14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

'ਆਪ' ਦੀ ਪਹਿਲ

'ਆਪ' ਦੀ ਪਹਿਲ

ਅਜੀਤ ਡੈਸਕ 14-11-2026

ਆਮ ਆਦਮੀ ਪਾਰਟੀ ਵਲੋਂ 40 ਉਮੀਦਵਾਰਾਂ ਦੀ ਪਹਿਲੀ ਸੂਚੀ 31 ਅਕਤੂਬਰ ਨੂੰ  ਜਾਰੀ ਕਰ ਦਿੱਤੀ ਗਈ ਸੀ | ਉਸ ਤੋਂ 12 ਦਿਨ ਬਾਅਦ ਹੁਣ 31 ਉਮੀਦਵਾਰਾਂ ਦੀ ਦੂਸਰੀ ਸੂਚੀ ਜਾਰੀ ਕੀਤੀ ਗਈ ਹੈ | ਇਸ ਮਾਮਲੇ ਵਿਚ ਜਿੱਥੇ ਇਸ ਪਾਰਟੀ ਨੇ ਹੋਰਾਂ ਤੋਂ ਪਹਿਲ ਕਰ ਲਈ ਹੈ, ਉੱਥੇ ਇਸ ਕਦਮ ਨਾਲ ਪਾਰਟੀ ਅੰਦਰ ਪੈਦਾ ਹੋਏ ਵਿਸ਼ਵਾਸ ਦਾ ਪ੍ਰਭਾਵ ਵੀ ਪੈਂਦਾ ਹੈ | ਚੋਣਾਂ ਤੋਂ ਪਹਿਲਾਂ ਹਰ ਪਾਰਟੀ ਵਿਚ ਜੱਦੋ-ਤੱਕੀ ਹੁੰਦੀ ਹੈ | ਮੈਦਾਨ ਵਿਚ ਉਤਰਨ ਵਾਲੇ ਖ਼ਾਹਿਸ਼ਮੰਦ ਉਮੀਦਵਾਰਾਂ ਦੀ ਸੂਚੀ ਅਕਸਰ ਵੱਡੀ ਹੁੰਦੀ ਹੈ, ਪਰ ਚੋਣ ਮੈਦਾਨ ਵਿਚ ਕਿਸੇ ਇਕ ਸੀਟ ਤੋਂ ਪਾਰਟੀ ਦੇ ਕਿਸੇ ਇਕ ਪ੍ਰਤੀਨਿਧ ਨੂੰ  ਹੀ ਉਤਾਰਿਆ ਜਾਣਾ ਹੁੰਦਾ ਹੈ, ਅਜਿਹੇ ਐਲਾਨਾਂ ਸਮੇਂ ਬਹੁਤੀ ਵਾਰ ਆਸਵੰਦ ਵਰਕਰਾਂ ਦੇ ਮਨਾਂ ਵਿਚ ਨਾਰਾਜ਼ਗੀ ਵੀ ਪੈਦਾ ਹੋ ਸਕਦੀ ਹੈ ਅਤੇ ਕਈ ਵਾਰ ਉਹ ਪਾਰਟੀ ਤੋਂ ਬਗ਼ਾਵਤ ਕਰਨ 'ਤੇ ਵੀ ਉਤਾਰੂ ਹੋ ਜਾਂਦੇ ਹਨ | ਇਸ ਸਥਿਤੀ ਨੂੰ  ਸੰਭਾਲਣਾ ਆਪਣੇ-ਆਪ ਵਿਚ ਇਕ ਜੋਖ਼ਮ ਭਰਿਆ ਕੰਮ ਹੁੰਦਾ ਹੈ |

ਪਾਰਟੀ ਵਲੋਂ ਪਹਿਲੀ ਸੂਚੀ 'ਚ ਮਾਲਵੇ ਤੋਂ 27, ਦੁਆਬੇ ਤੋਂ 8 ਅਤੇ ਮਾਝੇ ਤੋਂ 6 ਉਮੀਦਵਾਰ ਐਲਾਨੇ ਗਏ ਸਨ, ਇਸ ਵਿਚ ਜ਼ਿਆਦਾਤਰ ਮੌਜੂਦਾ ਵਿਧਾਇਕਾਂ ਨੂੰ  ਹੀ ਟਿਕਟਾਂ ਦੇਣ ਦਾ ਐਲਾਨ ਕੀਤਾ ਗਿਆ ਸੀ, ਪਰ ਹੁਣ 31 ਉਮੀਦਵਾਰਾਂ ਦੀ ਜਾਰੀ ਕੀਤੀ ਗਈ ਦੂਜੀ ਸੂਚੀ ਵਿਚ ਇਕ ਮੰਤਰੀ ਅਤੇ 7 ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਗਈਆਂ ਹਨ | ਇਸ ਦੇ ਨਾਲ ਹੀ 2 ਸੰਸਦ ਮੈਂਬਰਾਂ ਨੂੰ  ਵੀ ਮੈਦਾਨ ਵਿਚ ਉਤਾਰਿਆ ਗਿਆ ਹੈ | ਕੁਝ ਮੌਜੂਦਾ ਵਿਧਾਇਕਾਂ ਅਤੇ ਅਹਿਮ ਆਗੂਆਂ ਦੀਆਂ ਟਿਕਟਾਂ ਕੱਟਣ ਨਾਲ ਨਾਰਾਜ਼ਗੀ ਪੈਦਾ ਹੋਈ ਹੈ ਅਤੇ ਵਿਵਾਦ ਉੱਠਣੇ ਵੀ ਕੁਦਰਤੀ ਹਨ, ਪਰ ਪਾਰਟੀ ਆਗੂਆਂ ਵਲੋਂ ਇਹ ਪ੍ਰਭਾਵ ਜ਼ਰੂਰ ਦਿੱਤਾ ਗਿਆ ਹੈ ਕਿ ਅਜਿਹੇ ਐਲਾਨਾਂ ਤੋਂ ਪਹਿਲਾਂ ਇਸ ਮਸਲੇ 'ਤੇ ਹਰ ਤਰ੍ਹਾਂ ਦੀ ਕਵਾਇਦ ਕੀਤੀ ਗਈ ਸੀ ਅਤੇ ਇਹ ਵੀ ਕਿ ਪਾਰਟੀ ਨਾਲ ਸੰਬੰਧਿਤ ਸਮੁੱਚੇ ਵਿਧਾਇਕਾਂ ਅਤੇ ਆਸਵੰਦ ਆਗੂਆਂ ਦੀ ਕਾਰਗੁਜ਼ਾਰੀ ਸੰਬੰਧੀ ਵੀ ਕਈ ਵਾਰ ਸਰਵੇਖਣ ਕਰਵਾਏ ਗਏ ਸਨ | ਆਮ ਆਦਮੀ ਪਾਰਟੀ ਆਉਂਦੇ ਮਹੀਨਿਆਂ ਵਿਚ ਆਪਣਾ 5 ਸਾਲ ਦਾ ਕਾਰਜਕਾਲ ਪੂਰਾ ਕਰ ਰਹੀ ਹੈ | ਇਸ ਦੇ ਕੰਮ-ਕਾਰ ਨੂੰ  ਲੋਕਾਂ ਵਲੋਂ ਹਰ ਪੱਖ ਤੋਂ ਦੇਖਿਆ ਜਾਂਦਾ ਰਿਹਾ ਹੈ | ਪਾਰਟੀ ਵਲੋਂ ਇਸ ਗੱਲ 'ਤੇ ਖ਼ਾਸ ਧਿਆਨ ਦਿੱਤਾ ਗਿਆ ਜਾਪਦਾ ਹੈ ਕਿ ਜਿਨ੍ਹਾਂ ਆਗੂਆਂ ਦੀ ਇਸ ਸਮੇਂ ਵਿਚ ਕਾਰਗੁਜ਼ਾਰੀ ਸੰਤੁਸ਼ਟੀਜਨਕ ਨਹੀਂ ਰਹੀ, ਉਨ੍ਹਾਂ ਨੂੰ  ਬਦਲਣਾ ਜ਼ਰੂਰੀ ਹੈ | ਸਰਕਾਰ ਦੇ ਕਾਰਜਕਾਲ ਦੌਰਾਨ  ਸਾਰੇ ਲੋਕਾਂ ਦੀਆਂ ਉਮੀਦਾਂ 'ਤੇ ਪੂਰਾ ਉਤਰਨਾ ਤਾਂ ਮੁਸ਼ਕਿਲ ਹੁੰਦਾ ਹੈ ਪਰ ਮੁੱਖ ਰੂਪ ਵਿਚ ਵੱਖ-ਵੱਖ ਖੇਤਰਾਂ ਵਿਚ ਪਾਰਟੀ ਪ੍ਰਤੀਨਿਧ ਕਿੰਨਾ ਕੁ ਕੰਮ ਕਰਵਾਉਣ ਵਿਚ ਸਫ਼ਲ ਰਹੇ ਹਨ ਅਤੇ ਇਸ ਸਮੇਂ ਵਿਚ ਉਨ੍ਹਾਂ ਸੰਬੰਧੀ ਕਿੰਨੇ ਕੁ ਵਿਵਾਦ ਖੜ੍ਹੇ ਹੁੰਦੇ ਰਹੇ ਹਨ, ਅਜਿਹਾ ਦੇਖਣਾ ਖ਼ਾਸ ਤੌਰ 'ਤੇ ਪ੍ਰਸ਼ਾਸਨ ਚਲਾ ਰਹੀ ਪਾਰਟੀ ਲਈ  ਮਹੱਤਵਪੂਰਨ ਹੁੰਦਾ ਹੈ | ਇਹ ਵੀ ਦੇਖਿਆ ਜਾਂਦਾ ਹੈ ਕਿ ਮੌਜੂਦਾ ਹਾਲਾਤ ਵਿਚ ਕਿਹੜਾ ਉਮੀਦਵਾਰ ਪਾਰਟੀ ਨੂੰ  ਜਿੱਤ ਦਿਵਾਉਣ ਦੇ ਸਮਰੱਥ ਹੋ ਸਕਦਾ ਹੈ | ਹੁਣ ਜਦੋਂ ਕਿ ਸੂਬੇ ਵਿਚ ਚੋਣਾਂ ਨਜ਼ਦੀਕ ਆ ਰਹੀਆਂ ਹਨ, ਇਸ ਲਈ ਸਾਰੀਆਂ ਹੀ ਸੰਬੰਧਿਤ ਪਾਰਟੀਆਂ ਵਲੋਂ ਉਮੀਦਵਾਰ ਚੁਣਨ ਲਈ ਛੇਤੀ ਤੋਂ ਛੇਤੀ ਅਜਿਹੀ ਕਵਾਇਦ ਕੀਤੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ | ਪਰ 'ਆਪ' ਵਲੋਂ ਛੇਤੀ ਉਮੀਦਵਾਰਾਂ ਦਾ ਐਲਾਨ  ਕੀਤੇ ਜਾਣ ਨਾਲ ਉਨ੍ਹਾਂ ਨੂੰ  ਆਪੋ-ਆਪਣੇ ਹਲਕਿਆਂ ਵਿਚ ਪ੍ਰਚਾਰ ਲਈ ਵਧੇਰੇ ਸਮਾਂ ਮਿਲ ਸਕੇਗਾ |
ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਤੇਜ਼ੀ ਨਾਲ ਇਸ ਪਾਸੇ ਕਦਮ ਵਧਾਇਆ ਹੈ, ਉਸ ਤੋਂ ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਉਹ ਛੇਤੀ ਹੀ ਰਹਿੰਦੇ ਉਮੀਦਵਾਰਾਂ ਦਾ ਐਲਾਨ ਵੀ ਕਰ ਦੇਵੇਗੀ | ਬਿਨਾਂ ਸ਼ੱਕ ਆਉਣ ਵਾਲੇ ਸਮੇਂ ਵਿਚ ਗਿਣਤੀਆਂ-ਮਿਣਤੀਆਂ ਵਿਚ ਪਈਆਂ ਰਹਿਣ ਵਾਲੀਆਂ ਪਾਰਟੀਆਂ 'ਤੇ ਵੀ ਉਮੀਦਵਾਰ ਛੇਤੀ ਐਲਾਨਣ ਲਈ ਦਬਾਅ ਬਣੇਗਾ |

-ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਵਿਚਾਰ-ਪ੍ਰਵਾਹ ਅਗਲੀ ਖ਼ਬਰ ਸੁਤੰਤਰ ਭਾਰਤ ਦਾ ਸੁਪਨਸਾਜ਼ ਪੰਡਿਤ ਜਵਾਹਰ ਲਾਲ ਨਹਿਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।