18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਗੁਰਪ੍ਰੀਤ ਸਿੰਘ ਰੀਹਲ 'ਤੇ ਲੱਗੀਆਂ ਪਾਬੰਦੀਆਂ ਵਿਰੁੱਧ ਡਰਬੀ ਵਿਖੇ ਪੰਥਕ ਕਾਨਫਰੰਸ ਕਾਨੂੰਨੀ ਤੇ ਸਿਆਸੀ ਤੌਰ 'ਤੇ ਲੜਨ ਲਈ ਸਿੱਖ ਕੌਮ ਨੂੰ ਇਕਜੁੱਟ ਹੋਣ ਦਾ ਦਿੱਤਾ ਸੱਦਾ

ਅਜੀਤ ਡੈਸਕ 26-01-2026
ਲੰਡਨ, 25 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਸਰਕਾਰ ਵੱਲੋਂ ਬੀਤੇ ਦਿਨੀ ਸਿੱਖ ਕਾਰੋਬਾਰੀ ਗੁਰਪ੍ਰੀਤ ਸਿੰਘ ਰੀਹਲ ਤੇ ਲਗਾਈਆਂ ਪਾਬੰਦੀਆਂ ਨੂੰ ਲੈ ਕੇ ਗੁਰਦੁਆਰਾ ਸਿੰਘ ਸਭਾ ਡਰਬੀ ਵਿਖੇ ਪੰਥਕ ਕਾਨਫਰੰਸ ਕੀਤੀ ਗਈ | ਜਿਸ 'ਚ ਯੂ.ਕੇ., ਯੂਰਪ, ਕੈਨੇਡਾ ਤੇ ਅਮਰੀਕਾ ਆਦਿ ਦੇਸ਼ਾਂ ਤੋਂ ਸਿੱਖ ਆਗੂ ਪਹੁੰਚੇ | ਇਸ ਮੌਕੇ ਜਿੱਥੇ ਗੁਰਪ੍ਰੀਤ ਸਿੰਘ ਦੇ ਵਕੀਲਾਂ ਨੇ ਕਾਨੂੰਨੀ ਪੱਖ ਤੋਂ ਜਾਣੂ ਕਰਵਾਇਆ ਉੱਥੇ ਹੀ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨੇ ਪਾਬੰਦੀਆਂ ਤੋਂ ਪਹਿਲਾਂ ਨਾ ਤਾਂ ਇਸ ਦੇ ਕਾਰਨਾਂ ਬਾਰੇ ਦੱਸਿਆ ਤੇ ਨਾ ਹੀ ਗੁਰਪ੍ਰੀਤ ਸਿੰਘ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਕੀਤੀ | ਬੁਲਾਰਿਆਂ ਨੇ ਕਿਹਾ ਕਿ ਇਹ ਸਭ ਭਾਰਤ ਸਰਕਾਰ ਦੇ ਇਸ਼ਾਰਿਆਂ 'ਤੇ ਹੋ ਰਿਹਾ ਹੈ ਤੇ ਯੂ.ਏ.ਪੀ.ਏ. ਵਾਂਗ ਵਿਦੇਸ਼ਾਂ 'ਚ ਵੀ ਸਿੱਖਾਂ ਦੀ ਅਵਾਜ਼ ਬੰਦ ਕਰਨ ਦੀ ਕੋਸ਼ਿਸ਼ ਹੋ ਰਹੀ ਹੈ | ਬਰਤਾਨੀਆ ਸਰਕਾਰ ਦੀ ਕਾਰਵਾਈ ਦੀ ਸਖ਼ਤ ਸ਼ਬਦਾਂ 'ਚ ਆਲੋਚਨਾ ਕੀਤੀ | ਬੁਲਾਰਿਆਂ ਨੇ ਕਿਹਾ ਕਿ ਸਿੱਖ ਸੰਸਦ ਮੈਂਬਰ ਵੀ ਪੰਥ ਦੀ ਅਵਾਜ਼ ਨਹੀਂ ਬਣ ਰਹੇ | ਬੁਲਾਰਿਆਂ ਨੇ ਕਿਹਾ ਕਿ ਸਿੱਖਾਂ ਦੇ ਮਨਾਂ 'ਚ ਰੋਸ ਹੈ ਕਿ ਜੇ ਸਿੱਖ ਸੰਸਦ ਮੈਂਬਰ ਯੂਕਰੇਨ ਜਾਂ ਫਲਸਤੀਨ ਲਈ ਬੋਲ ਸਕਦੇ ਹਨ ਤਾਂ ਉਹ ਸਿੱਖ ਰਾਜ ਬਾਰੇ ਕਿਉਂ ਨਹੀਂ ਬੋਲਦੇ? ਗੁਰਪ੍ਰੀਤ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਨੇ ਕਿਹਾ ਕਿ ਪਾਬੰਦੀਆਂ ਤੋਂ ਬਾਅਦ ਘਰ ਨੂੰ ਚਲਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ | ਗੁਰਪ੍ਰੀਤ ਸਿੰਘ ਰੀਹਲ ਨੇ ਕਿਹਾ ਕਿ ਅੱਜ ਦੇ ਇਕੱਠ ਨੇ ਉਨ੍ਹਾਂ ਨੂੰ ਹੌਂਸਲਾ ਦਿੱਤਾ ਹੈ | ਉਹਨਾਂ ਕਿਹਾ ਕਿ ਅਸੀਂ ਕਾਨੂੰਨੀ ਜਵਾਬ ਦੇਵਾਂਗੇ | ਮੇਰੀ ਅਸਲ ਕਚਹਿਰੀ ਸੰਗਤ ਹੈ ਤੇ ਸਿੱਖਾਂ ਦੀ ਜਿੱਤ ਹੋਵੇਗੀ | ਆਖਿਰ 'ਚ ਗੁਰਪ੍ਰੀਤ ਸਿੰਘ ਦੇ ਕੇਸ ਨੂੰ ਕਾਨੂੰਨੀ ਤੌਰ 'ਤੇ ਤੇ ਸਿਆਸੀ ਤੌਰ 'ਤੇ ਲੜ੍ਹਨ ਲਈ ਸਮੁੱਚੀ ਸਿੱਖ ਕੌਮ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ | ਕਾਨਫਰੰਸ ਨੂੰ ਪ੍ਰਭਜੋਤ ਸਿੰਘ ਵਕੀਲ ਕੈਨੇਡਾ, ਮਨਪ੍ਰੀਤ ਸਿੰਘ ਡਰਬੀ, ਰਣਜੀਤ ਸਿੰਘ ਸਰਾਏ, ਦਵਿੰਦਰਜੀਤ ਸਿੰਘ, ਮਨਿੰਦਰ ਸਿੰਘ ਕੈਨੇਡਾ, ਸ਼ਮਸ਼ੇਰ ਸਿੰਘ, ਭਾਈ ਹਿੰਮਤ ਸਿੰਘ ਯੂ.ਐਸ.ਏ., ਦਲਜੀਤ ਸਿੰਘ ਸੌਕਟਨ, ਹਰਦਿਆਲ ਸਿੰਘ, ਅਮਨਦੀਪ ਸਿੰਘ ਸਕੌਟਨ, ਮਨਦੀਪ ਸਿੰਘ ਕੈਨੇਡਾ, ਬਲਵਿੰਦਰ ਸਿੰਘ, ਗੁਰਪਾਲ ਸਿੰਘ, ਡਾ. ਗੁਰਨਾਮ ਸਿੰਘ, ਬਲਵੰਤ ਸਿੰਘ ਸਿਆਟਲ ਆਦਿ ਨੇ ਸੰਬੋਧਨ ਕੀਤਾ | ਇਸ ਮੌਕੇ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਯੂ.ਕੇ., ਵਿਸ਼ਵ ਸਿੱਖ ਪਾਰਲੀਮੈਂਟ, ਯੁਨਾਈਟਡ ਖ਼ਾਲਸਾ ਦਲ, ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ, ਅਖੰਡ ਕੀਰਤਨੀ ਜੱਥਾ, ਸਿੱਖ ਫਾਰ ਜਸਟਿਸ, ਸਿੱਖ ਫੈਡਰੇਸ਼ਨ, ਇੰਟਰਨੈਸ਼ਨਲ ਪੰਥਕ ਦਲ ਆਦਿ ਸਮੇਤ ਯੂ.ਕੇ. ਦੀਆਂ ਸਿੱਖ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦੇ ਹਾਜ਼ਰ ਸਨ |

ਪਿਛਲੀ ਖ਼ਬਰ ਯੂ. ਕੇ. 'ਚ ਐਫ. ਬੀ. ਆਈ. ਦੀ ਤਰਜ਼ 'ਤੇ ਬਣਾਈ ਜਾਵੇਗੀ ਨਵੀਂ ਫੋਰਸ-ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ <br/> ਅਗਲੀ ਖ਼ਬਰ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕਾਜ਼ੀਗੁੰਡ ਵਿਖੇ ਭਾਰੀ ਬਰਫ਼ਬਾਰੀ ਤੋਂ ਬਾਅਦ ਬਰਫ਼ ਨਾਲ ਢਕੀਆਂ ਪਟੜੀਆਂ 'ਤੇ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।