02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਦੋ ਗ਼ਜ਼ਲਾਂ-* ਯਸ਼ਪਾਲ 'ਮਿੱਤਵਾ' *

ਅਜੀਤ ਡੈਸਕ 08-03-2026

ਕਿੱਥੇ ਰੌਣਕ ਮੇਲੇ ਹੁਣ ਤਾਂ।
ਮੁੱਕੇ ਪੈਸੇ ਧੇਲੇ ਹੁਣ ਤੇ।
ਸਾਰੀ ਦੁਨੀਆਂ ਫੋਨਾਂ ਤੇ ਹੈ,
ਬੰਦੇ ਹੈ ਨਈਂ ਵਿਹਲੇ ਹੁਣ ਤਾਂ।
ਦਰਜਨ ਦੇ ਭਾਅ ਮਿਲ ਜਾਂਦੇ ਸੀ,
ਤੋਲ਼ ਕੇ ਮਿਲਦੇ ਕੇਲੇ ਹੁਣ ਤਾਂ।
ਬੱਸਾਂ, ਗੱਡੀਆਂ ਮਾਰ ਮੁਕਾਏ,
ਟਾਂਗੇ, ਰਿਕਸ਼ੇ, ਠੇਲ੍ਹੇ ਹੁਣ ਤਾਂ।
ਆਪਣੀਆਂ ਕਰਤੂਤਾਂ ਕਰਕੇ,
ਖਚਰੇ ਬਾਬੇ ਜੇਲ੍ਹੇ ਹੁਣ ਤਾਂ। ,
ਚੋਰ ਦੇ ਕੱਪੜੇ, ਡਾਂਗਾਂ ਦੇ ਗਜ਼,
ਮੌਜਾਂ ਮਾਨਣ ਚੇਲੇ ਹੁਣ ਤਾਂ।
ਝੂਠੇ ਦੀ ਅੱਜ ਬੱਲੇ ਬੱਲੇ,
ਸੱਚਾ ਗ਼ੁਰਬਤ ਝੇਲੇ ਹੁਣ ਤਾਂ।
ਪਹਿਲਾਂ ਤੋਲੀਂ ਤੇ ਫਿਰ ਆਖੀਂ,
ਮਿੱਤਵਾ ਆਖਣ ਵੇਲੇ ਹੁਣ ਤਾਂ।
ਮਾਤੜ੍ਹ ਉੱਤੇ ਰੋਅਬ ਜਮਾਉਨਾਂ, ਮਾੜੀ ਗੱਲ।
ਡਰਿਆਂ ਨੂੰ ਤੂੰ ਹੋਰ ਡਰਾਉਨਾਂ, ਮਾੜੀ ਗੱਲ।

ਆਪੇ ਕਰ ਕੇ ਫ਼ੋਨ ਬੁਲਾਇਆ ਆਪਣੇ ਘਰ,
ਹੁਣ ਅੰਦਰੋਂ ਦੀ ਕੁੰਡੀ ਲਾਉਨਾਂ, ਮਾੜੀ ਗੱਲ।

ਤੇਰੇ ਅੱਗੇ ਮੈਂ ਤੇ ਡਰਦਾ ਬੋਲਾਂ ਨਾ,
ਇੱਕ ਕਹਾਂ ਤੂੰ ਦੱਸ ਸੁਣਾਉਨਾਂ, ਮਾੜੀ ਗੱਲ।

ਮੇਰੇ ਜ਼ਖਮਾਂ ਨੂੰ ਕੀ ਠੰਡਕ ਦੇਣੀ ਤੂੰ,
ਮੁੱਠੀਆਂ ਭਰ ਭਰ ਲੂਣ ਲਗਾਉਨਾਂ, ਮਾੜੀ ਗੱਲ।

ਤੇਰੇ ਨਾਲ ਵੀ ਸਾਂਝ ਪੁਗਾਉਣੀ ਔਖੀ ਆ,
ਹੂੰ ਹਾਂ, ਕਰਦਾਂ,ਅੱਖ ਵਿਖਾਉਨਾਂ, ਮਾੜੀ ਗੱਲ।

ਚੋਧਰਪਨ ਦਾ ਝੋਲਾ ਮੋਢੇ ਚੁੱਕਿਆ ਹੈ,
ਮਾਵਾ ਲਾ ਕੇ ਕੁੜ੍ਹਤੇ ਪਾਉਨਾਂ, ਮਾੜੀ ਗੱਲ।

ਕੌਡੀ ਦਾ ਵੀ ਕੰਮ ਕਰੇ ਨਾ ਦਿਨ ਵੇਲੇ,
ਰਾਤੀਂ ਮੰਗ ਕੇ ਪੈੱਗ ਲਗਾਉਨਾਂ, ਮਾੜੀ ਗੱਲ।

ਮਿੱਤਵਾ ਦੱਸੀਂ ਇੱਦਾਂ ਕਿੰਝ ਤੂੰ ਸੁਧਰੇਂਗਾ?
ਸਭ ਇੱਕ, ਤੱਕੜੀ ਤੋਲ਼ ਵਿਖਾਉਨਾਂ, ਮਾੜੀ ਗੱਲ।

-ਮੋਬਾਈਲ : 98764-98603

ਪਿਛਲੀ ਖ਼ਬਰ ਜੇਕਰ ਰਾਜਨੀਤਕ ਢਾਂਚੇ ਵਿਚੋਂ ਨੈਤਿਕਤਾ ਮਨਫ਼ੀ ਹੋ ਗਈ ਤਾਂ ਇਹ ਅਰਥਹੀਣ ਹੋ ਜਾਵੇਗਾ। -ਡਾ: ਇਕਬਾਲ ਅਗਲੀ ਖ਼ਬਰ ਜ਼ਿੰਦਗੀ ਦਾ ਮਰਸੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।