25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਕ੍ਰਿਸ਼ਮਈ ਅੰਦਾਜ਼ ਵਾਲੀ ਕ੍ਰਿਸ਼ਮਾ ਕਪੂਰ ਦੀਆਂ ਦਿਲਚਸਪ ਬਾਤਾਂ

ਕ੍ਰਿਸ਼ਮਈ ਅੰਦਾਜ਼ ਵਾਲੀ ਕ੍ਰਿਸ਼ਮਾ ਕਪੂਰ ਦੀਆਂ ਦਿਲਚਸਪ ਬਾਤਾਂ

ਅਜੀਤ ਡੈਸਕ 25-11-2026

ਭਾਰਤੀ ਸਿਨੇਮਾ ਜਗਤ ਦੇ 'ਪਹਿਲੇ ਅਦਾਕਾਰ ਖ਼ਾਨਦਾਨ' ਆਖੇ ਜਾਂਦੇ 'ਕਪੂਰ ਖ਼ਾਨਦਾਨ' ਵਿਚ ਕ੍ਰਿਸ਼ਮਾ ਦਾ ਜਨਮ 25 ਜੂਨ, 1974 ਨੂੰ  ਹੋਇਆ ਸੀ | ਇਸ ਪਰਿਵਾਰ ਦੀਆਂ ਨੂੰ ਹਾਂ ਜਾਂ ਧੀਆਂ ਨੂੰ  ਫ਼ਿਲਮਾਂ ਵਿਚ ਕੰਮ ਕਰਨ ਦੀ ਇਜਾਜ਼ਤ ਨਹੀਂ ਮਿਲਦੀ ਸੀ  | ਅਦਾਕਾਰ ਸ਼ਸ਼ੀ ਕਪੂਰ ਦੀ ਬੇਟੀ ਸੰਜਨਾ ਕਪੂਰ ਨੇ ਇਸ ਲੀਹ ਨੂੰ  ਤੋੜਿਆ ਸੀ ਪਰ ਇਸ ਖ਼ਾਨਦਾਨ ਦੀ ਪਹਿਲੀ ਸੁਪਰਸਟਾਰ ਧੀ ਹੋਣ ਦਾ ਮਾਣ ਕ੍ਰਿਸ਼ਮਾ ਕਪੂਰ ਦੇ ਹਿੱਸੇ ਆਇਆ ਸੀ |

• ਕ੍ਰਿਸ਼ਮਾ ਕਪੂਰ ਦੇ ਮਾਪੇ ਰਣਧੀਰ ਕਪੂਰ ਅਤੇ ਬਬੀਤਾ ਉਸਨੂੰ ਅਦਾਕਾਰ ਧਰਮਿੰਦਰ ਦੇ ਬੇਟੇ ਬੌਬੀ ਦਿਓਲ ਨਾਲ ਫ਼ਿਲਮੀ ਦੁਨੀਆਂ ਵਿਚ ਲਾਂਚ ਕਰਨਾ ਚਾਹੁੰਦੇ ਸਨ ਪਰ ਬੌਬੀ ਦੀ ਫ਼ਿਲਮ ਸ਼ੁਰੂ ਹੋਣ ਨੂੰ  ਵਕਤ ਲੱਗ ਰਿਹਾ ਸੀ ਇਸ ਲਈ ਕ੍ਰਿਸ਼ਮਾ ਨੇ ਉਸਦਾ ਇੰਤਜ਼ਾਰ ਛੱਡ ਕੇ ਸੰਨ 1991 ਵਿਚ ਫ਼ਿਲਮ 'ਪ੍ਰੇਮ ਕੈਦੀ' ਰਾਹੀਂ ਬਾਲੀਵੁੱਡ ਵਿਚ ਕਦਮ ਰੱਖ ਦਿੱਤਾ ਸੀ |
• ਬੇਸ਼ੱਕ ਕਰੀਅਰ ਦੀ ਸ਼ੁਰੂਆਤ ਵਿਚ ਕ੍ਰਿਸ਼ਮਾ ਦੀ ਆਲੋਚਨਾ ਉਸਦੀ 'ਲੜਕਿਆਂ ਵਾਲੀ ਦਿੱਖ' ਕਰਕੇ ਹੋਈ ਸੀ ਪਰ ਪਹਿਲੀ ਹੀ ਫ਼ਿਲਮ 'ਪ੍ਰੇਮ ਕੈਦੀ' ਦੇ ਸੁਪਰਹਿਟ ਹੁੰਦਿਆਂ ਹੀ ਉਸ ਦੇ ਘਰ ਅੱਗੇ ਫ਼ਿਲਮ ਨਿਰਮਾਤਾਵਾਂ ਦੀ ਕਤਾਰ ਲੱਗ ਗਈ ਸੀ ਤੇ ਸੰਨ 1992 ਵਿਚ ਉਸ ਦੀਆਂ ਛੇ ਫ਼ਿਲਮਾਂ ਰਿਲੀਜ਼ ਹੋਈਆਂ ਸਨ |
• ਅਦਾਕਾਰ ਗੋਵਿੰਦਾ ਨਾਲ ਫ਼ਿਲਮ 'ਰਾਜਾ ਬਾਬੂ' ਸੁਪਰਹਿਟ ਰਹਿਣ ਤੋਂ ਬਾਅਦ ਇਸ ਜੋੜੀ ਨੇ ਕਈ ਹੋਰ ਸੁਪਰਹਿਟ ਫ਼ਿਲਮਾਂ ਬਾਲੀਵੁੱਡ ਪ੍ਰੇਮੀਆਂ ਦੀ ਝੋਲੀ ਪਾਈਆਂ ਸਨ |
• ਕ੍ਰਿਸ਼ਮਾ ਦੀ ਇਹ ਖ਼ੁਸ਼ਕਿਸਮਤੀ ਰਹੀ ਸੀ ਕਿ ਉਸ ਨੂੰ  ਆਪਣੇ ਸਮੇਂ ਦੇ ਸਾਰੇ ਵੱਡੇ ਫ਼ਿਲਮ ਸਟਾਰਾਂ ਜਿਵੇਂ ਗੋਵਿੰਦਾ, ਸਲਮਾਨ ਖ਼ਾਨ, ਆਮਿਰ ਖ਼ਾਨ, ਸ਼ਾਹਰੁਖ਼ ਖ਼ਾਨ, ਸੰਨੀ ਦਿਓਲ, ਸੰਜੇ ਦੱਤ, ਅਜੇ ਦੇਵਗਨ, ਅਕਸ਼ੇ ਕੁਮਾਰ ਅਤੇ ਜੈਕੀ ਸ਼ਰਾਫ਼ ਆਦਿ ਨਾਲ ਬਤੌਰ ਹੀਰੋਇਨ ਕੰਮ ਕਰਨ ਦਾ ਮੌਕਾ ਮਿਲਿਆ ਸੀ |
• ਸੰਨ 1996 ਵਿਚ ਉਸਦੀ ਆਮਿਰ ਖ਼ਾਨ ਨਾਲ ਆਈ ਫ਼ਿਲਮ 'ਰਾਜਾ ਹਿੰਦੁਸਤਾਨੀ' ਬਲਾਕਬਸਟਰ ਹਿਟ ਰਹੀ ਸੀ | ਉਂਜ ਇਸ ਫ਼ਿਲਮ ਲਈ ਪਹਿਲਾਂ  ਐਸ਼ਵਰਿਆ ਰਾਏ ਨੂੰ  ਲਿਆ ਗਿਆ ਸੀ ਤੇ ਉਸ ਵਲੋਂ ਕਿਸੇ ਕਾਰਨ ਫ਼ਿਲਮ ਛੱਡਣ ਕਰਕੇ ਇਹ ਫ਼ਿਲਮ ਕ੍ਰਿਸ਼ਮਾ ਦੀ ਝੋਲੀ ਆਣ ਪਈ ਸੀ | ਇਸ ਫ਼ਿਲਮ ਵਿਚ ਕ੍ਰਿਸ਼ਮਾ ਅਤੇ ਆਮਿਰ ਖ਼ਾਨ ਦਾ ਇਕ ਚੁੰਮਣ ਦਿ੍ਸ਼ ਕਾਫੀ ਚਰਚਾ ਵਿਚ ਰਿਹਾ ਸੀ |
• ਫ਼ਿਲਮਕਾਰ ਡੇਵਿਡ ਧਵਨ ਤਾਂ ਕ੍ਰਿਸ਼ਮਾ ਕਪੂਰ ਨੂੰ  ਆਪਣੇ ਲਈ ਬਹੁਤ ਹੀ 'ਲੱਕੀ' ਸਮਝਦਾ ਸੀ |ਉਸਨੇ ਕ੍ਰਿਸ਼ਮਾ ਨੂੰ  ਆਪਣੀਆਂ 'ਰਾਜਾ ਬਾਬੂ', 'ਅੰਦਾਜ਼', 'ਕੁਲੀ ਨੰਬਰ ਵੰਨ', 'ਹੀਰੋ ਨੰਬਰ ਵੱਨ', 'ਜੁੜਵਾਂ', 'ਹਸੀਨਾ ਮਾਨ ਜਾਏਗੀ', 'ਚੱਲ ਮੇਰੇ ਭਾਈ', 'ਦੁਲਹਨ ਹਮ ਲੇ ਜਾਏਾਗੇ' ਆਦਿ ਫ਼ਿਲਮਾਂ ਵਿਚ ਨਾਇਕਾ ਵਜੋਂ ਲਿਆ ਸੀ ਤੇ ਇਹ ਸਾਰੀ ਫ਼ਿਲਮਾਂ ਸੁਪਰਹਿਟ ਰਹੀਆਂ ਸਨ | ਫ਼ਿਲਮਕਾਰ ਯਸ਼ ਚੋਪੜਾ ਦੀ ਫ਼ਿਲਮ 'ਦਿਲ ਤੋ ਪਾਗਲ ਹੈ' ਲਈ ਕ੍ਰਿਸ਼ਮਾ ਨੂੰ  'ਸਰਬੋਤਮ ਸਹਿ ਅਦਾਕਾਰਾ' ਦਾ ਨੈਸ਼ਨਲ ਐਵਾਰਡ, 'ਫ਼ਿਜ਼ਾ' ਲਈ 'ਸਰਬੋਤਮ ਅਦਾਕਾਰਾ ਪੁਰਸਕਾਰ' ਅਤੇ 'ਜ਼ੁਬੈਦਾ' ਲਈ 'ਸਰਬੋਤਮ ਅਦਾਕਾਰਾ' ਵਜੋਂ 'ਫ਼ਿਲਮਫ਼ੇਅਰ ਕਿ੍ਟਿਕਸ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ ਸੀ |
• ਫ਼ਿਲਮ 'ਰਾਜਾ ਹਿੰਦੁਸਤਾਨੀ' ਵਿਚਲੇ ਚੁੰਮਣ ਦੇ ਦਿ੍ਸ਼ ਤੋਂ ਇਲਾਵਾ ਇਕ ਹੋਰ ਫ਼ਿਲਮ ਵਿਚਲੇ ਗੀਤ 'ਸਰਕਾਏ ਲੀਓ ਖਟੀਆ ਜਾੜਾ ਲਗੇ' ਲਈ ਕ੍ਰਿਸ਼ਮਾ ਨੂੰ  ਭਾਰੀ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ ਸੀ |ਉਂਜ 'ਜ਼ੁਬੈਦਾ', 'ਫ਼ਿਜ਼ਾ', 'ਦਿਲ ਤੋ ਪਾਗਲ ਹੈ' ਅਤੇ 'ਰਾਜਾ ਹਿੰਦੁਸਤਾਨੀ' ਆਦਿ ਜਿਹੀਆਂ ਫ਼ਿਲਮਾਂ ਵਿਚ ਜ਼ਬਰਦਸਤ ਅਦਾਕਾਰੀ ਵਿਖਾਉਣ ਲਈ ਉਸ ਦੀ ਭਰਪੂਰ ਪ੍ਰਸ਼ੰਸ਼ਾ ਵੀ ਹੋਈ ਸੀੇ |
• ਬੜੀ ਦਿਲਚਸਪ ਗੱਲ ਹੈ ਕਿ ਸੰਨ 2002 ਵਿਚ ਕ੍ਰਿਸ਼ਮਾ ਕਪੂਰ ਦੀ ਮੰਗਣੀ ਅਦਾਕਾਰ ਅਭਿਸ਼ੇਕ ਬੱਚਨ ਨਾਲ ਹੋਈ ਸੀ ਜੋ ਕਿ ਬਾਅਦ ਵਿਚ ਕਿਸੇ ਕਾਰਨ ਟੁੱਟ ਗਈ ਸੀ ਪਰ ਇਸ ਦੌਰਾਨ ਕ੍ਰਿਸ਼ਮਾ ਦੀ ਛੋਟੀ ਭੈਣ ਕਰੀਨਾ ਨੇ ਅਭਿਸ਼ੇਕ ਨੂੰ  'ਜੀਜੂ' ਕਹਿਣਾ ਜ਼ਰੂਰ ਸ਼ੁਰੂ ਕਰ ਦਿੱਤਾ ਸੀ | ਉਂਜ ਸੰਨ 2003 ਵਿਚ ਕ੍ਰਿਸ਼ਮਾ ਨੇ ਪ੍ਰਸਿੱਧ ਕਾਰੋਬਾਰੀ ਸੰਜੇ ਕਪੂਰ ਨਾਲ ਸ਼ਾਦੀ ਕਰ ਲਈ ਸੀ ਤੇ ਉਪਰੰਤ ਉਸਦੇ ਘਰ ਬੇਟੀ ਸਮਾਇਰਾ ਅਤੇ ਬੇਟੇ ਰਿਆਨ ਨੇ ਜਨਮ ਲਿਆ ਸੀ | ਸੰਨ 2016 ਵਿਚ ਉਸਨੇ ਸੰਜੇ ਕਪੂਰ ਤੋਂ ਤਲਾਕ ਲੈ ਲਿਆ ਸੀ ਤੇ ਸੰਨ 2025 ਵਿਚ ਸੰਜੇ ਦੀ ਮੌਤ ਵੀ ਹੋ ਗਈ ਸੀ |
• ਸ਼ਾਦੀ ਪਿੱਛੋਂ ਕਈ ਸਾਲ ਫ਼ਿਲਮਾਂ ਤੋਂ ਦੂਰ ਰਹਿਣ ਤੋਂ ਬਾਅਦ ਕ੍ਰਿਸ਼ਮਾ ਨੇ ਸੰਨ 2012 ਵਿਚ ਫ਼ਿਲਮ 'ਡੇਂਜਰਸ ਇਸ਼ਕ' ਨਾਲ ਆਪਣੇ ਕਰੀਅਰ ਦੀ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ ਸੀ ਪਰ ਇਹ ਫ਼ਿਲਮ ਬਾਕਸ ਆਫ਼ਿਸ 'ਤੇ ਬੁਰੀ ਤਰ੍ਹਾਂ ਫ਼ਲਾਪ ਰਹੀ ਸੀ |
• ਫ਼ਿਲਮਾਂ ਛੱਡ ਕੇ ਟੈਲੀਵਿਜ਼ਨ ਦੀ ਦੁਨੀਆਂ ਵਿਚ ਉੱਤਰੀ ਕ੍ਰਿਸ਼ਮ ਕਪੂਰ ਨੇ 'ਕ੍ਰਿਸ਼ਮਾ' ਨਾਮਕ ਟੀ.ਵੀ. ਲੜੀਵਾਰ ਵਿਚ ਡਬਲ ਰੋਲ ਵਾਲੀ ਭੂਮਿਕਾ ਅਦਾ ਕੀਤੀ ਸੀ | ਇਸ ਤੋਂ ਇਲਾਵਾ ਉਸ ਨੇ 'ਆਜਾ ਮਾਹੀ ਵੇ', 'ਨੱਚ ਬੱਲੀਏ' ਅਤੇ 'ਇੰਡੀਆਜ਼ ਬੈਸਟ ਡਾਂਸਰ' ਆਦਿ ਡਾਂਸ ਪ੍ਰੋਗਰਾਮਾਂ ਵਿਚ ਬਤੌਰ ਜੱਜ ਆਪਣੀ ਭੂਮਿਕਾ ਬਾਖ਼ੂਬੀ ਨਿਭਾਈ ਹੈ |

-ਕਮਲ ਕਲੋਨੀ, ਸਮਰਾਲਾ, ਜ਼ਿਲਾ ਲੁਧਿਆਣਾ-141114

ਪਿਛਲੀ ਖ਼ਬਰ 'ਸ਼ੀਸ਼ਾ ਹੋ ਯਾ ਦਿਲ, ਆਿਖ਼ਰ ਟੂਟ ਜਾਤਾ ਹੈ'...!! ਅਗਲੀ ਖ਼ਬਰ Sukhbir Badal Welcomed by BJP Leaders in Delhi | ਦੇਖੋ ਸਿੱਧੀਆਂ ਤਸਵੀਰਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।