕੱਢ ਸਕਦੀ ਹੈ। ਇਸ ਤਰ੍ਹਾਂ ਨਾਲ ਉਨ੍ਹਾਂ ਨੇ ਪੰਜਾਬ ਦੀਆਂ ਸਾਲ 2027 ਦੇ ਸ਼ੁਰੂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵੀ ਆਪਣੀ ਪਾਰਟੀ ਨੂੰ ਇਕ ਉਤਸ਼ਾਹਪੂਰਨ ਸੰਦੇਸ਼ ਦੇਣ ਦਾ ਯਤਨ ਕੀਤਾ ਹੈ।

-ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਕੀ ਹਨ ਦੇਸ਼ ਦੀਆਂ ਹਕੀਕਤਾਂ? ਅਗਲੀ ਖ਼ਬਰ ਲੋਕਾਂ ਦਾ ਕਲਿਆਣ ਹੀ ਸਭ ਤੋਂ ਚੰਗਾ ਕਾਨੂੰਨ ਹੈ। -ਸੀਰੋ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।