03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਕੀ ਹਨ ਦੇਸ਼ ਦੀਆਂ ਹਕੀਕਤਾਂ?

ਅਜੀਤ ਡੈਸਕ 18-07-2026

ਭਾਰਤ ਵਿਚ ਦੁਨੀਆ ਦੇ ਸਭ ਤੋਂ ਵੱਧ ਧਾਰਮਿਕ ਸਥਾਨ ਹਨ। ਧਰਮ ਤੇ ਧਾਰਮਿਕ ਵਿਸ਼ਵਾਸ ਤੇ ਪਰੰਪਰਾਵਾਂ ਵੀ ਅਣਗਿਣਤ ਹਨ, ਪਰ ਅੰਧਵਿਸ਼ਵਾਸ, ਪਾਖੰਡ ਤੇ ਆਸਥਾ ਦੀ ਤਿਕੜੀ ਦਾ ਅਜਿਹਾ ਗੁੰਝਲਦਾਰ ਤਿਕੋਣ ਵੀ ਬਣਦਾ ਹੈ ਕਿ ਲੋਕ ਨਾ ਤਾਂ ਆਪਣਾ ਭਾਵਨਾਤਮਕ ਤੇ ਆਰਥਿਕ ਸ਼ੋਸ਼ਣ ਦੇਖਦੇ ਹਨ ਅਤੇ ਨਾ ਹੀ ਇਨ੍ਹਾਂ ਦੀ ਪ੍ਰਵਾਹ ਕਰਦੇ ਹਨ।
ਖਿਲਵਾੜ
ਭਾਰਤ ਲਗਭਗ 7,50,000 ਪਿੰਡਾਂ, 650 ਜ਼ਿਲ੍ਹਿਆਂ ਤੇ 8,000 ਸ਼ਹਿਰਾਂ ਦਾ ਦੇਸ਼ ਹੈ.. ਜਿੱਥੇ ਲਗਭਗ 50 ਲੱਖ ਮੰਦਰ, 8,00,000 ਮਸਜਿਦਾਂ, 12,000 ਗੁਰਦੁਆਰੇ ਤੇ 10,000 ਤੋਂ ਵੱਧ ਗਿਰਜਾਘਰ ਹੋਣਗੇ। ਹਰ ਗਲੀ 'ਚ ਮੰਦਰਾਂ ਦੀਆਂ ਘੰਟੀਆਂ ਵੱਜਦੀਆਂ ਹਨ, ਹਰ ਚੌਰਾਹੇ 'ਤੇ ਨਮਾਜ਼/ਅਜਾਨ ਹੁੰਦੀ ਹੈ। ਯਿਸੂ ਦੀਆਂ ਮੂਰਤੀਆਂ ਦਿਖਾਈ ਦਿੰਦੀਆਂ ਹਨ ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਸਾਡੇ ਕੰਨਾਂ ਵਿਚ ਗੂੰਜਦਾ ਹੈ। ਮਤਲਬ ਆਸਥਾ ਸਾਡੇ ਸਾਹਾਂ ਵਿਚ ਵਸਦੀ ਹੈ ਤੇ ਸ਼ਰਧਾ ਸਾਡੇ ਰੋਜ਼ਾਨਾ ਦੇ ਕੰਮਕਾਜ ਦਾ ਹਿੱਸਾ ਹੈ। ਕੋਈ ਵੀ ਸੰਕਟ, ਪ੍ਰੇਸ਼ਾਨੀ ਜਾਂ ਬਿਮਾਰੀ ਦੇ ਸਮੇਂ ਅਸੀਂ ਸਭ ਤੋਂ ਪਹਿਲਾਂ ਆਪਣੇ ਭਗਵਾਨ/ਦੇਵਤਾ ਦੀ ਸ਼ਰਨ 'ਚ ਜਾਂਦੇ ਹਾਂ, ਜਿਨ੍ਹਾਂ ਦੀ ਨਿਗਰਾਨੀ ਕਰਨ ਵਾਲੇ ਕਰੋੜਾਂ ਪੁਜਾਰੀਆਂ 'ਚੋਂ ਜ਼ਿਆਦਾਤਰ ਘੱਟ ਪੜ੍ਹੇ-ਲਿਖੇ ਹਨ, ਪਰ ਉਹ ਪ੍ਰਭਾਵੀ ਗੱਲਬਾਤ, ਗ੍ਰਹਿਆਂ ਦੀ ਚਾਲ ਦੱਸਣ ਤੇ ਭਵਿੱਖਬਾਣੀ ਕਰਨ ਵਿਚ ਬਹੁਤ ਨਿਪੁੰਨ ਮੰਨੇ ਜਾਂਦੇ ਹਨ। ਜਨਮ ਤੇ ਵਿਆਹ ਤੋਂ ਲੈ ਕੇ ਅੰਤਿਮ ਸੰਸਕਾਰ ਤੱਕ ਉਨ੍ਹਾਂ ਦੀ ਹਰ ਗੱਲ ਸੁਣੀ ਤੇ ਮੰਨੀ ਜਾਂਦੀ ਹੈ। ਕਿਸੇ ਸ਼ੁਭ ਮਹੂਰਤ ਲਈ ਪੁੱਛਣ 'ਤੇ ਉਹ ਅਕਸਰ ਆਪਣੀ ਸਹੂਲਤ ਮੁਤਾਬਿਕ ਸਮੇਂ ਤੇ ਤਾਰੀਖ ਦੀ ਅਜਿਹੀ ਗਣਨਾ ਕਰਦੇ ਹਨ ਕਿ ਤੁਹਾਨੂੰ ਭਾਵੇਂ ਕਿੰਨੇ ਵੀ ਰੁਝੇਂਵੇ ਹੋਣ ਗੱਲ ਹਮੇਸ਼ਾ ਉਨ੍ਹਾਂ ਦੀ ਹੀ ਮੰਨੀ ਜਾਂਦੀ ਹੈ। ਜੇਕਰ ਤੁਸੀਂ ਕੋਈ ਆਨਾਕਾਨੀ ਕਰਦੇ ਹੋ ਤਾਂ ਕਿਸੇ ਵੀ ਅਣਹੋਣੀ ਲਈ ਤੁਸੀਂ ਹੀ ਜ਼ਿੰਮੇਵਾਰ ਠਹਿਰਾਏ ਜਾਓਗੇ। ਇਕ ਉਦਾਹਰਨ 'ਤੇ ਵਿਚਾਰ ਕਰੋ, ਨੋਇਡਾ ਕਦੇ ਰੁੱਖਾਂ ਨਾਲ ਭਰਿਆ ਹੋਇਆ ਇਕ ਪਿੰਡ ਹੁੰਦਾ ਸੀ,ਜਿਸ ਦੇ ਸ਼ਹਿਰ ਬਣਨ 'ਤੇ ਵਿਕਾਸ ਹੋਣ ਨਾਲ ਵੱਡੀਆਂ ਸੜਕਾਂ ਵੀ ਬਣੀਆਂ, ਸੈਕਟਰ 28 ਦੇ ਨੇੜੇ ਇਕ ਪਿੱਪਲ ਦਾ ਦਰੱਖਤ ਸੜਕ ਦੇ ਰਸਤੇ ਵਿਚ ਆ ਗਿਆ। ਕਿਸੇ ਚਲਾਕ ਵਿਅਕਤੀ ਨੇ ਇਸ ਦੀਆਂ ਜੜ੍ਹਾਂ ਦੁਆਲੇ ਇਕ ਚਬੂਤਰਾ ਬਣਾ ਕੇ ਇਕ ਮੂਰਤੀ 'ਤੇ ਫੁੱਲਾਂ ਦੀ ਮਾਲਾ ਪਾ ਦਿੱਤੀ। ਅੱਜ ਤੱਕ ਕੋਈ ਵੀ ਅਧਿਕਾਰੀ ਜਾਂ ਨੇਤਾ ਇਸ ਪਿੱਪਲ ਨੂੰ ਹਟਾਉਣ ਦੀ ਹਿੰਮਤ ਨਹੀਂ ਕਰ ਸਕਿਆ, ਭਾਵੇਂ ਕਿ ਕਿੰਨੇ ਹੀ ਗੰਭੀਰ ਹਾਦਸੇ ਹੋ ਗਏ ਹਨ। ਬਹੁਤ ਸਾਰੇ ਸੜਕਾਂ ਦੇ ਕਿਨਾਰੇ ਬਣੇ ਧਾਰਮਿਕ ਸਥਾਨ ਟ੍ਰੈਫਿਕ ਪ੍ਰਬੰਧਨ 'ਚ ਅੜਿੱਕਾ ਬਣਦੇ ਹਨ, ਪਰ ਇਨ੍ਹਾਂ ਨੂੰ ਰਸਤੇ ਤੋਂ ਹਟਾਉਣਾ ਬਹੁਤ ਮੁਸ਼ਕਿਲ ਕੰਮ ਹੈ। ਛਤਰਪੁਰ ਵਿਚ ਸ਼ਨੀਧਾਮ ਦਾ ਮਾਲਕ ਇਕ ਪਾਖੰਡੀ ਬਾਬਾ ਕਾਨੂੰਨ ਦੀ ਉਲੰਘਣਾ ਕਰਦਿਆਂ ਪਤਾ ਨਹੀਂ ਕਿੰਨੇ ਲੋਕਾਂ ਦੀ ਇੱਜ਼ਤ ਤੇ ਦੌਲਤ ਲੁੱਟਣ ਵਿਚ ਕਾਮਯਾਬ ਹੋ ਚੁੱਕਾ ਹੈ, ਕਿਉਂਕਿ ਅਜਿਹੀਆਂ ਘਟਨਾਵਾਂ ਕਿਸੇ ਵੀ ਪੂਜਾ ਸਥਾਨ 'ਤੇ ਆਮ ਮੰਨੀਆਂ ਜਾਂਦੀਆਂ ਹਨ। ਪਿੰਡਾਂ ਵਿਚ ਰਹਿੰਦੇ ਇਕ-ਦੋ ਪੁਜਾਰੀਆਂ ਦਾ ਖ਼ਰਚਾ ਲੋਕਾਂ ਵਲੋਂ ਦਿੱਤੇ ਜਾਂਦੇ ਥੋੜ੍ਹੇ-ਬਹੁਤ ਦਾਨ ਨਾਲ ਚੱਲਦਾ ਹੈ। ਇਹ ਕਿੰਨੀ ਅਜੀਬ ਗੱਲ ਹੈ ਕਿ ਤਿਰੂਪਤੀ ਵਿਚ ਤਾਂ ਰੋਜ਼ਾਨਾ ਕਰੋੜਾਂ ਰੁਪਏ ਪਰ ਪਿੰਡਾਂ 'ਚ ਨਾਮਾਤਰ ਚੜ੍ਹਾਵਾ ਚੜ੍ਹਦਾ ਹੈ।
ਤ੍ਰਾਸਦੀ
ਇਸ ਸਭ ਦੇ ਸਾਹਮਣੇ ਸਿੱਖਿਆ ਤੇ ਸਿਹਤ ਦੀ ਸਥਿਤੀ ਕੀ ਹੈ, ਇੱਥੇ ਆ ਕੇ ਸਾਡੇ ਵਿਕਾਸ ਦਾ ਸੰਤੁਲਨ ਵਿਗੜ ਗਿਆ ਹੈ? ਦੇਸ਼ 'ਚ ਲਗਭਗ 15 ਲੱਖ ਸਕੂਲ ਤੇ 2 ਲੱਖ ਸਿਹਤ ਕੇਂਦਰ ਤੇ 2,000 ਹਸਪਤਾਲ ਵੀ ਹੋਣਗੇ। ਹਰ ਪਿੰਡ ਵਿਚ 5-6 ਧਾਰਮਿਕ ਸਥਾਨ ਹੋਣਗੇ, ਪਰ ਡਾਕਟਰ ਲੱਭਣ ਲਈ 20 ਪਿੰਡ ਘੁੰਮਣਾ ਪੈਂਦਾ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਧਾਰਮਿਕ ਸਥਾਨਾਂ ਦਾ ਹੋਣਾ ਗਲਤ ਹੈ, ਕੋਵਿਡ-19 ਤੇ ਹੜ੍ਹਾਂ ਦੌਰਾਨ ਸਭ ਤੋਂ ਪਹਿਲਾਂ ਲੰਗਰ, ਭੰਡਾਰੇ ਤੇ ਕੰਬਲ ਧਾਰਮਿਕ ਸਥਾਨਾਂ ਤੋਂ ਹੀ ਆਉਂਦੇ ਰਹੇ ਹਨ। ਸੰਕਟ ਦੇ ਸਮੇਂ ਇਹ ਸਮਾਜ ਦੀ ਰੀੜ੍ਹ ਦੀ ਹੱਡੀ ਬਣ ਜਾਂਦੇ ਹਨ। ਪਰ ਅਸਲ ਸਮੱਸਿਆ ਧਾਰਮਿਕ ਚੋਲਿਆਂ ਦੇ ਪਿੱਛੇ ਲੁਕੇ ਬਘਿਆੜਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਨੂੰਨ ਦੇ ਦਾਇਰੇ 'ਚ ਲਿਆਉਣ ਦੀ ਹੈ। ਸੱਚਾਈ ਇਹ ਹੈ ਕਿ ਦੇਸ਼ ਦੇ ਪੇਂਡੂ ਸਿਹਤ ਕੇਂਦਰਾਂ ਵਿਚ 30,000 ਤੋਂ 35,000 ਸਰਕਾਰੀ ਡਾਕਟਰ ਹਨ; ਜੇਕਰ ਕੋਈ ਬਿਮਾਰ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਝਾੜਫੂਕ, ਫਿਰ ਝੋਲਾਛਾਪ ਕੰਪਾਊਡਰ ਤੇ ਅਖੀਰ 'ਚ ਡਾਕਟਰ ਦੀ ਵਾਰੀ ਆਉਂਦੀ ਹੈ। ਸਿੱਖਿਆ ਦੀ ਹਾਲਤ ਅਜਿਹੀ ਹੈ ਕਿ ਸ਼ਹਿਰਾਂ ਵਿਚ ਤਾਂ ਸਮਾਰਟ ਸਕੂਲ ਤੇ ਕਲਾਸਾਂ ਹਨ, ਪਰ ਇਕ ਚੌਥਾਈ ਪੇਂਡੂ ਸਕੂਲਾਂ ਦੀਆਂ ਆਪਣੀਆਂ ਇਮਾਰਤਾਂ ਤੱਕ ਨਹੀਂ ਹਨ। ਸਰਪੰਚਾਂ ਜਾਂ ਪਿੰਡ ਦੇ ਮੁਖੀ ਖਾਲੀ ਘਰਾਂ ਵਿਚ ਸਕੂਲ ਖੁਲ੍ਹਵਾ ਦਿੰਦੇ ਹਨ, ਕਿਉਂਕਿ ਸਰਕਾਰ ਚਾਹੁੰਦੀ ਹੈ ਕਿ ਸਰਵ ਸਿੱਖਿਆ ਅਭਿਆਨ ਸਫਲ ਹੋਵੇ। ਅਜਿਹੇ ਵਿੱਦਿਅਕ ਅਦਾਰੇ ਆਪਣੇ ਦਰਵਾਜ਼ੇ ਤਾਂ ਹੀ ਖੋਲ੍ਹਦੇ ਹਨ, ਜਦੋਂ ਕੋਈ ਨੇਤਾ ਭਾਸ਼ਨ ਦੇਣ ਆਉਂਦਾ ਹੈ ਅਤੇ ਬੱਚੇ ਸਿਰਫ਼ ਉਦੋਂ ਹੀ ਆਉਂਦੇ ਹਨ, ਜਦੋਂ ਦੁਪਹਿਰ ਦਾ ਖਾਣਾ ਵੰਡਿਆ ਜਾਣਾ ਹੁੰਦਾ ਹੈ। ਅਧਿਆਪਕ ਕਦੇ-ਕਦਾਈਂ ਆਉਂਦੇ ਹਨ ਤੇ ਵਿਦਿਆਰਥੀ ਉਪਲੱਬਧ ਨਹੀਂ ਹੁੰਦੇ। ਨਤੀਜਾ, 10ਵੀਂ ਜਮਾਤ ਪਾਸ ਕਰਕੇ ਬੱਚੇ ਨੌਕਰੀ ਲਈ ਸ਼ਹਿਰਾਂ ਨੂੰ ਭੱਜਦੇ ਹਨ। ਸਰਕਾਰੀ ਸਕੂਲਾਂ ਤੇ ਹਸਪਤਾਲਾਂ ਦਾ ਬਜਟ ਤਾਂ ਆਉਂਦਾ ਹੈ, ਪਰ ਦਵਾਈਆਂ ਤੇ ਅਧਿਆਪਕਾਂ ਬਾਰੇ ਕੀ ਕਿਹਾ ਜਾਵੇ ਜੋ ਦੱਸੇ ਹੋਏ ਪਤੇ ਤੇ ਸਥਾਨ ਤੋਂ ਗਾਇਬ ਹੀ ਰਹਿੰਦੇ ਹਨ, ਜਿਸ ਦੇ ਚੱਲਦਿਆਂ ਪ੍ਰਾਈਵੇਟ ਸਕੂਲ, ਟਿਊਸ਼ਨ ਪੜ੍ਹਾਉਣ ਵਾਲੇ ਤੇ ਬਿਨਾਂ ਡਿਗਰੀ ਵਾਲੇ ਡਾਕਟਰ ਵਧਦੇ-ਫੁੱਲਦੇ ਹਨ। ਸਰਕਾਰ ਨੇ ਸਿਹਤ ਕੇਂਦਰ ਤੇ ਸਕੂਲ ਤਾਂ ਬਣਾਏ ਹਨ, ਪਰ ਸਟਾਫ ਜਾਂ ਰੱਖ-ਰਖਾਅ ਵੱਲ ਕੋਈ ਧਿਆਨ ਨਹੀਂ ਦਿੱਤਾ।
ਕੀ ਭੁੱਲੀਏ ਤੇ ਕੀ ਕਹੀਏ?
ਅਸੀਂ ਆਸਥਾ ਨੂੰ ਜ਼ਿੰਦਾ ਰੱਖਿਆ, ਪਰ ਸਵਾਲ ਪੁੱਛਣਾ ਬੰਦ ਕਰ ਦਿੱਤਾ ਹੈ। ਪੂਜਾ ਤੇ ਪ੍ਰਾਰਥਨਾ ਲਈ ਜਗ੍ਹਾ ਸਭ ਤੋਂ ਵੱਧ ਹੈ, ਪਰ ਸਿੱਖਿਆ ਤੇ ਇਲਾਜ ਲਈ ਸਭ ਤੋਂ ਘੱਟ ਹੈ। ਅਸੀਂ ਭੁੱਲ ਗਏ ਕਿ ਧਾਰਮਿਕ ਸਥਾਨ ਸਾਨੂੰ ਸਵਰਗ ਦਾ ਰਸਤਾ ਦਿਖਾਉਂਦੇ ਹਨ; ਪਰ ਸਕੂਲ ਸਾਨੂੰ ਦੁਨੀਆ 'ਚ ਰਹਿਣ ਤੇ ਹਸਪਤਾਲ ਸਾਨੂੰ ਸਿਹਤਮੰਦ ਰਹਿਣ ਦਾ ਤਰੀਕਾ ਸਿਖਾਉਂਦੇ ਹਨ। ਸਰਕਾਰਾਂ ਦੀ ਹਾਲਤ ਅਜਿਹੀ ਹੈ ਕਿ ਕੋਈ ਗਰੀਬੀ ਹਟਾਉਣ ਦੇ ਨਾਂਅ 'ਤੇ ਬਣਦੀ ਹੈ, ਦੂਜੀ ਆਓ ਸਕੂਲ ਚੱਲੀਏ ਦੇ ਨਾਅਰੇ ਨਾਲ ਸੱਤਾ ਵਿਚ ਆਉਂਦੀ ਹੈ ਅਤੇ ਤੀਜੀ ਮੰਦਰ ਬਣਾਉਣ ਦਾ ਭਰੋਸਾ ਦੇ ਕੇ ਸੱਤਾ 'ਤੇ ਕਾਬਜ਼ ਹੋ ਜਾਂਦੀ ਹੈ। ਨਿਕੰਮੇਪਣ ਤੇ ਆਲਸਪੁਣੇ ਦੀ ਹੱਦ 5 ਸਾਲਾਂ ਬਾਅਦ ਉਨ੍ਹਾਂ ਤੋਂ ਹਿਸਾਬ ਮੰਗਣ 'ਤੇ ਉਸ ਸਮੇਂ ਹੋ ਜਾਂਦੀ ਹੈ, ਜਦੋਂ ਆਵਾਜ਼ ਨੂੰ ਚੁੱਪ ਕਰਾਉਣ ਲਈ ਮੁਫ਼ਤ ਦੀਆਂ ਸਹੂਲਤਾਂ (ਰਿਉੜੀਆਂ) ਦੇ ਕੇ ਮੂੰਹ ਬੰਦ ਕਰਵਾ ਦਿੱਤੇ ਜਾਂਦੇ ਹਨ। ਉਨ੍ਹਾਂ ਨੂੰ ਕੌਣ ਸਮਝਾ ਸਕਦਾ ਹੈ? ਜੋ ਜਾਗਦੇ ਹੋਏ ਸੁੱਤੇ ਹੋਣ ਦਾ ਨਾਟਕ ਕਰਦੇ ਹਨ, ਉਹ ਹਨੇਰੇ ਨੂੰ ਰੌਸ਼ਨੀ ਵਿਚ ਬਦਲਣ ਲਈ ਲੋਕਾਂ ਨੂੰ ਮੁਫ਼ਤ ਦੀਆਂ ਸਹੂਲਤਾਂ ਦੀ ਰਿਸ਼ਵਤ ਦੇ ਕੇ ਅਜਿਹੀ ਖੇਡ ਕਰਦੇ ਹਨ ਕਿ ਦੁਨੀਆ ਵਿਚ ਕੋਈ ਵੀ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਪਿੱਠ ਵਿਚ ਛੁਰਾ ਮਾਰਨ ਵਾਲਿਆਂ ਤੋਂ ਸਬਕ ਸਿੱਖਣ ਦੀ ਲੋੜ ਹੈ। ਇਨ੍ਹਾਂ ਲਈ ਅੰਨਾ ਹਜ਼ਾਰੇ, ਸੋਨਮ ਵਾਂਗਚੁਕ ਦੀ ਭੁੱਖ ਹੜਤਾਲ ਜਾਂ ਕੁਰਬਾਨੀ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਹੁਣ ਤਾਂ ਕਾਂ ਤੇ ਗਿਰਝਾਂ ਤਾਕ ਲਗਾਈ ਬੈਠੇ ਹਨ ਕਿ ਉਨ੍ਹਾਂ ਨੇ ਕਦੋਂ ਆਪਣੇ ਮਨਪਸੰਦ ਦੇ ਭੋਜਨ ਲਈ ਹੇਠਾਂ ਉਤਰਨਾ ਹੈ। ਇਸ ਲਈ ਹੁਣ ਤੁਹਾਨੂੰ ਖ਼ੁਦ ਆਪਣੇ-ਆਪ ਨੂੰ ਸਾਬਤ ਕਰਨਾ ਪਵੇਗਾ।

ਈ-ਮੇਲ : pooranchandsarin@gmail.com

ਪਿਛਲੀ ਖ਼ਬਰ ਅਧੂਰੇ ਕੇਂਦਰੀ ਪੇਅ ਸਕੇਲ ਦੇ ਨੋਟੀਫ਼ਿਕੇਸ਼ਨ ਦੀ ਕਾਪੀਆਂ ਸਾੜ ਕੇ ਮੁਲਾਜ਼ਮਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ ਅਗਲੀ ਖ਼ਬਰ ਪ੍ਰਧਾਨ ਮੰਤਰੀ ਦੀ ਸਫਲ ਫੇਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।