ਮੱਧ ਪ੍ਰਦੇਸ਼ ਦੀ ਆਰਥਿਕ ਰਾਜਧਾਨੀ ਕਹੇ ਜਾਣ ਵਾਲੇ ਇੰਦੌਰ ਸ਼ਹਿਰ ਵਿਚ 1 ਅਕਤੂਬਰ, 1979 ਨੂੰ ਪੈਦਾ ਹੋਈ ਛੋਟੇ ਪਰਦੇ ਅਤੇ ਹਿੰਦੀ ਸਿਨੇਮਾ ਜਗਤ ਦੀ ਮੰਨੀ-ਪ੍ਰਮੰਨੀ ਅਦਾਕਾਰਾ ਸ਼ਰਧਾ ਨਿਗਮ, ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਅਕਸਰ ਸੁਰਖੀਆਂ ਵਿਚ ਬਣੀ ਰਹਿੰਦੀ ਹੈ |
ਅਦਾਕਾਰਾ ਬਿਪਾਸ਼ਾ ਬਸੂ ਦੇ ਮੌਜੂਦਾ ਪਤੀ ਕਰਨ ਸਿੰਘ ਗਰੋਵਰ ਦੀ ਸਾਬਕਾ ਪਤਨੀ ਰਹਿ ਚੁੱਕੀ ਸ਼ਰਧਾ ਨੇ ਆਪਣੀ ਸਕੂਲ ਦੀ ਪੜ੍ਹਾਈ ਇੰਦੌਰ ਤੋਂ ਹੀ ਕੀਤੀ ਸੀ | ਇਸ ਤੋਂ ਬਾਅਦ ਪੁਣੇ ਜਾ ਕੇ ਉਸ ਨੇ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕੀਤਾ |
ਪੁਣੇ ਤੋਂ ਬਾਅਦ ਜਦੋਂ ਉਹ ਇੰਦੌਰ ਨਾ ਆ ਕੇ ਮੁੰਬਈ ਆਈ, ਉਦੋਂ ਅਚਾਨਕ ਉਸ ਨੇ ਫੈਸ਼ਨ ਡਿਜ਼ਾਈਨਿੰਗ ਦੀ ਬਜਾਏ ਐਕਟਿੰਗ ਵਿਚ ਕਰੀਅਰ ਬਣਾਉਣ ਦਾ ਫ਼ੈਸਲਾ ਲਿਆ |
ਫ਼ਿਲਮ 'ਅਪਨੇ ਦਮ ਪਰ' ਵਿਚ ਉਸ ਨੂੰ ਪਹਿਲੀ ਵਾਰ ਕੈਮਰੇ ਦਾ ਸਾਹਮਣਾ ਕਰਨ ਦਾ ਮੌਕਾ ਮਿਲਿਆ | ਉਸ ਤੋਂ ਬਾਅਦ ਉਸ ਨੇ ਇਕ ਮਲਿਆਲਮ ਅਤੇ ਦੱਖਣ ਭਾਰਤ ਦੀਆਂ ਦੂਜੀਆਂ ਭਾਸ਼ਾਵਾਂ ਦੀਆਂ ਕੁਝ ਫ਼ਿਲਮਾਂ ਵਿਚ ਕੰਮ ਕੀਤਾ |
ਟੀ.ਵੀ. 'ਤੇ ਉਸ ਦੀ ਸ਼ੁਰੂਆਤ ਸਾਲ 2000 ਦੇ ਸ਼ੋਅ 'ਚੂੜੀਆਂ' ਤੋਂ ਹੋਈ | ਇਸ ਵਿਚ ਉਸ ਨੇ ਰੁਸ਼ਾਲੀ ਨਾਂਅ ਦੀ ਕੁੜੀ ਦਾ ਕਿਰਦਾਰ ਨਿਭਾਇਆ | ਇਸ ਤੋਂ ਬਾਅਦ ਉਹ 'ਕਹਾਨੀ ਘਰ ਘਰ ਕੀ', 'ਕ੍ਰਿਸ਼ਣਾ ਅਰਜੁਨ' ਅਤੇ 'ਮਾਨੋ ਯਾ ਨਾ ਮਾਨੋ' ਵਰਗੇ ਅਨੇਕ ਟੀ.ਵੀ. ਸ਼ੋਆਂ ਵਿਚ ਨਜ਼ਰ ਆਈ |
ਸ਼ਰਧਾ ਦਾ ਪਹਿਲਾ ਵਿਆਹ ਐਕਟਰ ਕਰਨ ਸਿੰਘ ਗਰੋਵਰ ਨਾਲ ਹੋਇਆ ਪਰ ਇਹ ਵਿਆਹ ਸਾਲ ਵੀ ਨਹੀਂ ਚੱਲਿਆ | ਉਸ ਤੋਂ ਬਾਅਦ 2012 ਵਿਚ ਸ਼ਰਧਾ ਨੇ ਦੂਜਾ ਵਿਆਹ ਮਿਯੰਕ ਆਨੰਦ ਨਾਲ ਕੀਤਾ |
ਦੂਜੇ ਵਿਆਹ ਤੋਂ ਬਾਅਦ ਹੀ ਸ਼ਰਧਾ ਨਿਗਮ ਐਕਟਿੰਗ ਫੀਲਡ ਤੋਂ ਦੂਰ ਹੈ | ਹੁਣ ਉਹ ਆਪਣੇ ਪਤੀ ਮਿਯੰਕ ਆਨੰਦ ਨਾਲ ਮਿਲ ਕੇ ਫੈਸ਼ਨ ਡਿਜ਼ਾਈਨਿੰਗ ਦਾ ਕੰਮ ਕਰਦੀ ਹੈ | ਸੋਸ਼ਲ ਮੀਡੀਆ 'ਤੇ ਸਰਗਰਮੀ ਲਗਾਤਾਰ ਬਣੀ ਰਹਿੰਦੀ ਹੈ | ਉਹ ਆਏ ਦਿਨ ਇੰਸਟਾਗ੍ਰਾਮ 'ਤੇ ਵੀਡੀਓ ਪੋਸਟ ਕਰਦੀ ਰਹਿੰਦੀ ਹੈ | ਲਗਦਾ ਹੈ ਕਿ ਸ਼ਰਧਾ ਆਪਣੇ ਪ੍ਰਸੰਸਕਾਂ ਦੇ ਦਿਲੋ-ਦਿਮਾਗ ਤੋਂ ਬਾਹਰ ਹੋਣਾ ਨਹੀਂ ਚਾਹੁੰਦੀ |