14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਸੁਤੰਤਰ ਭਾਰਤ ਦਾ ਸੁਪਨਸਾਜ਼ ਪੰਡਿਤ ਜਵਾਹਰ ਲਾਲ ਨਹਿਰੂ

ਸੁਤੰਤਰ ਭਾਰਤ ਦਾ ਸੁਪਨਸਾਜ਼ ਪੰਡਿਤ ਜਵਾਹਰ ਲਾਲ ਨਹਿਰੂ

ਅਜੀਤ ਡੈਸਕ 14-11-2026

ਪੰਡਿਤ ਜਵਾਹਰ ਲਾਲ ਨਹਿਰੂ ਦੇਸ਼ ਦੇ ਉਨ੍ਹਾਂ ਸੁਪਨਸਾਜ਼ ਆਗੂਆਂ 'ਚੋਂ ਸਿਰਕੱਢ ਸਨ, ਜਿਨ੍ਹਾਂ ਦੀ ਨਜ਼ਰ ਵਰਤਮਾਨ ਤੋਂ ਵਧੇਰੇ ਭਵਿੱਖ 'ਤੇ ਟਿਕਦੀ ਸੀ | ਭਾਖੜਾ ਡੈਮ, ਇਸਰੋ, ਬੋਕਾਰੋ, ਭਲਈ, ਆਈ.ਆਈ.ਟੀਜ਼ ਤੇ ਏਮਜ਼ ਵਰਗੇ ਪ੍ਰੋਜੈਕਟਾਂ ਦੇ ਨਾਲ ਭਾਰਤੀ ਸਾਹਿਤ ਅਕਾਦਮੀ ਅਤੇ ਸੰਗੀਤ ਨਾਟਕ ਅਕਾਦਮੀ ਵਰਗੇ ਅਦਾਰਿਆਂ ਦੇ ਇਸ ਨਿਰਮਾਤਾ ਦੇ ਚਿਹਰੇ 'ਤੇ ਚਮਕਦੀ ਮੁਸਕਾਨ ਤੇ ਉਨ੍ਹਾਂ ਅੰਦਰ ਧੜਕਦੇ ਦਿਲ 'ਤੇ ਸਦਾ ਖਿੜੇ ਰਹਿੰਦੇ ਲਾਲ ਗੁਲਾਬ ਨੇ ਉਨ੍ਹਾਂ ਨੂੰ  ਭਾਰਤੀ ਰਾਜਨੀਤੀ 'ਚ ਇਕ ਪ੍ਰਤੀਕ-ਪੁਰਸ਼ ਵਜੋਂ ਸਥਾਪਤ ਕੀਤਾ ਸੀ |

 

ਦੇਸ਼ ਦੀ ਸੁਤੰਤਰਤਾ ਲਈ ਸੰਘਰਸ਼ਸ਼ੀਲ ਵੱਖ-ਵੱਖ ਧਾਰਾਵਾਂ ਦੇ ਨਾਲ-ਨਾਲ ਅਗਵਾਨੂੰ ਭੂਮਿਕਾ 'ਚ ਵਿਚਰ ਰਹੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਵਿਚ ਪੰਡਿਤ ਜਵਾਹਰ ਲਾਲ ਨਹਿਰੂ ਦਾ ਅਕਸ ਚਮਕਦੀਆਂ ਅੱਖਾਂ ਵਾਲੇ ਤੇਜ਼ ਤਰਾਰ ਆਗੂ ਵਾਲਾ ਸੀ | ਕਾਂਗਰਸ ਦੇ ਅੰਦਰ ਵਾਲੇ ਗਰਮ ਦਲੀਏ, ਸੁਭਾਸ਼ ਚੰਦਰ ਬੋਸ ਵਾਲੀ ਅਤਿ-ਜਜ਼ਬਾਤੀ ਵਿਚਾਰਧਾਰਾ ਤੇ ਵੱਲਭ ਭਾਈ ਪਟੇਲ ਵਾਲੀ ਸਨਾਤਨ-ਧਰਮੀ ਸੋਚ ਵਿਚਕਾਰ ਸੰਤੁਲਨ ਬਣਾਈ ਰੱਖਣ ਦੇ ਯਤਨਾਂ ਵਾਲਾ ਜਵਾਹਰ ਲਾਲ ਨਹਿਰੂ ਮਹਾਤਮਾ ਗਾਂਧੀ ਦਾ ਅਜਿਹਾ ਚਹੇਤਾ ਸੀ, ਜਿਸ ਨੂੰ  ਮਹਾਤਮਾ ਗਾਂਧੀ ਨੇ ਆਜ਼ਾਦੀ ਮਿਲਣ ਤੋਂ ਕਈ ਸਾਲ ਪਹਿਲਾਂ ਹੀ ਭਾਰਤ ਦੇ ਭਵਿੱਖ ਦੇ ਨਿਰਮਾਤਾ ਵਜੋਂ ਚਿਤਵ ਲਿਆ ਸੀ | 1941 'ਚ ਜਦੋਂ ਮਹਾਤਮਾ ਗਾਂਧੀ ਨੂੰ  ਉਨ੍ਹਾਂ ਦੇ ਰਾਜਨੀਤਿਕ ਉਤਰਾਧਿਕਾਰੀ ਬਾਰੇ ਪੁੱਛਿਆ ਗਿਆ ਸੀ ਤਾਂ ਉਸ ਸਮੇਂ ਤੇ ਬਾਅਦ 'ਚ ਵੀ ਕਈ ਵਾਰ ਉਨ੍ਹਾਂ ਨੇ ਦੁਹਰਾਇਆ ਸੀ, 'ਮੇਰੇ ਜਾਣ ਤੋਂ ਬਾਅਦ ਜਵਾਹਰ ਲਾਲ ਨਹਿਰੂ ਹੀ ਮੇਰਾ ਵਾਰਸ ਹੋਵੇਗਾ, ਕਿਉਂਕਿ ਉਹ ਨੌਜਵਾਨ ਪੀੜ੍ਹੀ ਦੀਆਂ ਇੱਛਾਵਾਂ ਅਤੇ ਭਾਰਤ ਦੇ ਭਵਿੱਖ ਦੀ ਨੁਮਾਇੰਦਗੀ ਕਰਦਾ ਹੈ | ਉਸ ਵਿਚ ਸੱਚੇ ਸਟੇਟਸਮੈਨ ਵਾਲੀ ਦੂਰਅੰਦੇਸ਼ੀ ਵੀ ਹੈ ਤੇ ਸੂਝ ਵੀ | ਉਹ ਕ੍ਰਿਸਟਲ ਵਾਂਗ ਪਵਿੱਤਰ ਤੇ ਸ਼ੱਕ ਤੋਂ ਪਰ੍ਹੇ ਸੱਚਾ ਇਨਸਾਨ ਹੈ |' 1946 ਦੇ ਕੁਝ ਦਸਤਾਵੇਜ਼ ਇਹ ਵੀ ਦੱਸਦੇ ਹਨ ਕਿ ਜਦੋਂ ਆਜ਼ਾਦ ਭਾਰਤ ਦਾ ਪ੍ਰਧਾਨ ਮੰਤਰੀ ਬਣਾਉਣ ਬਾਰੇ ਵਿਚਾਰਾਂ ਹੋ ਰਹੀਆਂ ਸਨ ਤਾਂ ਕਾਂਗਰਸ ਪਾਰਟੀ ਦੀਆਂ 15 'ਚੋਂ 13 ਪ੍ਰਦੇਸ਼ ਕਮੇਟੀਆਂ ਨੇ ਸਰਦਾਰ ਪਟੇਲ ਦੇ ਨਾਂਅ 'ਤੇ ਮੋਹਰ ਲਾਈ ਸੀ, ਪਰ ਮਹਾਤਮਾ ਗਾਂਧੀ ਨੇ ਪਟੇਲ ਨੂੰ  ਆਪਣਾ ਨਾਂਅ ਵਾਪਸ ਲੈਣ ਲਈ ਕਿਹਾ ਤੇ ਜਦੋਂ ਇਸਦਾ ਕਾਰਨ ਪੁੱਛਿਆ ਗਿਆ ਤਾਂ ਮਹਾਤਮਾ ਗਾਂਧੀ ਨੇ ਕਿਹਾ ਸੀ, 'ਜਵਾਹਰ ਦੂਜਾ ਸਥਾਨ ਨਹੀਂ ਲਵੇਗਾ | ਉਹ ਵਿਦੇਸ਼ਾਂ ਵਿਚ ਵੱਧ ਪ੍ਰਸਿੱਧ ਹੈ ਤੇ ਭਾਰਤ ਨੂੰ  ਵਿਸ਼ਵ ਪੱਧਰ 'ਤੇ ਭੂਮਿਕਾ ਦਿਵਾਏਗਾ | ਸਰਦਾਰ ਪਟੇਲ ਦੇਸ਼ ਦੇ ਮਾਮਲੇ ਸੰਭਾਲੇਗਾ | ਇਹ ਦੋਵੇਂ ਸਰਕਾਰ ਦੀ ਗੱਡੀ ਨਾਲ ਜੁੜੇ ਹੋਏ ਦੋ ਬਲਦਾਂ ਦੀ ਜੋੜੀ ਵਾਂਗ ਹੋਣਗੇ |'
ਸ਼ਹਿਰੀਕਰਨ, ਉੱਚ ਸਿੱਖਿਆ, ਵਿਗਿਆਨਕ ਦਿ੍ਸ਼ਟੀਕੋਣ ਅਤੇ ਆਧੁਨਿਕ ਲੀਹਾਂ ਵਾਲੇ ਪ੍ਰਸ਼ਾਸਨ ਰਾਹੀਂ ਵਿਕਸਿਤ ਹੋਣ ਵਾਲੇ ਭਾਰਤ ਦਾ ਸੁਪਨਾ ਲੈਣ ਵਾਲਾ ਪੰਡਿਤ ਜਵਾਹਰ ਲਾਲ ਨਹਿਰੂ ਭਾਰਤ ਦੇ ਨਵ-ਨਿਰਮਾਣ ਦਾ ਅਜਿਹਾ ਨਿਰਮਾਤਾ ਬਣਿਆ, ਜਿਸ ਨੇ ਰਾਜਨੀਤੀ ਨੂੰ  ਧਰਮ-ਨਿਰਪੱਖਤਾ ਅਤੇ ਨੈਤਿਕ ਮੁੱਲਾਂ ਦੇ ਥੰਮ੍ਹਾਂ 'ਤੇ ਟਿਕਾਉਣ ਦਾ ਲਗਾਤਾਰ ਯਤਨ ਕੀਤਾ | ਪੰਡਿਤ ਨਹਿਰੂ ਦੀ ਸੋਚ ਦੇ ਸਮੁੱਚੇ ਸੰਦਰਭ ਵਿਚ ਜੇ ਉਨ੍ਹਾਂ ਨੂੰ  ਦਰਪੇਸ਼ ਵੰਗਾਰਾਂ ਨੂੰ  ਦੇਖੀਏ ਤਾਂ 1929 'ਚ ਕਾਂਗਰਸ ਵਲੋਂ ਪੂਰਨ ਸਵਰਾਜ ਦਾ ਮਤਾ ਪਾਸ ਕਰਨ ਉਪਰੰਤ 1947 ਤੱਕ ਦੇ 18 ਸਾਲ ਬੇਹੱਦ ਮਹੱਤਵਪੂਰਨ ਸਨ | ਇਨ੍ਹਾਂ ਸਾਲਾਂ 'ਚ ਹੀ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀਆਂ ਸ਼ਹਾਦਤਾਂ ਹੋਈਆਂ, ਬੱਬਰ ਅਕਾਲੀ ਲਹਿਰ ਦੀਆਂ ਸਰਗਰਮੀਆਂ ਵੀ ਜਾਰੀ ਸਨ, ਮੁਸਲਿਮ ਲੀਗ ਨੂੰ  ਪਾਕਿਸਤਾਨ ਬਣਾਉਣ ਦਾ ਫੁਰਨਾ ਫੁਰਿਆ, ਦੂਜਾ ਵਿਸ਼ਵ ਯੁੱਧ ਹੋਇਆ, ਭਾਰਤ ਛੱਡੋ ਅੰਦੋਲਨ ਹੋਇਆ, ਆਜ਼ਾਦ ਹਿੰਦ ਫੌਜ ਬਣੀ ਤੇ ਸੁਭਾਸ਼ ਚੰਦਰ ਬੋਸ ਵਰਗੇ ਕਾਂਗਰਸ ਦੇ ਵੱਡੇ ਆਗੂ ਕਾਂਗਰਸ ਤੋਂ ਵੱਖ ਹੋਏ | ਇਸ ਸਾਰੀ ਉਥਲ-ਪੁਥਲ ਦਾ ਦੂਰਰਸ ਅਸਰ ਇਹ ਹੋਇਆ ਕਿ ਭਾਰਤ ਦੀ ਆਜ਼ਾਦੀ ਨੇੜੇ ਦਿਸਣ ਲੱਗੀ | ਵਿਸ਼ਵ ਯੁੱਧ ਖਤਮ ਹੁੰਦਿਆਂ ਹੀ ਅੰਗਰੇਜ਼ਾਂ ਨੂੰ  ਸਮਝ ਆ ਗਈ ਕਿ ਭਾਰਤ ਤੋਂ ਵਾਪਸ ਚਲੇ ਜਾਣ 'ਚ ਹੀ ਭਲਾਈ ਹੈ | ਕਾਂਗਰਸ ਵਰਕਿੰਗ ਕਮੇਟੀ ਵਲੋਂ ਵੰਡ ਦਾ ਪ੍ਰਸਤਾਵ ਮਨਜ਼ੂਰ ਕੀਤੇ ਜਾਣ ਦੇ ਬਾਵਜੂਦ ਮਹਾਤਮਾ ਗਾਂਧੀ ਬਹੁਤ ਦਰਦ ਵਿਚ ਸਨ | ਪਰ ਮਾਊਾਟਬੈਟਨ ਨੇ ਮੀਟਿੰਗ 'ਚ ਕਿਹਾ ਸੀ ਕਿ ਉਸ ਨੇ ਇਕ ਦਿਨ ਪਹਿਲਾਂ ਹੀ ਮਹਾਤਮਾ ਗਾਂਧੀ ਨਾਲ ਗੱਲ ਕਰ ਲਈ ਹੈ | ਇਹ ਗੱਲ ਮਹਾਤਮਾ ਗਾਂਧੀ ਦੇ ਮੌਨ ਵਰਤ ਦੇ ਦਿਨਾਂ 'ਚ ਕਾਗਜ਼ ਦੇ ਇਕ ਟੁਕੜੇ 'ਤੇ ਲਿਖ ਕੇ ਹੋਈ ਸੀ | ਪਰ ਉਸ ਨੇ 2 ਜੂਨ 1947 ਦਿਨ ਸੋਮਵਾਰ ਨੂੰ  ਲਿਖਿਆ ਸੀ, 'ਮੈਂ ਇਸ ਮਾਮਲੇ 'ਤੇ ਆਪਣੀ ਰਾਏ ਉਦੋਂ ਦੇਵਾਂਗਾ ਜਦੋਂ ਅਸੀਂ ਦੁਬਾਰਾ ਮਿਲਾਂਗੇ |' 3 ਜੂਨ ਦੀ ਮੀਟਿੰਗ ਦੇ ਫ਼ੈਸਲੇ ਬਾਰੇ ਮਾਊਾਟਬੈਟਨ ਨੇ ਰੇਡੀਓ ਭਾਸ਼ਨ ਰਾਹੀਂ ਜਨਤਕ ਐਲਾਨ ਕਰਨਾ ਸੀ | ਇਸੇ ਦਿਨ ਪੰਡਿਤ ਜਵਾਹਰ ਲਾਲ ਨਹਿਰੂ, ਮੁਹੰਮਦ ਅਲੀ ਜਿਨਾਹ ਤੇ ਸਰਦਾਰ ਬਲਦੇਵ ਸਿੰਘ ਨੇ ਵੀ ਰੇਡੀਓ ਭਾਸ਼ਨ ਦੇ ਕੇ ਇਹ ਫ਼ੈਸਲੇ ਦੁਹਰਾਏ ਸਨ | ਪੰਡਿਤ ਨਹਿਰੂ ਨੇ ਆਪਣਾ ਭਾਸ਼ਨ ਇਹ ਕਹਿ ਕੇ ਸ਼ੁਰੂ ਕੀਤਾ ਸੀ, 'ਮੈਂ ਬਿਲਕੁਲ ਵੀ ਖੁਸ਼ ਨਹੀਂ ਹਾਂ, ਫਿਰ ਵੀ ਮੈਂ ਸੰਤੁਸ਼ਟ ਹਾਂ ਕਿ ਇਹ ਫ਼ੈਸਲਾ ਵਿਆਪਕ ਦਿ੍ਸ਼ਟੀਕੋਣ ਤੋਂ ਸਹੀ ਹੈ |' ਮੁਹੰਮਦ ਅਲੀ ਜਿਨਾਹ ਨੇ ਅੰਗਰੇਜ਼ੀ 'ਚ ਦਿੱਤੇ ਆਪਣੇ ਭਾਸ਼ਨ ਵਿਚ ਕਿਹਾ ਸੀ, 'ਮੈਂ ਖੁਸ਼ ਹਾਂ ਕਿ ਮੈਂ ਰੇਡੀਓ ਵਰਗੇ ਸ਼ਕਤੀਸ਼ਾਲੀ ਮਾਧਿਅਮ ਰਾਹੀਂ ਆਪਣੇ ਲੋਕਾਂ ਨੂੰ  ਸਿੱਧੇ ਤੌਰ 'ਤੇ ਸੰਬੋਧਨ ਕਰ ਰਿਹਾ ਹਾਂ ਪਰ ਮੈਂ ਇਸ ਫ਼ੈਸਲੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹਾਂ |'
ਇੱਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ 3 ਜੂਨ ਵਾਲੀ ਮੀਟਿੰਗ ਵਿਚ ਰਾਮ ਮਨੋਹਰ ਲੋਹੀਆ ਵਿਸ਼ੇਸ਼ ਤੌਰ 'ਤੇ ਸੱਦੇ ਗਏ ਮੈਂਬਰ ਵਜੋਂ ਮੌਜੂਦ ਸਨ | ਲੋਹੀਆ ਨੇ ਆਪਣੀ ਕਿਤਾਬ ਵਿਚ ਲਿਖਿਆ ਹੈ ਕਿ ਮਹਾਤਮਾ ਗਾਂਧੀ ਦਾ ਵਿਚਾਰ ਸੀ, 'ਵੰਡ ਦੇ ਸਵਾਲ 'ਤੇ ਕਾਂਗਰਸ ਅਤੇ ਮੁਸਲਿਮ ਲੀਗ ਨੂੰ  ਆਪਸ ਵਿਚ ਇਕੱਠੇ ਬੈਠ ਕੇ ਫ਼ੈਸਲਾ ਕਰਨਾ ਚਾਹੀਦਾ ਹੈ | ਬਿ੍ਟਿਸ਼ ਸਰਕਾਰ ਅਤੇ ਵਾਇਸਰਾਏ ਨੂੰ  ਪਾਸੇ ਹੋਣ ਲਈ ਕਹਿਣਾ ਚਾਹੀਦਾ ਹੈ |'
ਅਜਿਹੇ ਹਾਲਾਤ ਵਿਚ ਹੋਈ ਭਾਰਤ ਦੀ ਵੰਡ ਵਿਚ ਪੰਡਿਤ ਨਹਿਰੂ ਦੇ ਪੰਜਾਬ ਪ੍ਰਤੀ ਨਜ਼ਰੀਏ ਨੂੰ  ਦੇਖਣਾ ਵੀ ਜ਼ਰੂਰੀ ਹੈ | 1919-1940 ਦੌਰਾਨ ਪੰਜਾਬੀਆਂ ਖ਼ਾਸ ਕਰਕੇ ਸਿੱਖ ਆਗੂਆਂ ਦੀ ਮੁੱਖ ਮੰਗ ਇਹ ਸੀ ਕਿ ਆਜ਼ਾਦ ਭਾਰਤ ਵਿਚ ਸਿੱਖਾਂ ਨੂੰ  ਵੱਖਰੀ ਪਛਾਣ ਤੇ ਸੁਰੱਖਿਆ ਮਿਲੇ | ਕਾਂਗਰਸ ਕਹਿੰਦੀ ਸੀ ਕਿ ਆਜ਼ਾਦ ਭਾਰਤ ਧਰਮ-ਨਿਰਪੱਖ ਹੋਵੇਗਾ ਤੇ ਸਭ ਨੂੰ  ਬਰਾਬਰ ਹੱਕ ਮਿਲਣਗੇ | ਮੁਸਲਿਮ ਲੀਗ ਪਾਕਿਸਤਾਨ ਦੀ ਮੰਗ ਕਰ ਰਹੀ ਸੀ | ਸਿੱਖ ਆਗੂਆਂ ਦਾ ਵਿਚਾਰ ਸੀ ਕਿ ਜੇ ਪੰਜਾਬ ਵੰਡਿਆ ਜਾਂਦਾ ਹੈ ਤਾਂ ਸਿੱਖ ਵਿਚਕਾਰ ਫਸ ਜਾਣਗੇ, ਇਸ ਲਈ ਉਨ੍ਹਾਂ ਲਈ ਵੱਖਰਾ ਪ੍ਰਬੰਧ ਹੋਣਾ ਚਾਹੀਦਾ ਹੈ | ਇਤਿਹਾਸਕਾਰਾਂ ਅਨੁਸਾਰ 1946 ਵਿਚ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ, 'ਸਿੱਖਾਂ ਦੀ ਬਹਾਦਰੀ ਤੇ ਕੁਰਬਾਨੀ ਨੂੰ  ਕਦੇ ਭੁਲਾਇਆ ਨਹੀਂ ਜਾ ਸਕਦਾ | ਆਜ਼ਾਦ ਭਾਰਤ ਵਿਚ ਸਿੱਖਾਂ ਨੂੰ  ਇਹ ਮਹਿਸੂਸ ਕਰਾਇਆ ਜਾਵੇਗਾ ਕਿ ਉਹ ਆਜ਼ਾਦੀ ਦੇ ਘਰ ਵਿਚ ਹਨ |' ਅਕਾਲੀ ਦਲ ਦੇ ਆਗੂ ਮਾਸਟਰ ਤਾਰਾ ਸਿੰਘ ਤੇ ਹੋਰ ਆਗੂਆਂ ਨੇ ਇਸ ਨੂੰ  ਇਸ ਤਰ੍ਹਾਂ ਸਮਝਿਆ ਕਿ ਸਿੱਖਾਂ ਨੂੰ  ਪੰਜਾਬ ਵਿਚ ਇਕ ਅਜਿਹਾ ਖੇਤਰ ਮਿਲੇਗਾ, ਜਿੱਥੇ ਉਹ ਆਪਣੇ ਧਾਰਮਿਕ ਤੇ ਸੱਭਿਆਚਾਰਕ ਮਾਮਲਿਆਂ ਵਿਚ ਆਜ਼ਾਦ ਹੋਣਗੇ | ਦੂਜੇ ਪਾਸੇ ਕਾਂਗਰਸੀ ਆਗੂਆਂ ਦਾ ਕਹਿਣਾ ਸੀ ਕਿ ਇਹ ਕੋਈ ਲਿਖਤੀ ਵਾਅਦਾ ਨਹੀਂ ਸੀ, ਸਗੋਂ ਇਕ ਆਮ ਭਰੋਸਾ ਸੀ ਕਿ ਧਰਮ-ਨਿਰਪੱਖ ਭਾਰਤ ਵਿਚ ਸਾਰੀਆਂ ਘੱਟ-ਗਿਣਤੀਆਂ ਸੁਰੱਖਿਅਤ ਰਹਿਣਗੀਆਂ | 1947 ਵਿਚ ਦੇਸ਼ ਆਜ਼ਾਦ ਹੋਇਆ | ਪੰਜਾਬ ਤੇ ਬੰਗਾਲ ਦੀ ਵੰਡ ਹੋਈ | ਪੰਜਾਬੀਆਂ ਖ਼ਾਸ ਕਰਕੇ ਸਿੱਖਾਂ ਦਾ ਵੱਡਾ ਹਿੱਸਾ ਪਾਕਿਸਤਾਨੀ ਪੰਜਾਬ ਤੋਂ ਭਾਰਤੀ ਪੰਜਾਬ ਵਿਚ ਆ ਗਿਆ | ਇਸ ਤੋਂ ਬਾਅਦ ਸਿੱਖ ਆਗੂਆਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ  ਜੋ ਭਰੋਸਾ ਪੰਡਿਤ ਨਹਿਰੂ ਵਲੋਂ ਦਿੱਤਾ ਗਿਆ ਸੀ, ਉਹ ਪੂਰਾ ਨਹੀਂ ਹੋਇਆ | ਇਹ ਨਾਰਾਜ਼ਗੀ ਬਾਦਸਤੂਰ ਅਜੇ ਤੱਕ ਵੀ ਜਾਰੀ ਹੈ |
ਦੇਸ਼ ਨੂੰ  ਆਜ਼ਾਦੀ ਮਿਲਣ ਦੇ 79 ਸਾਲ ਬਾਅਦ ਤੇ ਪੰਡਿਤ ਨਹਿਰੂ ਦੇ ਚਲੇ ਜਾਣ ਤੋਂ 62 ਸਾਲ ਬਾਅਦ ਵੀ ਇਹ ਸਵਾਲ ਹਵਾ ਵਿਚ ਲਟਕਦੇ ਹਨ |
 -ਪਾਕਿਸਤਾਨ ਦੀ ਮੰਗ ਪ੍ਰਵਾਨ ਹੋਣ ਉਪਰੰਤ ਵੀ ਮੁਹੰਮਦ ਅਲੀ ਜਿਨਾਹ ਹੋਰ ਕੀ ਮੰਗ ਰਿਹਾ ਸੀ?
-ਮਹਾਤਮਾ ਗਾਂਧੀ ਵੰਡ ਦੇ ਵਿਰੋਧ ਵਿਚ ਕਿਉਂ ਸਨ ਤੇ ਉਨ੍ਹਾਂ ਕੋਲ ਕੋਈ ਹੋਰ ਯੋਜਨਾ ਕਿਹੜੀ ਸੀ?
-ਪੰਡਿਤ ਨਹਿਰੂ 'ਚ ਹੋਰ ਅਜਿਹਾ ਕੀ ਸੀ ਕਿ ਕਾਂਗਰਸ ਅੰਦਰ ਪਟੇਲ ਦੇ ਹਰਮਨ ਪਿਆਰਾ ਹੋਣ ਦੇ ਬਾਵਜੂਦ ਪੰਡਿਤ ਨਹਿਰੂ ਸਰਬ ਪ੍ਰਮਾਣਿਤ ਆਗੂ ਸਨ?
-ਕੀ ਪੰਜਾਬ ਤੇ ਬੰਗਾਲ ਦੇ ਟੁਕੜੇ ਕਰਵਾ ਕੇ, ਲੱਖਾਂ ਕਤਲਾਂ ਦੀ ਕੀਮਤ ਚੁਕਾ ਕੇ ਅਤੇ ਧਰਮ ਦੇ ਆਧਾਰ 'ਤੇ ਦੇਸ਼ ਦੀ ਵੰਡ ਨੂੰ  ਸਵੀਕਾਰ ਕਰਨਾ ਜਾਇਜ਼ ਸੀ?
-ਪੰਡਿਤ ਜਵਾਹਰ ਲਾਲ ਨਹਿਰੂ ਦੀ ਧਰਮ-ਨਿਰਪੱਖ ਸੋਚ ਨੇ ਸਰਦਾਰ ਪਟੇਲ ਨਾਲ ਮਿਲ ਕੇ ਮਹਾਤਮਾ ਗਾਂਧੀ ਤੋਂ ਬੇਪ੍ਰਵਾਹ ਹੋ ਕੇ ਵੀ ਧਰਮ ਆਧਾਰਿਤ ਵੰਡ ਨੂੰ  ਸਵੀਕਾਰ ਕਿਉਂ ਕੀਤਾ?
ਇਨ੍ਹਾਂ ਸਵਾਲਾਂ 'ਤੇ ਆਉਣ ਵਾਲੇ ਸਮੇਂ ਵਿਚ ਵੀ ਚਰਚਾ ਹੁੰਦੀ ਰਹੇਗੀ | ਪਰ ਇਸ ਗੱਲ ਬਾਰੇ ਦੋ ਰਾਵਾਂ ਨਹੀਂ ਹਨ ਕਿ ਪੰਡਿਤ ਜਵਾਹਰ ਲਾਲ ਨਹਿਰੂ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਸਮੁੱਚੇ ਕਾਰਜਕਾਲ ਵਿਚ ਨਾ ਕੇਵਲ ਦੇਸ਼ ਨੂੰ  ਜਮਹੂਰੀਅਤ ਅਤੇ ਧਰਮ ਨਿਰਪੱਖਤਾ ਦੀਆਂ ਲੀਹਾਂ 'ਤੇ ਚਲਾਇਆ, ਸਗੋਂ ਦੇਸ਼ ਦਾ ਵੱਖ-ਵੱਖ ਪਹਿਲੂਆਂ ਤੋਂ ਚੋਖਾ ਵਿਕਾਸ ਵੀ ਕੀਤਾ | ਭਾਵੇਂ ਕਿ ਜੰਮੂ-ਕਸ਼ਮੀਰ ਦੇ ਵਿਵਾਦ ਨਾਲ ਨਿਪਟਣ ਦੇ ਮਾਮਲੇ ਵਿਚ ਉਨ੍ਹਾਂ ਤੋਂ ਵੱਡੀ ਗਲਤੀ ਵੀ ਹੋਈ |

ਮੋਬਾਈਲ : 9417194812

ਪਿਛਲੀ ਖ਼ਬਰ 'ਆਪ' ਦੀ ਪਹਿਲ ਅਗਲੀ ਖ਼ਬਰ ਜਮਹੂਰੀ ਵਿਵਸਥਾ 'ਚ ਸਰਕਾਰ ਤੇ ਮੀਡੀਆ ਦਾ ਰੋਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।