01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

'ਨਸ਼ਾ ਮੁਕਤ ਪੰਜਾਬ'

'ਨਸ਼ਾ ਮੁਕਤ ਪੰਜਾਬ'

ਅਜੀਤ ਡੈਸਕ 01-10-2026

ਪਿਛਲੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਵੱਡੀ ਸਰਗਰਮੀ ਦਿਖਾ ਰਹੀ ਹੈ, ਉਹ ਆਪਣੇ-ਆਪ ਨੂੰ  ਆਉਂਦੇ ਸਾਲ ਦੇ ਸ਼ੁਰੂ ਵਿਚ ਸੂਬੇ ਦੀਆਂ ਹੋਣ ਵਾਲੀਆਂ ਚੋਣਾਂ ਲਈ ਤਿਆਰ ਕਰਨ ਵਿਚ ਲੱਗੀ ਹੋਈ ਹੈ | ਉਸ ਨੇ ਇਹ ਸਰਗਰਮੀ ਪੂਰੇ ਯੋਜਨਾਬੱਧ ਢੰਗ ਨਾਲ ਸ਼ੁਰੂ ਕੀਤੀ ਹੋਈ ਹੈ, ਜਿਸ ਵਿਚ ਉਹ ਸੂਬੇ ਦੇ ਵੱਡੇ ਸ਼ਹਿਰਾਂ ਤੋਂ ਇਲਾਵਾ ਕਸਬਿਆਂ ਅਤੇ ਪਿੰਡਾਂ ਤੱਕ ਵੀ ਆਪਣੀ ਪਹੁੰਚ ਬਣਾਉਣ ਦੇ ਯਤਨ ਵਿਚ ਹੈ | ਹੁਣ ਤੱਕ ਉਸ ਨੇ ਆਪਣਾ ਆਧਾਰ ਵਧਾਉਣ ਲਈ ਦੂਸਰੀਆਂ ਪਾਰਟੀਆਂ ਦੇ ਬਹੁਤ ਸਾਰੇ ਛੋਟੇ-ਵੱਡੇ ਆਗੂਆਂ ਨੂੰ  ਵੀ ਆਪਣੇ ਸੰਗਠਨ ਵਿਚ ਸ਼ਾਮਿਲ ਕੀਤਾ ਹੈ | ਆਪਣੀ ਇਸੇ ਯੋਜਨਾਬੰਦੀ ਦੀ ਇਕ ਕੜੀ ਵਜੋਂ ਉਸ ਨੇ 13 ਦਿਨਾਂ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਆਰੰਭ ਵੀ ਕੀਤਾ ਸੀ, ਜਿਸ ਨੂੰ  ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਪਠਾਨਕੋਟ ਤੋਂ ਸ਼ੁਰੂ ਕੀਤਾ ਸੀ | ਇਸੇ ਹੀ ਤਰ੍ਹਾਂ ਵੱਖ-ਵੱਖ ਥਾਵਾਂ ਤੋਂ ਤਿੰਨ ਹੋਰ ਯਾਤਰਾਵਾਂ ਵੀ ਸ਼ੁਰੂ ਕੀਤੀਆਂ ਗਈਆਂ ਸਨ, ਜਿਨ੍ਹਾਂ ਦਾ ਮੁੱਖ ਮੰਤਵ ਪਾਰਟੀ ਦਾ ਸੁਨੇਹਾ ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਤੱਕ ਲੈ ਕੇ ਜਾਣਾ ਅਤੇ ਇਸ ਢੰਗ ਨਾਲ ਬਹੁਤੇ ਪਿੰਡਾਂ ਤੱਕ ਰਸਾਈ ਕਰਨਾ ਵੀ ਸੀ | 

ਇਹ ਸਾਰੀਆਂ ਯਾਤਰਾਵਾਂ ਬੁੱਧਵਾਰ 30 ਸਤੰਬਰ ਨੂੰ  ਜਲੰਧਰ ਵਿਚ ਇਕੱਠੀਆਂ ਹੋਈਆਂ, ਜਿੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਯੋਜਿਤ ਕੀਤੇ ਗਏ ਸਮਾਗਮ ਨੂੰ  ਸੰਬੋਧਨ ਕੀਤਾ | 13 ਦਿਨਾਂ ਦੀਆਂ ਇਨ੍ਹਾਂ ਯਾਤਰਾਵਾਂ ਵਿਚ ਭਾਜਪਾ ਦੇ ਕੇਂਦਰੀ ਮੰਤਰੀਆਂ ਤੋਂ ਲੈ ਕੇ ਵੱਡੇ ਲੀਡਰਾਂ ਤੇ ਕਈ ਰਾਜਾਂ ਦੇ ਮੁੱਖ ਮੰਤਰੀਆਂ ਨੇ ਵੀ ਇਨ੍ਹਾਂ ਵਿਚ ਸ਼ਿਰਕਤ ਕੀਤੀ ਅਤੇ ਥਾਂ-ਪੁਰ-ਥਾਂ ਇਹ ਸੰਦੇਸ਼ ਦਿੱਤਾ ਕਿ ਚਿਰਾਂ ਤੋਂ ਪੰਜਾਬ ਦੀ ਜਵਾਨੀ ਲਈ ਵੱਡਾ ਖ਼ਤਰਾ ਬਣੇ ਆ ਰਹੇ ਨਸ਼ਿਆਂ ਦੇ ਚਲਨ ਨੂੰ  ਹਰ ਹੀਲੇ ਖ਼ਤਮ ਕਰਨਾ ਹੈ, ਜਿਸ ਲਈ ਸਮੁੱਚੇ ਸਮਾਜ ਦੀ ਸ਼ਮੂਲੀਅਤ ਬੇਹੱਦ ਜ਼ਰੂਰੀ ਹੈ |
ਜਿੱਥੋਂ ਤੱਕ ਨਸ਼ਿਆਂ ਦੇ ਚਲਨ ਦਾ ਸੰਬੰਧ ਹੈ, ਇਹ ਪੰਜਾਬੀਆਂ ਲਈ ਇਕ ਵੱਡਾ ਖ਼ਤਰਾ ਬਣੇ ਹੋਏ ਹਨ | ਵਿਸ਼ੇਸ਼ ਤੌਰ 'ਤੇ ਪੰਜਾਬ ਦੀ ਨੌਜਵਾਨੀ ਨੂੰ  ਇਨ੍ਹਾਂ ਨੇ ਘੁਣ ਵਾਂਗ ਖਾਣਾ ਸ਼ੁਰੂ ਕਰ ਦਿੱਤਾ ਹੈ | ਇਸੇ ਲਈ ਹੀ ਪਿਛਲੇ ਦਹਾਕਿਆਂ ਵਿਚ ਇਹ ਮੁੱਦਾ ਸੂਬੇ ਦੇ ਇਕ ਵੱਡੇ ਮੁੱਦਿਆਂ ਵਿਚ ਸ਼ਾਮਿਲ ਚਲਿਆ ਆ ਰਿਹਾ ਹੈ | ਇਸ ਨੂੰ  ਖ਼ਤਮ ਕਰਨ ਲਈ ਤਤਕਾਲੀ ਸਰਕਾਰਾਂ ਨੇ ਵੀ ਆਪਣੀ ਪੂਰੀ ਵਾਹ ਲਗਾਈ ਹੈ | ਹਰ ਨਵੀਂ ਸਰਕਾਰ ਨੇ ਆਉਂਦਿਆਂ ਇਸ ਨੂੰ  ਇਕ ਨਿਸਚਿਤ ਸਮੇਂ ਵਿਚ ਖ਼ਤਮ ਕਰਨ ਦੇ ਦਾਅਵੇ ਵੀ ਕੀਤੇ, ਪਰ ਇਨ੍ਹਾਂ ਦੇ ਬਾਵਜੂਦ ਨਸ਼ਿਆਂ ਵਿਰੁੱਧ ਲੜਾਈ ਜਾਰੀ ਹੈ | ਮੌਜੂਦਾ 'ਆਪ' ਸਰਕਾਰ ਨੇ ਵੀ ਇਸ ਮਾੜੇ ਵਰਤਾਰੇ ਨੂੰ  ਖ਼ਤਮ ਕਰਨ ਲਈ ਵੱਡੇ ਯਤਨ ਆਰੰਭ ਕੀਤੇ ਹੋਏ ਹਨ | ਇਸ ਲਈ ਹਰ ਪੱਖੋਂ ਸਖ਼ਤ ਕਦਮ ਵੀ ਉਠਾਏ ਗਏ ਹਨ | ਜੋ ਹੁਣ ਤੱਕ ਵੀ ਜਾਰੀ ਹਨ | ਇਸੇ ਹੀ ਦਿਸ਼ਾ ਵਿਚ ਭਾਜਪਾ ਨੇ ਵੀ ਹੁਣ ਕਦਮ ਚੁੱਕੇ ਹਨ | ਇਨ੍ਹਾਂ ਦੇ ਯਤਨਾਂ ਦੀ ਵੀ ਅਸੀਂ ਪੂਰੀ ਸਰਾਹਨਾ ਕਰਦੇ ਹਾਂ | 
ਜਿੱਥੋਂ ਤੱਕ ਇਸ ਪਾਰਟੀ ਦਾ ਸੰਬੰਧ ਹੈ, ਪਿਛਲੇ ਸਮੇਂ ਵਿਚ ਇਸ ਦੇ ਵੱਡੇ ਆਗੂਆਂ ਨੇ ਸਮੇਂ-ਸਮੇਂ ਤਰਜੀਹੀ ਆਧਾਰ 'ਤੇ ਸੂਬੇ ਦੇ ਦੌਰੇ ਕੀਤੇ ਹਨ | ਇਸ ਤੋਂ ਪਹਿਲਾਂ ਫਰਵਰੀ ਦੇ ਮਹੀਨੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਆਬੇ ਵਿਚ ਰਵਿਦਾਸੀਆ ਭਾਈਚਾਰੇ ਦੇ ਵੱਡੇ ਕੇਂਦਰ ਡੇਰਾ ਬੱਲਾਂ ਦੀ ਯਾਤਰਾ ਕੀਤੀ ਸੀ ਅਤੇ ਆਦਮਪੁਰ ਹਵਾਈ ਅੱਡਾ ਗੁਰੂ ਰਵਿਦਾਸ ਜੀ ਨੂੰ  ਸਮਰਪਿਤ ਕੀਤਾ ਸੀ | ਇਸੇ ਹੀ ਤਰ੍ਹਾਂ ਉਹ ਜੁਲਾਈ ਦੇ ਮਹੀਨੇ ਵਿਚ ਜਲੰਧਰ ਕੈਂਟ ਦੇ ਨਵਿਆਏ ਗਏ ਆਧੁਨਿਕ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨ ਪੁੱਜੇ ਸਨ | ਹੁਣ ਕੇਂਦਰੀ ਗ੍ਰਹਿ ਮੰਤਰੀ ਦਾ ਜਲੰਧਰ ਦਾ ਦੌਰਾ ਵੀ ਇਸੇ ਸਿਲਸਿਲੇ ਦਾ ਹੀ ਇਕ ਹਿੱਸਾ ਮੰਨਿਆ ਜਾ ਸਕਦਾ ਹੈ |
ਅਮਿਤ ਸ਼ਾਹ ਨੇ ਇਥੇ ਆ ਕੇ ਸਪੱਸ਼ਟ ਰੂਪ ਵਿਚ ਕਿਹਾ ਹੈ ਕਿ ਪਾਰਟੀ ਆਉਂਦੀਆਂ ਵਿਧਾਨ ਸਭਾ ਚੋਣਾਂ 'ਨਸ਼ਾ ਮੁਕਤ ਪੰਜਾਬ' ਦੇ ਮੁੱਦੇ 'ਤੇ ਲੜੇਗੀ | ਉਨ੍ਹਾਂ ਨੇ ਇਹ ਵੀ ਕਿਹਾ ਕਿ ਆਪਣੇ ਕਾਰਜਕਾਲ ਵਿਚ ਭਾਜਪਾ ਨੇ ਦੇਸ਼ ਭਰ ਵਿਚ ਆਪਣੇ ਕੀਤੇ ਵੱਡੇ ਵਾਅਦਿਆਂ ਨੂੰ  ਪੂਰਾ ਕੀਤਾ ਹੈ | ਇਸੇ ਹੀ ਕੜੀ ਵਿਚ ਉਨ੍ਹਾਂ ਕਿਹਾ ਕਿ ਸੂਬੇ ਵਿਚ ਉਨ੍ਹਾਂ ਦੀ ਸਰਕਾਰ ਬਣਨ 'ਤੇ ਦਸੰਬਰ 2029, ਭਾਵ 2 ਸਾਲਾਂ ਦੇ ਅਰਸੇ ਵਿਚ ਪੰਜਾਬ ਨੂੰ  ਪੂਰੀ ਤਰ੍ਹਾਂ ਨਸ਼ਾ ਮੁਕਤ ਕਰ ਦਿੱਤਾ ਜਾਏਗਾ | ਅਸੀਂ ਉਨ੍ਹਾਂ ਦੀ ਇਸ ਭਾਵਨਾ ਦੀ ਕਦਰ ਕਰਦੇ ਹਾਂ, ਪਰ ਇਸ ਦੇ ਨਾਲ-ਨਾਲ ਸਾਡੀ ਇਹ ਵੀ ਰਾਇ ਹੈ ਕਿ ਪੰਜਾਬ ਦਾ ਇਸ ਲਾਹਨਤ ਤੋਂ ਪਿੱਛਾ ਛੁਡਾਉਣ ਲਈ ਸਾਰੀਆਂ ਪਾਰਟੀਆਂ ਅਤੇ ਸਮੁੱਚੇ ਸਮਾਜ ਨੂੰ  ਇਕ ਭਾਵਨਾ ਨਾਲ ਵੱਡੇ ਯਤਨ ਕਰਨੇ ਹੋਣਗੇ ਅਤੇ ਇਸ ਵਿਰੁੱਧ ਲੜਾਈ ਸਾਂਝੀ ਭਾਵਨਾ ਨਾਲ ਹੀ ਲੜੀ ਅਤੇ ਜਿੱਤੀ ਜਾ ਸਕਦੀ ਹੈ | ਇਸ ਸੰਬੰਧੀ ਸਫ਼ਲਤਾ ਸੂਬੇ ਦੇ ਲੋਕਾਂ ਲਈ ਇਕ ਵਰਦਾਨ ਸਾਬਿਤ ਹੋ ਸਕਦੀ ਹੈ |

-ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਵਿਚਾਰ-ਪ੍ਰਵਾਹ ਅਗਲੀ ਖ਼ਬਰ ਨਵ-ਉਸਾਰੇ ਪ੍ਰਾਜੈਕਟਾਂ ਦਾ ਢਹਿਣਾ ਵਿਕਸਿਤ ਭਾਰਤ ਦੇ ਸੰਕਲਪ ਲਈ ਵੱਡੀ ਚੁਣੌਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।