ਇਕ-ਦੋ ਭਾਸ਼ਾਵਾਂ ਜਾਂ ਇਕ-ਦੋ ਵੰਨਗੀਆਂ ਵਿਚ ਸਾਹਿਤ ਰਚਨਾ ਕਰਨ ਵਾਲੇ ਤਾਂ ਬਹੁਤ ਲੇਖਕ ਹੋਏ ਹਨ, ਪਰ ਕਈ ਭਾਸ਼ਾਵਾਂ ਤੇ ਕਈ ਵੰਨਗੀਆਂ ਵਿਚ ਕਲਮ ਚਲਾਉਣ ਵਾਲਾ ਕੋਈ ਟਾਵਾਂ-ਟਾਵਾਂ ਹੀ ਹੁੰਦਾ ਹੈ | ਕਈ ਭਾਸ਼ਾਵਾਂ ਵਿਚ ਐਮ.ਏ. ਦੀਆਂ ਡਿਗਰੀਆਂ ਪਾਸ ਕਰਨ ਵਾਲੇ ਬਰਨਾਲਾ ਜ਼ਿਲ੍ਹਾ ਦੀ ਉੱਘੀ ਸਖਸ਼ੀਅਤ ਪ੍ਰੋ: ਪ੍ਰੀਤਮ ਸਿੰਘ ਰਾਹੀ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ | ਪ੍ਰੀਤਮ ਸਿੰਘ ਦਾ ਜਨਮ 30 ਅਕਤੂਬਰ, 1935 ਨੂੰ ਮਾਤਾ ਸੰਤ ਕੌਰ ਅਤੇ ਪਿਤਾ ਲਾਲ ਸਿੰਘ ਰੁਪਾਲ ਦੇ ਘਰ ਸਿੱਖਵਾਲਾ (ਫ਼ਰੀਦਕੋਟ) ਨਾਨਕੇ ਘਰ ਹੋਇਆ ਸੀ | ਇਨ੍ਹਾਂ ਦੇ ਬਜ਼ੁਰਗ ਹੰਢਿਆਏ ਤੋਂ ਬਰਨਾਲੇ ਆ ਕੇ ਵਸੇ ਸਨ, ਪ੍ਰੀਤਮ ਸਿੰਘ ਹੋਰੀਂ 6 ਭੈਣ-ਭਰਾ ਸਨ | ਉਨ੍ਹਾਂ ਦਾ ਵਿਆਹ ਮਾਲਵਿੰਦਰ ਕੌਰ ਨਾਲ ਹੋਇਆ, ਉਨ੍ਹਾਂ ਦੀਆਂ 4 ਧੀਆਂ ਤੇ ਇਕ ਪੁੱਤਰ ਹੈ | ਉਨ੍ਹਾਂ ਨੂੰ ਗੁਰਦੁਆਰਾ ਸਿੰਘ ਸਭਾ ਵਿਖੇ ਭਾਈ ਜੀ ਕੋਲ ਤੇ ਫਿਰ ਸਕੂਲ 'ਚ ਪੜ੍ਹਨ ਪਾਇਆ ਗਿਆ | ਪਰ ਘਰ ਦੀਆਂ ਜ਼ਿੰਮੇਵਾਰੀਆਂ ਸਿਰ 'ਤੇ ਆ ਪੈਣ ਕਰਕੇ ਉਨ੍ਹਾਂ ਨੂੰ 1947 ਵਿਚ ਸਕੂਲੋਂ ਹਟਣਾ ਪੈ ਗਿਆ ਸੀ | ਉਨ੍ਹਾਂ ਸਕੂਲ 'ਚ ਮੁੜ ਦਾਖਲਾ ਲੈ ਕੇ 1955 'ਚ 10ਵੀਂ ਪਾਸ ਕੀਤੀ ਤੇ ਸਕੂਲੀ ਪੜ੍ਹਾਈ ਦੌਰਾਨ ਆਯੁਰਵੇਦ ਦੀ ਪੜ੍ਹਾਈ ਵੀ ਕਰਦੇ ਰਹੇ, ਆਯੁਰਵੇਦ ਉਨ੍ਹਾਂ ਦਾ ਖਾਨਦਾਨੀ ਕਿੱਤਾ ਸੀ | ਉਨ੍ਹਾਂ 1950 'ਚ 'ਆਯੁਰਵੇਦ ਭਿਸ਼ਕ' ਤੇ 1956-57 'ਚ ਵਿਸ਼ਾਰਦ ਪਾਸ ਕੀਤੀ | ਉਨ੍ਹਾਂ 1960 'ਚ ਆਯੁਰਵੇਦ ਦੀ ਡਿਗਰੀ 'ਵੈਦ ਅਚਾਰੀਆ' ਪੂਰੇ ਭਾਰਤ 'ਚੋਂ ਪਹਿਲੇ ਨੰਬਰ 'ਤੇ ਰਹਿ ਕੇ ਪਾਸ ਕੀਤੀ |

ਪ੍ਰੀਤਮ ਸਿੰਘ ਨੇ ਆਯੁਰਵੇਦਿਕ ਚਕਿਤਸਾ ਦੇ ਕਈ ਇਮਤਿਹਾਨ ਪਾਸ ਕਰਨ ਬਾਅਦ ਗਿਆਨੀ, ਐਫ.ਏ. ਅੰਗਰੇਜ਼ੀ, ਬੀ.ਏ., ਐਮ.ਏ. ਪੰਜਾਬੀ, ਹਿੰਦੀ, ਉਰਦੂ, ਅੰਗਰੇਜ਼ੀ, ਸੰਸਕ੍ਰਿਤ ਦੀ ਐਮ.ਏ. ਕਰਕੇ ਪਾਲੀ ਭਾਸ਼ਾ ਵਿਚ 'ਸਾਹਿਤ-ਰਤਨ' ਪਾਸ ਕੀਤੀ, ਜੋ ਐਮ.ਏ., ਦੇ ਬਰਾਬਰ ਦੀ ਡਿਗਰੀ ਮੰਨੀ ਜਾਂਦੀ ਹੈ | ਪ੍ਰੀਤਮ ਸਿੰਘ ਨਾਮਵਰ ਵੈਦ ਸਭ ਤੋਂ ਵੱਧ ਐਮ.ਏ. ਦੀਆਂ ਡਿਗਰੀਆਂ ਪਾਸ ਕਰਨ ਵਾਲੇ ਇਨਸਾਨ ਸਨ | ਉਹ 5 ਅਗਸਤ 1970 ਨੂੰ ਬਤੌਰ ਲੈਕਚਰਾਰ ਐਸ. ਡੀ. ਕਾਲਜ, ਬਰਨਾਲਾ ਵਿਖੇ ਪੜ੍ਹਾਉਣ ਲੱਗੇ ਸਨ ਤੇ ਅਕਤੂਬਰ 1996 ਵਿਚ 26 ਸਾਲ ਸੇਵਾ ਕਰਕੇ ਪ੍ਰੋਫੈਸਰ ਦੇ ਅਹੁਦੇ ਤੋਂ ਸੇਵਾ-ਮੁਕਤ ਹੋਏ | ਪ੍ਰੀਤਮ ਸਿੰਘ ਦਾ ਤੁਖੱਲਸ 'ਰਾਹੀ' ਉਨ੍ਹਾਂ ਦੇ ਨਾਮ ਨਾਲ 1953 'ਚ ਜੁੜ ਗਿਆ ਸੀ, ਜਦੋਂ ਉਨ੍ਹਾਂ ਨੌਵੀਂ ਜਮਾਤ ਵਿਚ ਪੜਿ੍ਹਦਆਂ ਲਿਖਣਾ ਸ਼ੁਰੂ ਕੀਤਾ ਸੀ | ਉਨ੍ਹਾਂ ਦੀ ਪਹਿਲੀ ਕਿਤਾਬ 'ਕਰੁਣਾ' (ਕਵਿਤਾ ਸੰਗ੍ਰਹਿ) 1960 ਵਿਚ ਛਪੀ | ਉਹ 'ਕਨਸੋਆ' ਦੋ-ਮਾਸਿਕ ਪਰਚਾ ਵੀ ਕੱਢਦੇ ਰਹੇ ਤੇ ਸੰਨ 1965 ਤੋਂ ਉਨ੍ਹਾਂ 'ਮੁਹਾਂਦਰਾ' ਤ੍ਰੈ ਮਾਸਿਕ ਪਰਚਾ ਵੀ ਕੱਢਣਾ ਸ਼ੁਰੂ ਕੀਤਾ, ਜੋ ਅੱਜ ਵੀ ਚੱਲ ਰਿਹਾ ਹੈ | ਪ੍ਰੀਤਮ ਸਿੰਘ ਰਾਹੀ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ, ਸੰਸਕ੍ਰਿਤ, ਪਾਲੀ ਭਾਸ਼ਾਵਾਂ ਦੇ ਵਿਦਵਾਨ ਲੇਖਕ ਹਨ, ਜਿਨ੍ਹਾਂ ਕਈ ਭਾਸ਼ਾਵਾਂ 'ਚ ਗਜ਼ਲ, ਗੀਤ, ਰੁਬਾਈ ਨਜ਼ਮ, ਅਨੁਵਾਦ, ਆਲੋਚਨਾ, ਬਾਲ ਸਾਹਿਤ, ਖੋਜ-ਪੱਤਰ ਲਿਖੇ ਤੇ ਉਨ੍ਹਾਂ ਦੀਆਂ ਵੱਖ-ਵੱਖ ਭਾਸ਼ਾਵਾਂ ਵਿਚ ਦਰਜ਼ਨਾਂ ਕਿਤਾਬਾਂ ਪ੍ਰਕਾਸ਼ਤ ਹੋਈਆਂ | ਕੰਜਕਾਂ, ਕਚਨਾਰ, ਅੱਥਰਾ ਘੋੜਾ, ਉਦਾਸ ਪਲਾਂ ਦੀ ਦਸਤਾਨ, ਕਾਇਆ ਦੇ ਰੁੱਖ, ਸੁਰ ਸੁਗੰਧ, ਪਰਤ-ਦਰ-ਪਰਤ, ਸੁੱਕੇ ਪੱਤੇ ਦੀ ਦਸਤਕ, ਆਮੀਨ, ਇਕ ਕੁਕਨੁਸ ਹੋਰ (ਕਵਿਤਾ ਸੰਗ੍ਰਹਿ), ਗੁਲਮੋਹਰ (ਸਮੁੱਚੀਆਂ ਗ਼ਜ਼ਲਾਂ) ਕਾਸ਼ਨੀ ਧੁੱਪਾਂ, ਗ਼ਜ਼ਲ, ਸਾਗਰ ਤੋਂ ਸਲੀਬ ਤੱਕ, ਮਾਲਕੌਂਸ (ਗ਼ਜ਼ਲ ਸੰਗ੍ਰਹਿ), ਅਤਰਾਲ, ਕਾਇਨਾਤ ਸ਼ਾਹਮੁਖੀ (ਹਿੰਦੀ ਗ਼ਜ਼ਲ ਸੰਗ੍ਰਹਿ), ਦੀਵਾਰ, ਵਿਕਾਸ, ਔਰ ਅੰਧਾ ਕੂੰਆਂ (ਕਵਿਤਾ ਸੰਗ੍ਰਹਿ ਹਿੰਦੀ) ਤੋਂ ਇਲਾਵਾ ਪੰਜਾਬੀ ਤੋਂ ਹਿੰਦੀ, ਹਿੰਦੀ ਤੋਂ ਪੰਜਾਬੀ, ਸੰਸਕ੍ਰਿਤ ਤੋਂ ਪੰਜਾਬੀ, ਅੰਗਰੇਜ਼ੀ ਤੋਂ ਪੰਜਾਬੀ ਵਿਚ ਕਈ ਲੇਖਕਾਂ ਦੀਆਂ ਰਚਨਾਵਾਂ ਦੇ ਅਨੁਵਾਦ ਵੀ ਉਨ੍ਹਾਂ ਨੇ ਕੀਤੇ | ਗੀਤਾਂਜਲੀ (ਰਵਿੰਦਰ ਨਾਥ ਟੈਗੋਰ), ਜਿਉਂਦੀ ਕੁਦਰਤ ਦੇ ਵੇਗ ਅਤੇ ਭੂ-ਗਰਭ ਵਿਗਿਆਨ (ਰੂਸੀ ਪੁਸਤਕਾਂ) ਅੰਗਰੇਜ਼ੀ ਤੋਂ ਪੰਜਾਬੀ 'ਚ ਅਨੁਵਾਦ ਕੀਤੀਆਂ | ਪ੍ਰੋ. ਪ੍ਰੀਤਮ ਸਿੰਘ ਰਾਹੀ ਦੀਆਂ ਕਿਤਾਬਾਂ 'ਤੇ ਪ੍ਰੋ: ਬ੍ਰਹਮ ਜਗਦੀਸ਼ ਸਿੰਘ, ਡਾ. ਅਮਰ ਕੋਮਲ, ਰਾਜਵਿੰਦਰ ਕੌਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਮਨਜੀਤ ਸਿੰਘ ਨੇ ਕੁਰੂਕੇਸ਼ਤਰ ਯੂਨੀਵਰਸਿਟੀ 'ਚ ਉਨ੍ਹਾਂ 'ਤੇ ਖੋਜ ਕਾਰਜ ਕੀਤਾ ਹੈ | ਉਨ੍ਹਾਂ 'ਤੇ 2010 'ਚ ਅਭਿਨੰਦਨ ਗ੍ਰੰਥ ਛਪਿਆ, ਜਿਸ ਦੀ ਸੰਪਾਦਨਾ ਤੇਜਵੰਤ ਮਾਨ (ਡਾ.) ਨੇ ਕੀਤੀ ਸੀ |
ਪ੍ਰੋ. ਪ੍ਰੀਤਮ ਸਿੰਘ ਰਾਹੀ ਦੀ ਕਵਿਤਾ ਪ੍ਰੀਤਮ ਸਿੰਘ ਸਫੀਰ, ਬਾਵਾ ਬਲਵੰਤ, ਅੰਮਿ੍ਤਾ ਤੇ ਪ੍ਰੋ: ਮੋਹਨ ਸਿੰਘ ਦੇ ਹਾਣ ਦੀ ਸੀ | ਉਨ੍ਹਾਂ ਦੀ ਕਲਮ ਮਾਨਵ ਦੋਖੀਆ, ਹੈਂਕੜਬਾਜ਼ਾਂ, ਸੱਤਾਧਾਰੀਆਂ, ਗੱਦਾਰਾਂ ਵਿਰੁੱਧ ਚਲਦੀ ਸੀ, ਜੋ ਹੱਕ ਲਈ ਲੜਨ ਵਾਲਿਆਂ ਬਹਾਦਰਾਂ ਨੂੰ ਪ੍ਰੇਰਿਤ ਕਰਦੀ ਹੈ -
ਉਹ ਕਾਹਦਾ ਇਨਸਾਨ ਹੈ ਪਿਆਰੇ |
ਜਿਸ ਦੀ ਨਹੀਂ ਜ਼ਬਾਨ ਹੈ ਪਿਆਰੇ |
ਖੇਤਾਂ ਦੇ ਵਿਚ ਮੁੜ੍ਹਕਾ ਰੁਲਦਾ,
ਮੰਡੀ ਵਿਚ ਕਿਸਾਨ ਹੈ ਪਿਆਰੇ |
ਆਪਣੇ ਮੂੰਹ 'ਤੇ ਤਾਲੇ ਲਾਓ,
ਹਾਕਮ ਦਾ ਫਰਮਾਨ ਹੈ ਪਿਆਰੇ |
-ਪਿੰਡ ਤੇ ਡਾਕਖਾਨਾ ਰਾਮਪੁਰਾ, ਤਹਿਸੀਲ ਰਾਮਪੁਰਾ ਫੂਲ
ਜ਼ਿਲ੍ਹਾ ਬਠਿੰਡਾ ਮੋ: 97792-97682
ਈਮੇਲ : dspreetimaan@gmail.com