ਨਵੀਂ ਦਿੱਲੀ, 9 ਜੂਨ (ਅਜੀਤ ਬਿਊਰੋ)-ਫੁੱਟਬਾਲ ਪ੍ਰਸ਼ੰਸਕਾਂ ਦੀ ਉਡੀਕ ਖਤਮ ਹੋਣ ਵਾਲੀ ਹੈ, ਕਿਉਂਕਿ ਦੁਨੀਆ ਦਾ ਸਭ ਤੋਂ ਵੱਡਾ ਟੂਰਨਾਮੈਂਟ 'ਫੀਫਾ ਵਿਸ਼ਵ ਕੱਪ 2026' 11 ਜੂਨ (ਯਾਨੀ ਕੱਲ੍ਹ) ਨੂੰ ਸ਼ੁਰੂ ਹੋ ਰਿਹਾ ਹੈ | ਇਸ ਵਾਰ ਇਸ ਸਮਾਗਮ ਦੇ ਕਈ ਪਹਿਲੂ ਪਹਿਲੀ ਵਾਰ ਹੋਣਗੇ | ਇਤਿਹਾਸਕ ਤੌਰ 'ਤੇ, ਫੁੱਟਬਾਲ ਵਿਸ਼ਵ ਕੱਪ ਜ਼ਿਆਦਾਤਰ ਇਕ ਦੇਸ਼ ਦੁਆਰਾ ਮੇਜ਼ਬਾਨੀ ਕੀਤੀ ਜਾਂਦੀ ਹੈ ਪਰ ਇਹ ਪਹਿਲੀ ਵਾਰ ਹੈ ਕਿ ਤਿੰਨ ਦੇਸ਼ 'ਅਮਰੀਕਾ, ਕੈਨੇਡਾ ਅਤੇ ਮੈਕਸੀਕੋ' ਸਾਂਝੇ ਤੌਰ 'ਤੇ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਹੇ ਹਨ | ਗੌਰਤਲਬ ਹੈ ਕਿ ਪਹਿਲਾਂ 29 ਦਿਨਾਂ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ 'ਚ 32 ਟੀਮਾਂ ਹਿੱਸਾ ਲੈਂਦੀਆਂ ਸਨ ਤੇ ਇਨ੍ਹਾਂ ਨੂੰ ਚਾਰ-ਚਾਰ ਦੇ ਅੱਠ ਸਮੂਹਾਂ 'ਚ ਵੰਡਿਆ ਜਾਂਦਾ ਸੀ | ਪਰ ਹੁਣ ਇਹ ਵੀ ਪਹਿਲੀ ਵਾਰ ਹੈ ਕਿ ਫੁੱਟਬਾਲ ਵਿਸ਼ਵ ਕੱਪ ਵਿਚ 48 ਟੀਮਾਂ ਹਿੱਸਾ ਲੈ ਰਹੀਆਂ ਹਨ ਤੇ ਚਾਰ-ਚਾਰ ਟੀਮਾਂ ਦੇ 12 ਸਮੂਹ ਬਣਾਏ ਗਏ ਹਨ | ਇਹ ਟੂਰਨਾਮੈਂਟ ਹੁਣ 29 ਦੀ ਬਜਾਏ ਕੁੱਲ 39 ਦਿਨਾਂ ਲਈ ਚੱਲੇਗਾ | ਜ਼ਿਕਰਯੋਗ ਹੈ ਕਿ ਮੇਜ਼ਬਾਨ ਖੇਤਰਾਂ ਦਾ ਸਮਾਂ ਭਾਰਤ ਤੋਂ 11 ਤੋਂ 12.5 ਘੰਟੇ ਪਿੱਛੇ ਹੈ | ਨਤੀਜੇ ਵਜੋਂ, ਮੇਜ਼ਬਾਨ ਦੇਸ਼ਾਂ ਵਿਚ 11 ਜੂਨ ਨੂੰ ਹੋਣ ਵਾਲਾ ਮੈਚ ਅਸਲ ਵਿਚ ਭਾਰਤ ਵਿਚ 12 ਜੂਨ ਨੂੰ ਸਵੇਰੇ 12:30 ਵਜੇ, ਸਵੇਰੇ 3:30 ਵਜੇ, ਸਵੇਰੇ 6:30 ਵਜੇ, ਜਾਂ ਸਵੇਰੇ 7:30 ਵਜੇ ਸ਼ੁਰੂ ਹੋਵੇਗਾ | ਪ੍ਰਸ਼ੰਸਕਾਂ ਨੂੰ ਭਾਰਤੀ ਮਿਆਰੀ ਸਮਾਂ ਧਿਆਨ 'ਚ ਰੱਖਣਾ ਪਵੇਗਾ |
ਫੀਫਾ ਵਿਸ਼ਵ ਕੱਪ ਦਾ ਆਗਾਜ਼ ਕੱਲ੍ਹ ਤੋਂ <br/>
ਅਜੀਤ ਡੈਸਕ
10-06-2026