ਇਸ ਸਮੇਂ ਬੇਹੱਦ ਤਪੀ ਹੋਈ ਦੁਨੀਆ ਵਿਚ ਇਕ ਵੱਡੀ ਚਿੰਤਾ ਦਾ ਕਾਰਨ ਹੈ ਵੱਖ-ਵੱਖ ਥਾਵਾਂ 'ਤੇ ਛਿੜੀਆਂ ਹੋਈਆਂ ਲੜਾਈਆਂ | ਇਨ੍ਹਾਂ ਦਾ ਸਿਰਫ਼ ਲੜਾਈਆਂ ਵਾਲੇ ਖੇਤਰਾਂ ਵਿਚ ਹੀ ਅਸਰ ਨਹੀਂ ਪੈਂਦਾ, ਸਗੋਂ ਕਿਸੇ ਨਾ ਕਿਸੇ ਰੂਪ ਵਿਚ ਇਨ੍ਹਾਂ ਦਾ ਨਾਂਹ-ਪੱਖੀ ਅਸਰ ਸੰਸਾਰ ਦੇ ਬਹੁਤੇ ਖੇਤਰਾਂ ਨੂੰ ਪ੍ਰਭਾਵਿਤ ਕਰਦਾ ਹੈ | ਜਿਵੇਂ-ਜਿਵੇਂ ਇਹ ਯੁੱਧ ਲੰਮੇ ਹੁੰਦੇ ਜਾਂਦੇ ਹਨ, ਉਵੇਂ-ਉਵੇਂ ਹੀ ਵਧੇਰੇ ਤਬਾਹੀ ਦੇ ਮੰਜ਼ਰ ਸਾਹਮਣੇ ਆਉਂਦੇ ਜਾਂਦੇ ਹਨ ਅਤੇ ਇਸ ਨਾਲ ਲਗਾਤਾਰ ਇਹ ਖ਼ਤਰਾ ਵੀ ਬਣਿਆ ਰਹਿੰਦਾ ਹੈ ਕਿ ਇਹ ਖੇਤਰੀ ਯੁੱਧ ਕਿਤੇ ਵੱਡੇ ਦੁਨਿਆਵੀ ਯੁੱਧ ਨਾ ਬਣ ਜਾਣ | 20ਵੀਂ ਸਦੀ ਵਿਚ ਦੋ ਸੰਸਾਰ ਯੁੱਧ ਹੋਏ ਸਨ, ਜਿਨ੍ਹਾਂ ਵਿਚ ਕਰੋੜਾਂ ਹੀ ਲੋਕ ਮਾਰੇ ਗਏ ਸਨ | ਧਰਤੀ ਦਾ ਵੱਡਾ ਹਿੱਸਾ ਤਬਾਹ ਹੋ ਗਿਆ ਸੀ ਅਤੇ ਦਹਾਕਿਆਂ ਤੱਕ ਇਨ੍ਹਾਂ ਦਾ ਅਸਰ ਬਰਕਰਾਰ ਰਿਹਾ ਸੀ | ਹੌਲ਼ੀ-ਹੌਲ਼ੀ ਦੇਸ਼ ਇਨ੍ਹਾਂ ਦੇ ਅਸਰਾਂ ਤੋਂ ਉੱਭਰੇ ਸਨ, ਪਰ ਲਗਦਾ ਹੈ ਕਿ ਇਨ੍ਹਾਂ ਤਬਾਹਕੁੰਨ ਲੜਾਈਆਂ ਤੋਂ ਸਰਕਾਰਾਂ ਨੇ ਕੋਈ ਸਬਕ ਨਹੀਂ ਸਿੱਖੇ, ਪਰ ਇਸ ਦੇ ਨਾਲ ਇਹ ਵੀ ਸੋਚਣ ਵਾਲੀ ਗੱਲ ਹੋਵੇਗੀ ਕਿ ਅੱਜ ਜਿਸ ਤਰ੍ਹਾਂ ਦੇ ਵੱਡੀ ਪੱਧਰ 'ਤੇ ਖ਼ਤਰਨਾਕ ਹਥਿਆਰਾਂ ਅਤੇ ਖ਼ਤਰਨਾਕ ਤਬਾਹਕੁੰਨ ਬੰਬਾਂ ਦੀ ਈਜਾਦ ਹੋ ਚੁੱਕੀ ਹੈ, ਉਨ੍ਹਾਂ ਨਾਲ ਸਾਰੀ ਧਰਤੀ ਹੀ ਸੜ ਕੇ ਸੁਆਹ ਹੋ ਸਕਦੀ ਹੈ | ਦੋ ਸੰਸਾਰ ਯੁੱਧਾਂ ਤੋਂ ਬਾਅਦ ਬਹੁਤ ਸਾਰੇ ਅਜਿਹੇ ਸੰਗਠਨ ਵੀ ਹੋਂਦ ਵਿਚ ਆਏ, ਜੋ ਵੱਡੀ ਪੱਧਰ 'ਤੇ ਸ਼ਾਂਤੀ ਦੇ ਵਾਹਕ ਬਣੇ | ਅੱਜ ਦੇ ਸਮੇਂ ਵਿਚ ਬਹੁਤ ਸਾਰੇ ਦੇਸ਼ ਇਕ-ਦੂਜੇ ਦੇ ਨੇੜੇ ਆ ਚੁੱਕੇ ਹਨ | ਨਵੀਂ ਤਕਨਾਲੋਜੀ ਨੇ ਇਕ ਤਰ੍ਹਾਂ ਨਾਲ ਇਨ੍ਹਾਂ ਨੂੰ ਇਕਜੁੱਟ ਕਰ ਦਿੱਤਾ ਹੈ | ਬਹੁਤ ਸਾਰੇ ਸੰਗਠਨ ਇਕ ਸਾਂਝ ਦੇ ਅਹਿਸਾਸ ਨਾਲ ਤਿਜਾਰਤ ਵੀ ਕਰ ਰਹੇ ਹਨ |
ਕੌਮਾਂਤਰੀ ਸੰਸਥਾਵਾਂ ਵਿਚ ਦੂਜੇ ਵੱਡੇ ਸੰਸਾਰ ਯੁੱਧ ਤੋਂ ਬਾਅਦ ਸੰਯੁਕਤ ਰਾਸ਼ਟਰ ਹੋਂਦ ਵਿਚ ਆਇਆ ਸੀ, ਜਿਸ ਦਾ ਮਿਸ਼ਨ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਇਕ ਲੜੀ ਵਿਚ ਪਿਰੋਣਾ ਅਤੇ ਸ਼ਾਂਤੀ ਸਥਾਪਿਤ ਕਰਨਾ ਸੀ | ਇਸ ਮਕਸਦ ਲਈ ਦੇਸ਼ਾਂ ਦੇ ਆਪਸੀ ਝਗੜਿਆਂ ਨੂੰ ਆਪਣੇ ਮੰਚ ਰਾਹੀਂ ਸੁਲਝਾਉਣਾ ਵੀ ਇਸ ਦੀਆਂ ਮੁੱਖ ਤਰਜੀਹਾਂ ਵਿਚ ਸ਼ਾਮਿਲ ਸੀ | ਪਰ 80 ਸਾਲ ਤੋਂ ਵੀ ਵਧੇਰੇ ਸਮੇਂ ਤੋਂ ਹੋਂਦ ਵਿਚ ਆਇਆ ਇਹ ਸੰਗਠਨ ਯੁੱਧਾਂ ਨੂੰ ਨਹੀਂ ਰੋਕ ਸਕਿਆ | ਚਾਹੇ ਇਸ ਦਾ ਉਸਾਰੂ ਸੰਦੇਸ਼ ਸ਼ਾਂਤੀ ਕਾਇਮ ਕਰਨਾ ਹੀ ਰਿਹਾ ਹੈ, ਪਰ ਅਮਲੀ ਰੂਪ ਵਿਚ ਇਹ ਸੰਗਠਨ ਵੱਖ-ਵੱਖ ਵਿਚਾਰਾਂ ਦੇ ਪ੍ਰਗਟਾਵੇ ਲਈ ਇਕ ਸਟੇਜ ਬਣ ਕੇ ਹੀ ਰਹਿ ਗਿਆ ਹੈ | ਇਸ ਨੂੰ ਪ੍ਰਭਾਵਸ਼ਾਲੀ ਅਤੇ ਸਮੇਂ ਦੇ ਹਾਣ ਦਾ ਬਣਾਉਣ ਲਈ ਮੈਂਬਰ ਦੇਸ਼ਾਂ ਵਲੋਂ ਲਗਾਤਾਰ ਆਵਾਜ਼ਾਂ ਜ਼ਰੂਰ ਉੱਠਦੀਆਂ ਰਹੀਆਂ ਹਨ, ਪਰ ਇਸ ਦੇ ਪਹਿਲੇ ਬਣਾਏ ਢਾਂਚੇ ਵਿਚ ਵੱਡੀਆਂ ਤਬਦੀਲੀਆਂ ਸੰਭਵ ਨਹੀਂ ਹੋ ਸਕੀਆਂ | ਇੱਥੋਂ ਤੱਕ ਕਿ ਇਸ ਸੰਗਠਨ ਦੇ ਹੋਂਦ ਵਿਚ ਆਉਣ ਸਮੇਂ ਅਫ਼ਰੀਕਾ ਦੇ ਬਹੁਤੇ ਦੇਸ਼ ਅਤੇ ਏਸ਼ੀਆ ਦੇ ਕਈ ਦੇਸ਼ ਬਸਤੀਵਾਦ ਦੀ ਜ਼ਲਾਲਤ ਸਹਿ ਰਹੇ ਸਨ | ਆਜ਼ਾਦ ਹੋਣ ਤੋਂ ਬਾਅਦ ਉਹ ਸੰਯੁਕਤ ਰਾਸ਼ਟਰ ਦੇ ਮੈਂਬਰ ਜ਼ਰੂਰ ਬਣ ਗਏ, ਪਰ ਇਸ ਦਾ ਢਾਂਚਾ ਪੁਰਾਣਾ ਹੀ ਰਿਹਾ | ਇਸ ਦਾ ਪੁਨਰਗਠਨ ਕਰਨ ਤੋਂ ਪ੍ਰਭਾਵਸ਼ਾਲੀ ਦੇਸ਼ਾਂ ਨੇ ਅਕਸਰ ਵੱਡੀ ਹਿਚਕਿਚਾਹਟ ਹੀ ਦਿਖਾਈ ਹੈ |
ਸੰਯੁਕਤ ਰਾਸ਼ਟਰ ਦੇ ਮੁਖੀ ਐਨਟੋਨੀਓ ਗੁਟਰੇਸ ਜਿਨ੍ਹਾਂ ਦਾ ਦੂਸਰਾ 5 ਸਾਲਾ ਕਾਰਜਕਾਲ ਦਸੰਬਰ 2026 ਵਿਚ ਖ਼ਤਮ ਹੋ ਰਿਹਾ ਹੈ, ਨੇ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਦੇ 81ਵੇਂ ਸੈਸ਼ਨ ਵਿਚ ਆਪਣਾ ਆਖ਼ਰੀ ਸੰਦੇਸ਼ ਦਿੱਤਾ | ਉਨ੍ਹਾਂ ਨੇ ਕਿਹਾ ਕਿ ਇਸ ਸੰਗਠਨ ਦੀ ਸੁਰੱਖਿਆ ਕੌਂਸਲ ਦਾ ਗਠਨ ਦੂਸਰੇ ਸੰਸਾਰ ਯੁੱਧ ਤੋਂ ਬਾਅਦ ਕੀਤਾ ਗਿਆ ਸੀ | ਉਸ ਸਮੇਂ ਤੋਂ ਹੁਣ ਤੱਕ ਦੁਨੀਆ ਵੱਡੀ ਹੱਦ ਤੱਕ ਬਦਲ ਚੁੱਕੀ ਹੈ, ਜਿਸ ਦਾ ਅਕਸ ਹਰ ਹੀਲੇ ਸੁਰੱਖਿਆ ਕੌਂਸਲ ਵਿਚ ਨਜ਼ਰ ਆਉਣਾ ਚਾਹੀਦਾ ਹੈ | ਹੁਣ ਨਵੇਂ ਸਮੇਂ ਵਿਚ ਮਸਨੂਈ ਬੁੱਧੀ ਦੀ ਸਹੀ ਵਰਤੋਂ ਕਰਨੀ, ਲੱਗੀਆਂ ਲੜਾਈਆਂ ਨੂੰ ਖ਼ਤਮ ਕਰਨਾ ਅਤੇ ਵਾਤਾਵਰਨ ਦੇ ਖੇਤਰ ਵਿਚ ਪੈਦਾ ਹੋਈਆਂ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇਸ ਸੰਸਥਾ ਨੂੰ ਨਵਾਂ ਰੂਪ ਦੇਣਾ ਬੇਹੱਦ ਜ਼ਰੂਰੀ ਹੋਵੇਗਾ | ਪਿਛਲੇ ਦਿਨੀਂ ਜਨੇਵਾ ਵਿਚ 4 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਇਕ ਅਹਿਮ ਮੀਟਿੰਗ ਹੋਈ ਸੀ, ਜਿਸ ਵਿਚ ਭਾਰਤ, ਬ੍ਰਾਜ਼ੀਲ, ਜਰਮਨੀ ਅਤੇ ਜਪਾਨ ਸ਼ਾਮਿਲ ਸਨ | ਵਿਦੇਸ਼ ਮੰਤਰੀਆਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਫੌਰੀ ਤੌਰ 'ਤੇ ਸੁਧਾਰ ਕਰਨ 'ਤੇ ਜ਼ੋਰ ਦਿੱਤਾ ਸੀ ਅਤੇ ਇਹ ਵੀ ਕਿਹਾ ਸੀ ਕਿ ਇਹ ਪ੍ਰੀਸ਼ਦ ਮੌਜੂਦਾ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ਦੀ ਆਪਣੀ ਜ਼ਿੰਮੇਵਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਵਿਚ ਅਸਮਰੱਥ ਰਹੀ ਹੈ |
ਅੱਜ ਦੇ ਚੁਣੌਤੀਆਂ ਭਰੇ ਸਿਆਸੀ ਮਾਹੌਲ ਵਿਚ ਇਸ ਕੌਮਾਂਤਰੀ ਸੰਗਠਨ ਵਿਚ ਵਧੇਰੇ ਸੁਧਾਰਾਂ ਦੀ ਜ਼ਰੂਰਤ ਜਾਪਦੀ ਹੈ | ਇਸ ਵਿਚ ਅਫ਼ਰੀਕਾ, ਏਸ਼ੀਆ ਲਾਤੀਨੀ ਅਮਰੀਕਾ ਅਤੇ ਕੈਰੇਬੀਅਨ ਵਰਗੇ ਘੱਟ ਪ੍ਰਤੀਨਿਧਤਾ ਵਾਲੇ ਖੇਤਰਾਂ ਦੀ ਵਧੇਰੇ ਭਾਗੀਦਾਰੀ ਹੋਣੀ ਚਾਹੀਦੀ ਹੈ | ਅੱਜ ਇਸ ਸੰਗਠਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੌਮਾਂਤਰੀ ਮੰਚ 'ਤੇ ਆਪਣੀ ਭੂਮਿਕਾ ਨਿਭਾਉਣ ਲਈ ਵੱਡੇ ਸੁਧਾਰਾਂ ਦੀ ਜ਼ਰੂਰਤ ਹੈ, ਜਿਸ ਲਈ ਪ੍ਰਭਾਵਸ਼ਾਲੀ ਦੇਸ਼ਾਂ ਨੂੰ ਵੀ ਆਪਣਾ ਰਵੱਈਆ ਬਦਲਣਾ ਹੋਵੇਗਾ, ਤਾਂ ਜੋ ਕੌਮਾਂਤਰੀ ਮੰਚ 'ਤੇ ਦੇਸ਼ਾਂ ਦੇ ਝਗੜਿਆਂ ਨੂੰ ਪਾਰਦਰਸ਼ੀ ਅਤੇ ਮਜ਼ਬੂਤ ਢੰਗ ਨਾਲ ਹੱਲ ਕੀਤਾ ਜਾ ਸਕੇ |
-ਬਰਜਿੰਦਰ ਸਿੰਘ ਹਮਦਰਦ