ਪਾਕਿਸਤਾਨ ਦੀ ਸਰਕਾਰ ਹੇਠੋਂ ਜ਼ਮੀਨ ਖਿਸਕਦੀ ਜਾ ਰਹੀ ਹੈ। ਇਸ ਦੇ ਸਭ ਤੋਂ ਵੱਡੇ ਅਤੇ ਅਹਿਮ ਸੂਬੇ ਬਲੋਚਿਸਤਾਨ ਵਿਚ ਵਰ੍ਹਿਆਂ ਤੋਂ ਫੈਲੀ ਬਗ਼ਾਵਤ ਸਾਹਮਣੇ ਹਕੂਮਤ ਬੇਵੱਸ ਨਜ਼ਰ ਆ ਰਹੀ ਹੈ। ਇਸ ਕੁਦਰਤੀ ਖਜ਼ਾਨਿਆਂ ਨਾਲ ਭਰਪੂਰ ਪ੍ਰਾਂਤ ਵਿਚ ਚੀਨ ਨੇ ਅਰਬਾਂ-ਖ਼ਰਬਾਂ ਰੁਪਏ ਖ਼ਰਚ ਕੇ ਜੋ ਯੋਜਨਾਵਾਂ ਬਣਾਈਆਂ ਸਨ, ਉਹ ਅੱਧ-ਵਿਚਾਲੇ ਹੀ ਲਟਕਣ ਲੱਗ ਪਈਆਂ ਹਨ। ਨਾਸਾਜ਼ ਹਾਲਾਤ ਵੇਖ ਕੇ ਹੁਣ ਚੀਨ ਨੇ ਵੀ ਉਸਾਰੇ ਜਾ ਰਹੇ ਇਨ੍ਹਾਂ ਪ੍ਰਾਜੈਕਟਾਂ ਤੋਂ ਆਪਣੇ ਹੱਥ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਹਨ। ਹਾਲਾਤ ਇਹ ਹਨ ਕਿ ਇੱਥੇ ਹੋਰ ਸੂਬਿਆਂ ਤੋਂ ਲੋਕ ਆਉਣੋਂ ਡਰਨ ਲੱਗੇ ਹਨ। ਬਲੋਚਾਂ ਵਲੋਂ ਖ਼ਾਸ ਤੌਰ 'ਤੇ ਪੰਜਾਬੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਬੱਸਾਂ ਤੇ ਰੇਲ ਗੱਡੀਆਂ 'ਚੋਂ ਬਾਹਰ ਕੱਢ ਕੇ ਉਨ੍ਹਾਂ ਨੂੰ ਚੁਣ-ਚੁਣ ਕੇ ਗੋਲੀਆਂ ਨਾਲ ਭੁੰਨਿਆ ਜਾ ਰਿਹਾ ਹੈ। ਇਹ ਪ੍ਰਾਂਤ ਦੇਰ ਜਾਂ ਸਵੇਰ ਪਾਕਿਸਤਾਨ ਦੇ ਹੱਥੋਂ ਖਿਸਕਦਾ ਨਜ਼ਰ ਆ ਰਿਹਾ ਹੈ।
ਇਸੇ ਹੀ ਤਰ੍ਹਾਂ ਅਫ਼ਗਾਨਿਸਤਾਨ ਨਾਲ ਲਗਦੇ ਦੂਜੇ ਵੱਡੇ ਪ੍ਰਾਂਤ ਖ਼ੈਬਰ ਪਖ਼ਤੂਨਖਵਾ ਵਿਚ ਨਿਤ ਦਿਨ ਗੋਲੀਆਂ ਅਤੇ ਬੰਬਾਂ ਦੇ ਚੱਲਣ ਦਾ ਸਿਲਸਿਲਾ ਜਾਰੀ ਹੈ। ਇਕ ਪਾਸੇ ਹਕੂਮਤ ਅਫ਼ਗਾਨ ਸ਼ਰਨਾਰਥੀਆਂ ਨੂੰ ਲੱਖਾਂ ਦੀ ਗਿਣਤੀ ਵਿਚ ਸਰਹੱਦ ਪਾਰ ਧੱਕ ਰਹੀ ਹੈ, ਦੂਸਰੇ ਪਾਸੇ ਖਾੜਕੂ ਗਰੁੱਪ ਪਾਕਿਸਤਾਨੀ ਤਾਲਿਬਾਨ ਨੇ ਹਕੂਮਤ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ। ਇਸੇ ਮਸਲੇ ਨੂੰ ਲੈ ਕੇ ਇਸ ਦਾ ਗੁਆਂਢੀ ਦੇਸ਼ ਅਫ਼ਗਾਨਿਸਤਾਨ ਨਾਲ ਯੁੱਧ ਛਿੜਿਆ ਹੋਇਆ ਹੈ। ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਕੋਲ ਪਾਕਿ ਹਕੂਮਤ ਲਗਾਤਾਰ ਇਹ ਗਿਲਾ ਕਰ ਰਹੀ ਹੈ ਕਿ ਉਹ ਪਾਕਿਸਤਾਨੀ ਤਾਲਿਬਾਨ ਨੂੰ ਸ਼ਰਨ ਅਤੇ ਹਥਿਆਰ ਦੇ ਕੇ ਉਸ ਵਿਰੁੱਧ ਹਿੰਸਕ ਕਾਰਵਾਈਆਂ ਕਰਨ ਦੀ ਖੁੱਲ੍ਹ ਦੇ ਰਹੀ ਹੈ। ਪਾਕਿਸਤਾਨ ਆਪਣੀ ਹੋਂਦ ਤੋਂ ਲੈ ਕੇ ਹੁਣ ਤੱਕ ਕਸ਼ਮੀਰ ਦਾ ਰਾਗ ਅਲਾਪਦਾ ਆ ਰਿਹਾ ਹੈ। ਉਸ ਨੇ ਕਸ਼ਮੀਰ ਦੇ ਵੱਡੇ ਹਿੱਸੇ 'ਤੇ ਆਪਣਾ ਕਬਜ਼ਾ ਕੀਤਾ ਹੋਇਆ ਹੈ। ਮਕਬੂਜ਼ਾ ਕਸ਼ਮੀਰ ਦੀ ਪੂਰਬੀ ਸਰਹੱਦ 'ਤੇ ਪਾਕਸਿਤਾਨ ਦੀ ਫ਼ੌਜ ਅਤੇ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਨੇ ਕਈ ਅੱਤਵਾਦੀ ਕੈਂਪ ਅਤੇ ਲਾਂਚ ਪੈਡ ਬਣਾਏ ਹੋਏ ਹਨ, ਜਿੱਥੋਂ ਉਹ ਲਗਾਤਾਰ ਭਾਰਤ ਵਿਰੁੱਧ ਆਪਣੀਆਂ ਹਿੰਸਕ ਕਾਰਵਾਈਆਂ ਨੂੰ ਅੰਜ਼ਾਮ ਦਿੰਦਾ ਰਹਿੰਦਾ ਹੈ। ਇਮਰਾਨ ਖਾਨ ਦੀ ਪਾਰਟੀ ਪੀ.ਟੀ.ਆਈ. ਨੇ ਇਕ ਅਹਿਮ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਫ਼ੌਜ ਦੇ ਜ਼ੁਲਮਾਂ ਕਾਰਨ ਹੁਣ ਉਹ ਦਿਨ ਦੂਰ ਨਹੀਂ ਹੈ, ਜਦੋਂ ਮਕਬੂਜ਼ਾ ਕਸ਼ਮੀਰ ਪਾਕਿਸਤਾਨ ਦੇ ਹੱਥੋਂ ਨਿਕਲ ਜਾਏਗਾ। ਮਕਬੂਜ਼ਾ ਕਸ਼ਮੀਰ ਨੂੰ ਹੁਣ ਇਕ ਤਰ੍ਹਾਂ ਨਾਲ ਫ਼ੌਜ ਦੀ ਛਾਉਣੀ ਵਿਚ ਬਦਲ ਦਿੱਤਾ ਗਿਆ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਮੁਹੰਮਦ ਆਸਿਫ਼ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਨੂੰ ਉਹ ਭਾਰਤ ਵਾਂਗ ਹੀ ਪਾਕਿਸਤਾਨ ਦਾ ਦੁਸ਼ਮਣ ਮੰਨਦੇ ਹਨ। ਇਹ ਲੋਕ ਪਿਛਲੇ ਲੰਮੇ ਸਮੇਂ ਤੋਂ ਉੱਥੇ ਕਰਵਾਈਆਂ ਜਾ ਰਹੀਆਂ ਚੋਣਾਂ ਦਾ ਵਿਰੋਧ ਕਰ ਰਹੇ ਹਨ। ਇਨ੍ਹਾਂ ਵਲੋਂ ਲਗਾਤਾਰ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮਸਲਿਆਂ ਨੂੰ ਲੈ ਕੇ ਵੱਡੇ ਮੁਜ਼ਾਹਰੇ ਵੀ ਕੀਤੇ ਜਾ ਰਹੇ ਹਨ। ਇਹ ਕੇਂਦਰੀ ਹਕੂਮਤ ਵਲੋਂ ਇੱਥੇ ਕਰਵਾਈਆਂ ਜਾ ਰਹੀਆਂ ਚੋਣਾਂ ਨੂੰ ਸਰਕਾਰ ਦਾ ਇਕ ਢਕਵੰਜ ਹੀ ਮੰਨਦੇ ਹਨ ਅਤੇ ਕਿਸੇ ਵੀ ਸੂਰਤ ਵਿਚ ਇਹ ਇਨ੍ਹਾਂ ਚੋਣਾਂ ਨੂੰ ਸਿਰੇ ਨਹੀਂ ਲੱਗਣ ਦੇਣਾ ਚਾਹੁੰਦੇ। ਹੁਣ ਤੱਕ ਫੈਲੀ ਗੜਬੜ ਵਿਚ ਸੈਂਕੜੇ ਹੀ ਲੋਕ ਮਾਰੇ ਜਾ ਚੁੱਕੇ ਹਨ।
ਪਿਛਲੇ ਦਿਨੀਂ ਬਗ਼ਾਵਤ ਦਾ ਗੜ੍ਹ ਮੰਨੇ ਜਾਂਦੇ ਰਾਵਲਕੋਟ ਤੋਂ ਸਾਂਝੀ ਅਵਾਮੀ ਐਕਸ਼ਨ ਕਮੇਟੀ ਦੀ ਅਗਵਾਈ ਵਿਚ ਲੱਖਾਂ ਦੀ ਭੀੜ ਮਾਰਚ ਦੇ ਰੂਪ ਵਿਚ ਰਾਜਧਾਨੀ ਮੁਜ਼ੱਫਰਾਬਾਦ ਵੱਲ ਜਾ ਰਹੀ ਸੀ, ਜਿਸ 'ਤੇ ਫ਼ੌਜ ਨੇ ਗੋਲੀਆਂ ਚਲਾ ਕੇ ਘੱਟੋ-ਘੱਟ 30 ਪ੍ਰਦਰਸ਼ਨਕਾਰੀਆਂ ਨੂੰ ਮਾਰ ਦਿੱਤਾ ਅਤੇ ਸੈਂਕੜੇ ਹੀ ਜ਼ਖ਼ਮੀ ਹੋ ਗਏ। ਇਸ ਨਾਲ ਇਕ ਵਾਰ ਤਾਂ ਪਾਕਿਸਤਾਨ ਪੂਰੀ ਤਰ੍ਹਾਂ ਹਿੱਲ ਗਿਆ ਹੈ। ਭਾਰਤ ਵਲੋਂ ਵੀ ਇਸ ਬਾਰੇ ਸਖ਼ਤ ਪ੍ਰਤੀਕਰਮ ਪ੍ਰਗਟ ਕੀਤਾ ਗਿਆ ਹੈ। ਜੰਮੂ ਅਤੇ ਕਸ਼ਮੀਰ ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫਾਰੁਖ਼ ਅਬਦੁੱਲਾ ਨੇ ਕੇਂਦਰ ਸਰਕਾਰ ਨੂੰ ਇਹ ਕਿਹਾ ਹੈ ਕਿ ਉਹ ਇਸ 'ਤੇ ਚੁੱਪ ਨਾ ਬੈਠੇ ਅਤੇ ਕੌਮਾਂਤਰੀ ਸੰਸਥਾਵਾਂ ਕੋਲ ਫ਼ੌਜ ਦੀਆਂ ਜ਼ਿਆਦਤੀਆਂ ਸੰਬੰਧੀ ਆਵਾਜ਼ ਉਠਾਏ। ਪਰ ਹੁਣ ਇਸ ਤਰ੍ਹਾਂ ਲੱਗਣ ਲੱਗਾ ਹੈ ਕਿ ਫ਼ੌਜ ਦਾ ਤਸ਼ੱਦਦ ਵੀ ਫੈਲ ਰਹੀ ਇਸ ਬਗ਼ਾਵਤ ਨੂੰ ਰੋਕ ਸਕਣ ਤੋਂ ਅਸਮਰੱਥ ਹੁੰਦਾ ਜਾ ਰਿਹਾ ਹੈ। ਦੇਸ਼ ਭਰ ਵਿਚ ਬਣੇ ਅਜਿਹੇ ਹਾਲਾਤ ਪਾਕਿਸਤਾਨ ਲਈ ਖ਼ਤਰੇ ਦੀ ਘੰਟੀ ਹਨ। ਲਗਾਤਾਰ ਵਿਗੜਦੇ ਹਾਲਾਤ ਕਾਰਨ ਹੀ ਅੱਜ ਪਾਕਿਸਤਾਨ ਦਾ ਵਜੂਦ ਖ਼ਤਰੇ ਵਿਚ ਪੈ ਚੁੱਕਾ ਹੈ। ਅਜਿਹੇ ਘਟਨਾ-ਚੱਕਰ ਨਾਲ ਲਗਾਤਾਰ ਉਸ ਦਾ ਇਹ ਵਜੂਦ ਖ਼ੁਰਦਾ ਵੀ ਨਜ਼ਰ ਆ ਰਿਹਾ ਹੈ।
-ਬਰਜਿੰਦਰ ਸਿੰਘ ਹਮਦਰਦ