ਜਲੰਧਰ ਦੇ ਦੇਸ਼ ਭਗਤ ਹਾਲ ਵਿਚ ਇਸ ਸਾਲ ਲੱਗਣ ਵਾਲਾ 35ਵਾਂ 'ਮੇਲਾ ਗ਼ਦਰੀ ਬਾਬਿਆਂ ਦਾ' 30 ਅਕਤੂਬਰ ਤੋਂ 1 ਨਵੰਬਰ, 2026 ਤੱਕ ਹੋ ਰਿਹਾ ਹੈ ਅਤੇ ਇਹ ਬੱਬਰ ਅਕਾਲੀ ਲਹਿਰ ਨੂੰ ਸਮਰਪਿਤ ਹੈ | ਇਸ ਸੰਦਰਭ ਵਿਚ ਹੀ ਅਕਾਲੀ ਬੱਬਰ ਲਹਿਰ ਦੇ ਮਾਣਮੱਤੇ ਇਤਿਹਾਸ ਬਾਰੇ ਜਾਣਕਾਰੀ ਦੇ ਰਹੇ ਹਨ—ਡਾ. ਗੁਰਦੇਵ ਸਿੰਘ ਸਿੱਧੂ |

ਮਹਾਰਾਜਾ ਰਣਜੀਤ ਸਿੰਘ ਤੇ ਹੋਰ ਸਿੱਖ ਸਰਦਾਰਾਂ ਨੇ ਸ਼ਰਧਾ-ਵੱਸ ਖੁੱਲ੍ਹੇ ਦਿਲ ਨਾਲ ਜ਼ਮੀਨਾਂ ਗੁਰਦੁਆਰਿਆਂ ਦੇ ਨਾਂਅ ਲਵਾਈਆਂ ਤਾਂ ਜੋ ਇਨ੍ਹਾਂ ਦੇ ਸੇਵਾਦਾਰ ਉਦਾਸੀ ਮਹੰਤ ਜੀਵਨ ਨਿਰਬਾਹ ਵਲੋਂ ਨਿਸਚਿੰਤ ਹੋ ਕੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਰਹਿਣ | ਅੰਗਰੇਜ਼ ਸਰਕਾਰ ਦੇ ਵਿਕਾਸ ਕਾਰਜਾਂ ਸਦਕਾ ਜ਼ਮੀਨਾਂ ਦੀਆਂ ਕੀਮਤਾਂ ਵਧੀਆਂ ਤਾਂ ਲਾਲਚੀ ਮਹੰਤ ਸਰਕਾਰ ਵਲੋਂ ਬਣਾਏ ਜ਼ਰਈ ਕਾਨੂੰਨਾਂ ਦੀ ਆੜ ਹੇਠ ਜ਼ਮੀਨ-ਜਾਇਦਾਦ ਦੇ ਖ਼ੁਦ ਮਾਲਕ ਬਣ ਬੈਠੇ | ਸਿੱਖ ਸੰਗਤ ਨੇ ਦੁਰਾਚਾਰੀ ਮਹੰਤਾਂ ਤੇੇ ਪੁਜਾਰੀਆਂ ਨੂੰ ਸਿੱਧੇ ਰਸਤੇ 'ਤੇ ਲਿਆਉਣ ਲਈ ਸ਼ਾਂਤਮਈ ਅੰਦੋਲਨ ਸ਼ੁਰੂ ਕੀਤਾ | ਜਿੰਨੀ ਦੇਰ ਅੰਗਰੇਜ਼ ਸਰਕਾਰ ਨਿਰਪੱਖ ਰਹੀ, ਇਹ ਵਿਧੀ ਕਾਰਗਰ ਹੋਈ, ਪਰ ਜਿਉਂ ਹੀ ਪੰਜਾਬ ਵਿਚ ਸਰਕਾਰ ਨੇ ਅੰਗਰੇਜ਼ੀ ਕਾਨੂੰਨਾਂ ਨੂੰ ਬਹਾਨਾ ਬਣਾ ਕੇ ਮਹੰਤਾਂ ਤੇੇ ਪੁਜਾਰੀਆਂ ਦੀ ਪਿੱਠ ਪੂਰਨੀ ਸ਼ੁਰੂ ਕੀਤੀ ਤਾਂ ਜਥੇਬੰਦਕ ਸਿੱਖ ਸ਼ਕਤੀ ਦਾ ਮੁਕਾਬਲਾ ਕਰਨ ਲਈ ਮਹੰਤਾਂ ਨੇ ਹਥਿਆਰਬੰਦ ਮੁਕਾਬਲਿਆਂ ਦੀਆਂ ਗੋਂਦਾ ਗੁੰਦ ਲਈਆਂ | ਇਸ ਦਾ ਨਤੀਜਾ 26 ਜਨਵਰੀ 1921 ਨੂੰ ਤਰਨਤਾਰਨ ਸਾਹਿਬ ਤੇੇ 20 ਫਰਵਰੀ 1921 ਨੂੰ ਨਨਕਾਣਾ ਸਾਹਿਬ 'ਚ ਹੋਏ ਸ਼ਹੀਦੀ ਸਾਕਿਆਂ ਦੇ ਰੂਪ ਵਿਚ ਨਿਕਲਿਆ | ਪਿਛਲੀਆਂ ਤਿੰਨ ਸਦੀਆਂ ਦਾ ਇਤਿਹਾਸ ਗਵਾਹ ਹੈ ਕਿ ਮੁਗ਼ਲੀਆ ਹਕੂਮਤ ਦੌਰਾਨ ਸ਼ਾਂਤਮਈ ਰਹਿ ਕੇ ਜਰਵਾਣਿਆਂ ਦਾ ਜਬਰ ਜਰਨਾ ਤੇੇ ਪਾਣੀ ਸਿਰ ਤੋਂ ਉੱਪਰ ਹੋਣ 'ਤੇ ਗੁਰ-ਵਾਕ
ਜਬੈ ਬਾਣ ਲਾਗਿਯੋ¨
ਤਬੈ ਰੋਸ ਜਾਗਿਯ¨
ਦੀ ਲੋਅ 'ਚ ਵਿਚਰਨਾ ਪੰਜਾਬੀ ਮਾਨਸਿਕਤਾ ਦਾ ਅਭਿੰਨ ਅੰਗ ਬਣਿਆ ਹੋਇਆ ਸੀ | ਸੋ ਹੁਣ ਵੀ ਇਵੇਂ ਹੀ ਹੋਇਆ | ਜਿੱਥੇ ਅਕਾਲੀਆਂ ਦੀ ਬਹੁ-ਗਿਣਤੀ ਗੁਰਦੁਆਰਿਆਂ ਦਾ ਪ੍ਰਬੰਧ ਸਿੱਖ ਸੰਗਤ ਦੇ ਆਪਣੇ ਪ੍ਰਤੀਨਿਧਾਂ ਦੇ ਹੱਥਾਂ 'ਚ ਦੇਣ ਦੀ ਮੰਗ ਮਨਵਾਉਣ ਲਈ ਤਸ਼ੱਦਦ ਝੱਲ ਰਹੀ ਸੀ, ਉੱਥੇ ਅਜਿਹੀ ਘੱਟ-ਗਿਣਤੀ ਵੀ ਸੀ, ਜੋ ਸ਼ਕਤੀਸ਼ਾਲੀ ਸਾਮਰਾਜ ਨਾਲ ਟੱਕਰ ਲੈਣ ਲਈ ਵੀ ਤਿਆਰ ਸੀ | ਇਸ ਸੋਚ ਦੇ ਧਾਰਨੀ ਮਾ. ਮੋਤਾ ਸਿੰਘ, ਕਿਸ਼ਨ ਸਿੰਘ ਗੜਗੱਜ ਅਤੇ ਹੋਰਨਾਂ ਨੇ 25 ਤੋਂ 27 ਮਾਰਚ 1921 ਨੂੰ ਪੁਰ ਹੀਰਾਂ, ਜ਼ਿਲ੍ਹਾ ਹੁਸ਼ਿਆਰਪੁਰ 'ਚ ਹੋਈ ਸਿੱਖ ਵਿੱਦਿਅਕ ਕਾਨਫਰੰਸ ਸਮੇਂ ਗੁਪਤ ਮੀਟਿੰਗ ਕੀਤੀ ਅਤੇੇ ਮਹੰਤਾਂ, ਉਨ੍ਹਾਂ ਦੇ ਸਰਪ੍ਰਸਤ ਸਰਕਾਰੀ ਅਧਿਕਾਰੀਆਂ ਤੇੇ ਅਧਿਕਾਰੀਆਂ ਦੀ ਹਾਂ 'ਚ ਹਾਂ ਮਿਲਾਉਣ ਵਾਲੇ 'ਟੋਡੀਆਂ' 'ਚੋਂ ਦੋ-ਦੋ ਨੂੰ ਸੋਧਣ ਦਾ ਫ਼ੈਸਲਾ ਕੀਤਾ | ਪਰ ਮੁਖਬਰੀ ਹੋਣ ਕਾਰਨ ਕਾਰਵਾਈ ਨਾ ਹੋ ਸਕੀ, ਉਲਟਾ ਗਿ੍ਫ਼ਤਾਰੀਆਂ ਹੋਈਆਂ ਤੇ ਮੁਕੱਦਮਾ ਦਰਜ ਹੋਇਆ | ਮਾ. ਮੋਤਾ ਸਿੰਘ ਤੇੇ ਕਿਸ਼ਨ ਸਿੰਘ ਵੀ ਦੋਸ਼ੀ ਨਾਮਜ਼ਦ ਕੀਤੇ ਗਏ, ਪਰ ਉਹ ਪੁਲਿਸ ਦੇ ਹੱਥ ਨਾ ਆਏ, ਕੁਝ ਹੋਰ ਅਕਾਲੀਆਂ ਨੂੰ ਸਜ਼ਾ ਹੋ ਗਈ | ਟੀਚੇ 'ਚ ਸਫਲਤਾ ਨਾ ਮਿਲਣ ਦੇ ਬਾਵਜੂਦ ਇਹ ਘਟਨਾ 'ਬੱਬਰ ਅਕਾਲੀ ਲਹਿਰ' ਦਾ ਬੀਜ ਬਣੀ |
'ਅਕਾਲੀ ਸਾਜਿਸ਼ ਮੁਕੱਦਮੇ' 'ਚ ਭਗੌੜੇ ਐਲਾਨੇ ਜਾਣ ਪਿੱਛੋਂ ਗੁਪਤਵਾਸ 'ਚ ਰਹਿੰਦਿਆਂ ਮਾ. ਮੋਤਾ ਸਿੰਘ ਤੇ ਕਿਸ਼ਨ ਸਿੰਘ ਗੜਗੱਜ ਜਲੰਧਰ ਦੇ ਇਲਾਕੇ 'ਚ ਲੋਕਾਂ ਨੂੰ ਸਰਕਾਰ ਵਿਰੁੱਧ ਲਾਮਬੰਦ ਕਰਦੇ ਰਹੇ | ਜਲੰਧਰ ਛਾਉਣੀ 'ਚ ਸੈਨਿਕ ਸੇਵਾ ਨਿਭਾਅ ਰਹੇ ਬਾਬੂ ਸੰਤਾ ਸਿੰਘ ਨੇ ਕਿਸ਼ਨ ਸਿੰਘ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਤੇੇ ਕਿਸ਼ਨ ਸਿੰਘ ਨਾਲ ਰਲ ਗਿਆ | ਇਨ੍ਹੀਂ ਦਿਨੀਂ ਗ਼ਦਰੀ ਕਰਮ ਸਿੰਘ ਦੌਲਤਪੁਰ ਦੀ ਅਗਵਾਈ 'ਚ 1914-15 ਦੀ ਗ਼ਦਰ ਬਗ਼ਾਵਤ ਵੇਲੇ ਪੁਲਿਸ ਦੀ ਗਿ੍ਫ਼ਤ ਵਿਚ ਆਉਣ ਤੋਂ ਬਚੇ ਜਾਂ ਥੋੜ੍ਹੀ ਮਿਆਦ ਦੀ ਕੈਦ ਭੁਗਤ ਕੇ ਬਾਹਰ ਆਏ ਗ਼ਦਰੀ ਆਸਾ ਸਿੰਘ ਭੁਕੜੁਦੀ (ਹੁਣ ਕਿਸ਼ਨਪੁਰ), ਹਰੀ ਸਿੰਘ ਸੂੰਢ, ਕਰਮ ਸਿੰਘ ਝਿੰਗੜ ਆਦਿ ਬੰਗਾ, ਨਵਾਂਸ਼ਹਿਰ, ਬਲਾਚੌਰ ਤੇ ਗੜ੍ਹਸ਼ੰਕਰ ਦੇ ਖੇਤਰਾਂ 'ਚ ਪ੍ਰਚਾਰ ਕਰ ਰਹੇ ਸਨ | ਜਦੋਂ ਸਰਕਾਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਭਾਈ ਕਰਮ ਸਿੰਘ ਤੇੇ ਸਾਥੀਆਂ ਦੇ ਵਾਰੰਟ ਕੱਢ ਦਿੱਤੇ, ਪਰ ਉਨ੍ਹਾਂ ਕੰਮ ਜਾਰੀ ਰੱਖਿਆ | ਕਰਮ ਸਿੰਘ ਦੌਲਤਪੁਰ ਨੇ 'ਬੱਬਰ ਅਕਾਲੀ ਦੁਆਬਾ' ਨਾਂਅ ਹੇਠ ਪਰਚਾ ਲੋਕਾਂ 'ਚ ਵੰਡਣਾ ਸ਼ੁਰੂ ਕਰ ਦਿੱਤਾ | ਕਿਸ਼ਨ ਸਿੰਘ ਗੜਗੱਜ ਇਹ ਪਰਚਾ ਪੜ੍ਹ ਕੇ ਪ੍ਰਭਾਵਿਤ ਹੋਇਆ ਤੇ ਕਰਮ ਸਿੰਘ ਦੌਲਤਪੁਰ ਨਾਲ ਸੰਪਰਕ ਬਣਾਇਆ | ਇਉਂ ਦੋਵੇਂ ਜਥੇ ਮਿਲ ਕੇ ਕੰਮ ਕਰਨ ਲੱਗੇ ਤੇ ਨਾਂਅ ਰੱਖਿਆ 'ਚਕਰਵਰਤੀ ਜਥਾ' | ਪਿੱਛੋਂ ਪਰਚੇ ਦੇ ਨਾਂਅ 'ਤੇ ਇਹ ਜਥਾ 'ਬੱਬਰ ਅਕਾਲੀ' ਕਰਕੇ ਜਾਣਿਆ ਜਾਣ ਲੱਗਾ | ਜਦ ਸਰਕਾਰ ਨੂੰ ਪਤਾ ਲੱਗਾ ਕਿ ਕੁਝ 'ਭਗੌੜੇ' ਆਪਣੇ ਭਾਸ਼ਨਾਂ ਤੇੇ ਆਪਣੀ ਲਿਖਤੀ ਪੈਂਫਲਿਟਾਂ ਦੇ ਰੂਪ ਜ਼ਰੀਏ ਲੋਕਾਂ ਨੂੰ ਸਰਕਾਰੀ ਅਧਿਕਾਰੀਆਂ ਤੇੇ ਯੂਰਪੀਨਾਂ ਦਾ ਕਤਲ ਕਰਨ ਅਤੇੇ ਫੌਜ ਨੂੰ ਬਗ਼ਾਵਤ ਕਰਨ ਲਈ ਉਕਸਾ ਰਹੇ ਨੇ ਤਾਂ ਅੰਗਰੇਜ਼ ਸਰਕਾਰ ਨੇ ਪੁਲਿਸ ਜ਼ਰੀਏ ਮੁਖ਼ਬਰ ਸਰਗਰਮ ਕਰ ਦਿੱਤੇ | ਇਕ ਸੂਹੀਏ ਦੀ ਸੂਚਨਾ 'ਤੇ 22 ਜੁਲਾਈ 1922 ਨੂੰ ਮਾ. ਮੋਤਾ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ | ਫਿਰ ਕਿਸ਼ਨ ਸਿੰਘ ਗੜਗੱਜ, ਕਰਮ ਸਿੰਘ ਦੌਲਤਪੁਰ, ਦਲੀਪ ਸਿੰਘ ਗੋਸਲ, ਕਰਮ ਸਿੰਘ ਝਿੰਗੜ ਤੇ ਆਸਾ ਸਿੰਘ ਭੁਕੜੁਦੀ ਦੀ ਗਿ੍ਫ਼ਤਾਰੀ ਕਰਾਉਣ ਵਾਲੇ ਨੂੰ ਨਕਦ ਇਨਾਮ ਦੇਣ ਦਾ ਐਲਾਨ 30 ਨਵੰਬਰ ਨੂੰ ਕੀਤਾ ਗਿਆ | ਸਰਕਾਰੀ ਖੁਸ਼ਨੂਦੀ ਹਾਸਲ ਕਰਨ ਲਈ ਅੰਗਰੇਜ਼-ਪ੍ਰਸਤ ਜ਼ੈਲਦਾਰ, ਸਫੈਦਪੋਸ਼ ਆਦਿ ਬੱਬਰਾਂ ਦੀਆਂ ਸਰਗਰਮੀਆਂ ਬਾਰੇ ਸਰਕਾਰੀ ਅਧਿਕਾਰੀਆਂ ਕੋਲ ਮੁਖਬਰੀ ਕਰਨ ਲੱਗੇ | ਨਤੀਜੇ ਵਜੋਂ ਪੁਲਿਸ ਨੇ ਚੜ੍ਹਦੇ 1923 'ਚ ਕਰਮ ਸਿੰਘ ਝਿੰਗੜ ਤੇ ਦਲੀਪ ਸਿੰਘ ਗੋਸਲ ਨੂੰ ਅਤੇ 26 ਫਰਵਰੀ ਨੂੰ ਕਿਸ਼ਨ ਸਿੰਘ ਗੜਗੱਜ ਨੂੰ ਗਿ੍ਫ਼ਤਾਰ ਕਰ ਲਿਆ | ਪਿੱਛੋਂ ਲਹਿਰ ਦਾ ਰੁਖ਼ ਅਜਿਹੇ ਗੱਦਾਰਾਂ ਨੂੰ ਸੋਧਣ ਵੱਲ ਹੋ ਗਿਆ ਤੇ ਬੱਬਰਾਂ ਨੇ ਮਾਰਚ ਮਹੀਨੇ 'ਚ ਹੀ ਬੂਟਾ ਨੰਬਰਦਾਰ ਨੰਗਲ ਸ਼ਾਮਾ, ਲਾਭ ਸਿੰਘ ਢੁਡਿਆਲ ਤੇ ਨੰਬਰਦਾਰ ਹਜ਼ਾਰਾ ਸਿੰਘ ਬਹਿਬਲਪੁਰ ਅਤੇ ਪਹਿਲੀ ਅਪ੍ਰੈਲ ਨੂੰ ਸੂਬੇਦਾਰ ਗੇਂਦਾ ਸਿੰਘ ਘੁੜਿਆਲ ਨੂੰ ਜਮ-ਪੁਰ ਪਹੁੰਚਾ ਦਿੱਤਾ | ਹੋਰ ਸਖ਼ਤੀ ਵਿਖਾਉਂਦਿਆਂ ਸਰਕਾਰ ਨੇ ਜੂਨ 1923 ਦੇ ਨੋਟੀਫਿਕੇਸ਼ਨ ਨੰਬਰ-16828 ਦੁਆਰਾ 'ਬੱਬਰ ਅਕਾਲੀ ਦਲ' ਨੂੰ ਗ਼ੈਰ-ਕਾਨੂੰਨੀ ਜਥੇਬੰਦੀ ਐਲਾਨ ਦਿੱਤਾ, ਪਰ 1922 ਤੋਂ 1924 ਦੇ ਦਰਮਿਆਨ ਦੋ-ਢਾਈ ਸਾਲ ਦੁਆਬੇ 'ਚ 'ਬੱਬਰ ਅਕਾਲੀਆਂ' ਦੀ ਚੜ੍ਹਤ ਰਹੀ | ਬੇਸ਼ੱਕ ਇਸ ਅਰਸੇ ਦੌਰਾਨ ਪੁਲਿਸ ਨਾਲ ਹੋਏ ਮੁਕਾਬਲਿਆਂ 'ਚ ਬੱਬਰ ਕਰਮ ਸਿੰਘ, ਬੱਬਰ ਉਦੇ ਸਿੰਘ, ਬੱਬਰ ਬਿਸ਼ਨ ਸਿੰਘ ਤੇ ਬੱਬਰ ਮਹਿੰਦਰ ਸਿੰਘ ਪਹਿਲੀ ਸਤੰਬਰ 1923 ਨੂੰ , ਬੱਬਰ ਧੰਨਾ ਸਿੰਘ 25 ਅਕਤੂਬਰ 1923 ਨੂੰ , ਬੱਬਰ ਬੰਤਾ ਸਿੰਘ ਧਾਮੀਆਂ ਤੇ ਬੱਬਰ ਜਵਾਲਾ ਸਿੰਘ ਫ਼ਤਹਿਪੁਰ ਕੋਠੀਆਂ 12 ਦਸੰਬਰ 1923 ਨੂੰ ਅਤੇ ਬੱਬਰ ਵਰਿਆਮ ਸਿੰਘ ਧੁੱਗਾ 8 ਜੂਨ 1924 ਨੂੰ ਸ਼ਹੀਦ ਹੋ ਗਏ |
1924 'ਚ ਪੁਲਿਸ ਨੇ ਬੱਬਰ ਸਰਗਰਮੀਆਂ 'ਚ ਸ਼ਾਮਿਲ ਹੋਣ ਦੇ ਦੋਸ਼ ਵਿਚ 91 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ | ਵਧੀਕ ਜੱਜ ਲਾਹੌਰ ਮਿਸਟਰ ਜੇ.ਕੇ. ਟਪ ਦੀ ਅਦਾਲਤ ਵਿਚ ਇਸ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਈ | ਦੋਵਾਂ ਧਿਰਾਂ ਵਲੋਂ ਹਾਈ ਕੋਰਟ 'ਚ ਪਾਈ ਅਪੀਲ ਦਾ ਨਿਬੇੜਾ ਜਸਟਿਸ ਬਰਾਡਵੇ ਤੇ ਜਸਟਿਸ ਹੈਰੀਸਨ ਦੇ ਬੈਂਚ ਨੇ 19 ਜਨਵਰੀ 1926 ਨੂੰ ਕੀਤਾ, ਜਿਸ ਅਨੁਸਾਰ ਕਿਸ਼ਨ ਸਿੰਘ ਗੜਗੱਜ ਪਿੰਡ ਬੜਿੰਗ (ਜਲੰਧਰ), ਸੰਤਾ ਸਿੰਘ ਪਿੰਡ ਹਰਿਆਉਂ ਖ਼ੁਰਦ (ਲੁਧਿਆਣਾ), ਕਰਮ ਸਿੰਘ ਪਿੰਡ ਮਾਣਕੋ (ਜਲੰਧਰ), ਨੰਦ ਸਿੰਘ ਪਿੰਡ ਘੁੜਿਆਲ (ਜਲੰਧਰ), ਦਲੀਪ ਸਿੰਘ ਉਰਫ਼ ਦਲੀਪਾ ਪਿੰਡ ਧਾਮੀਆਂ (ਹੁਸ਼ਿਆਰਪੁਰ) ਤੇ ਧਰਮ ਸਿੰਘ ਪਿੰਡ ਹਿਆਤਪੁਰ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਗਈ |
ਜਦੋਂ ਇਹ ਮੁਕੱਦਮਾ ਚੱਲ ਹੀ ਰਿਹਾ ਸੀ ਤਾਂ ਵਾਅਦਾ ਮੁਆਫ਼ ਗਵਾਹਾਂ ਨੇ ਜਿਹੜੇ ਹੋਰ ਬੱਬਰਾਂ ਦੇ ਨਾਂਅ ਦੱਸੇ, ਉਹ ਪਹਿਲੇ ਮੁਕੱਦਮੇ 'ਚ ਦੋਸ਼ੀ ਨਹੀਂ ਸਨ ਬਣਾਏ ਗਏ | ਇਸ ਲਈ 37 ਮੁਲਜ਼ਮਾਂ ਖ਼ਿਲਾਫ਼ ਪੂਰਕ ਬੱਬਰ ਅਕਾਲੀ ਸਾਜਿਸ਼ ਮੁਕੱਦਮਾ ਚਲਾਇਆ ਗਿਆ, ਜੋ ਸੁਣਵਾਈ ਲਈ ਮਾਰਚ 1925 ਵਿਚ ਸੈਸ਼ਨ ਜੱਜ ਮਿਸਟਰ ਹੈਰਿਸ ਦੀ ਅਦਾਲਤ ਵਿਚ ਗਿਆ | ਮੁਕੱਦਮੇ ਦੀ ਕਾਰਵਾਈ ਚਲਦਿਆਂ ਪਹਿਲੇ ਮੁਕੱਦਮੇ ਦੇ ਦੋਸ਼ੀਆਂ ਨੂੰ 27 ਫਰਵਰੀ 1926 ਨੂੰ ਫ਼ਾਂਸੀ ਦੇਣ ਦਾ ਐਲਾਨ ਹੋਇਆ | ਜੱਜ ਦੀ ਮਾਨਸਿਕਤਾ ਵੇਖੋ, ਉਸ ਨੇ ਇਸ ਮੁਕੱਦਮੇ ਦਾ ਫ਼ੈਸਲਾ ਸੁਣਾਉਣ ਵਾਸਤੇ ਇਸ ਤੋਂ ਅਗਲਾ ਦਿਨ ਐਤਵਾਰ ਹੋਣ ਦੇ ਬਾਵਜੂਦ ਭਾਵ 28 ਫਰਵਰੀ 1926 ਚੁਣਿਆ | ਹਾਈ ਕੋਰਟ ਨੇ ਇਸ ਫ਼ੈਸਲੇ 'ਚ ਸੋਧ ਕਰਦਿਆਂ 6 ਬੱਬਰਾਂ (ਨਿੱਕਾ ਸਿੰਘ ਪਿੰਡ ਗਿੱਲ (ਲਾਇਲਪੁਰ), ਮੁਕੰਦ ਸਿੰਘ ਪਿੰਡ ਜਵੱਦੀ (ਲਾਇਲਪੁਰ), ਬੰਤਾ ਸਿੰਘ ਪਿੰਡ ਗੁਰੂ ਸਰ ਸੁਲਤਾਨੀ (ਲਾਇਲਪੁਰ), ਸੁੰਦਰ ਸਿੰਘ ਪਿੰਡ ਲੌਹਕੇ (ਲਾਇਲਪੁਰ), ਗੁੱਜਰ ਸਿੰਘ ਪਿੰਡ ਢੈਪਈ (ਲਾਇਲਪੁਰ) ਅਤੇ ਨਿੱਕਾ ਸਿੰਘ ਪਿੰਡ ਆਲੋਵਾਲ (ਅੰਮਿ੍ਤਸਰ)) ਨੂੰ ਇਹ ਸਜ਼ਾ ਬਰਕਰਾਰ ਰੱਖੀ, ਜੋ ਪਹਿਲੇ ਬੱਬਰਾਂ ਦੀ ਸ਼ਹੀਦੀ ਤੋਂ ਠੀਕ ਇਕ ਸਾਲ ਪਿੱਛੋਂ ਉਸੇ ਤਰੀਕ ਭਾਵ 27 ਫਰਵਰੀ ਨੂੰ ਅਮਲ 'ਚ ਲਿਆਂਦੀ ਗਈ | ਉਪਰੋਕਤ ਦੋਵਾਂ ਸ਼ਹੀਦੀ ਸਾਕਿਆਂ ਤੋਂ ਬਿਨਾਂ ਚਲਦੇ ਮੁਕੱਦਮਿਆਂ ਦੌਰਾਨ ਤੇ ਕੈਦ ਦੀ ਸਜ਼ਾ ਭੋਗਦਿਆਂ ਸ਼ਹੀਦ ਹੋਣ ਵਾਲਿਆਂ ਦੀ ਗਿਣਤੀ ਵੱਖਰੀ ਹੈ | ਇਨ੍ਹਾਂ ਮੁਕੱਦਮਿਆਂ ਨਾਲ ਬੱਬਰ ਸ਼ਹੀਦੀਆਂ ਦਾ ਅੰਤ ਨਹੀਂ ਹੋਇਆ, ਸਗੋਂ ਇਹ ਝੜੀ ਟੁੱਟਵੇਂ ਰੂਪ 'ਚ ਅੱਗੋਂ ਵੀ ਜਾਰੀ ਰਹੀ | ਬੱਬਰ ਅਕਾਲੀ ਗਿਆਨੀ ਗੁਰਦਿੱਤ ਸਿੰਘ 'ਦਲੇਰ' ਨੇ ਸ਼ਹੀਦੀ ਸਮੇਂ ਠੀਕ ਹੀ ਆਖਿਆ ਸੀ:-
ਕਦੇ ਉਸਰਨਾ ਇੱਟਾਂ ਦੇ ਨਾਲ ਨਾਹੀਂ,
ਜਿਹੜਾ ਚਾਹੋ ਆਜ਼ਾਦੀ ਦਾ ਮਹਿਲ ਭਾਈ |
ਇਹ ਤਾਂ ਬਣੰੂ ਸ਼ਹੀਦਾਂ ਦੀਆਂ ਹੱਡੀਆਂ ਦਾ,
ਕਾਹਨੂੰ ਸਮਝਦੇ ਏਸ ਨੂੰ ਸਹਿਲ ਭਾਈ |
ਦੇਸ਼ ਵਿਚ 100 ਸਾਲ ਤੱਕ ਚੱਲੇ ਆਜ਼ਾਦੀ ਦੇ ਸੰਘਰਸ਼ 'ਤੇ ਇਕ ਝਾਤ ਮਾਰੀਏ ਤਾਂ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ | ਬਿਨਾਂ ਸ਼ੱਕ ਇਸ ਕ੍ਰਮ ਵਿਚ ਆਜ਼ਾਦੀ ਲਈ ਬੱਬਰ ਅਕਾਲੀ ਲਹਿਰ ਦਾ ਯੋਗਦਾਨ ਵੀ ਬੇਮਿਸਾਲ ਰਿਹਾ ਹੈ |
-#3154, ਸੈਕਟਰ 71, ਮੋਹਾਲੀ |
ਮੋਬਾਈਲ : 9417049417