ਲੰਡਨ, 13 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੱਛਮੀ ਦੇਸ਼ਾਂ 'ਚ ਆਰਥਿਕ ਸੰਕਟ ਨਾਲ ਜੂਝ ਰਹੇ ਲੋਕਾਂ ਨੂੰ ਨਿੱਤ ਨਵੀਆਂ ਮੁਸ਼ਕਿਲਾਂ 'ਚੋਂ ਲੰਘਣਾ ਪੈ ਰਿਹਾ ਹੈ, ਜਦੋਂ ਵੀ ਵਿਆਜ਼ ਦਰ ਉੱਪਰ ਥੱਲੇ ਹੁੰਦੀ ਹੈ | ਲੋਕਾਂ ਦੇ ਆਰਥਿਕ ਹਾਲਾਤ ਵੀ ਉੱਪਰ ਥੱਲੇ ਹੋ ਜਾਂਦੇ ਹਨ | ਬੈਂਕਿੰਗ ਤੇ ਵਿੱਤ ਉਦਯੋਗ ਸੰਸਥਾ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਲਗਭਗ 5,160 ਘਰ ਮਾਲਕਾਂ ਦੀਆਂ ਮੌਰਗੇਜ਼ ਵਾਲੀਆਂ ਜਾਇਦਾਦਾਂ ਨੂੰ ਕਬਜ਼ੇ ਵਿਚ ਲਿਆ ਗਿਆ ਸੀ, ਜੋ ਕਿ 2024 ਦੇ ਮੁਕਾਬਲੇ 39 ਫ਼ੀਸਦ ਵੱਧ ਹੈ | 2024 'ਚ 3,710 ਘਰ ਮਾਲਕਾਂ ਦੀਆਂ ਮੌਰਗੇਜ਼ ਵਾਲੀਆਂ ਜਾਇਦਾਦਾਂ ਨੂੰ ਕਬਜ਼ੇ ਵਿਚ ਲਿਆ ਗਿਆ | ਸਾਲਾਨਾ ਇਸ ਵਾਧੇ ਦੇ ਬਾਵਜੂਦ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੁੱਲ ਕਬਜ਼ੇ ਦੀ ਗਿਣਤੀ ਲੰਬੇ ਸਮੇਂ ਦੀ ਔਸਤ ਨਾਲੋਂ ਕਾਫ਼ੀ ਘੱਟ ਹੈ | 2025 ਦੇ 5,160 ਘਰਾਂ ਦਾ ਬੈਂਕਾਂ ਕੋਲ ਚਲੇ ਜਾਣ ਵਾਲੇ ਇਹ ਅੰਕੜੇ 2009 ਵਿਚ 44,100 ਘਰਾਂ ਦਾ ਬੈਂਕਾਂ ਕੋਲ ਚਲੇ ਜਾਣ ਨਾਲੋਂ ਕਾਫੀ ਘੱਟ ਹਨ | 2025 ਦੀ ਚੌਥੀ ਤਿਮਾਹੀ 'ਚ 1,210 ਮਕਾਨ ਮਾਲਕਾਂ ਦੀਆਂ ਜਾਇਦਾਦਾਂ ਤੇ ਕਬਜ਼ੇ ਕੀਤੇ ਗਏ, ਜੋ ਕਿ 2024 ਦੀ ਇਸੇ ਮਿਆਦ ਦੇ ਮੁਕਾਬਲੇ 17 ਫ਼ੀਸਦ ਵੱਧ ਹੈ ਪਰ ਪਿਛਲੀ ਤਿਮਾਹੀ ਵਿਚ ਮਕਾਨ ਮਾਲਕਾਂ ਦੀਆਂ ਕਬਜ਼ੇ 'ਚ ਲਈਆਂ ਜਾਇਦਾਦਾਂ ਦੀ ਗਿਣਤੀ ਨਾਲੋਂ 13 ਫ਼ੀਸਦ ਘੱਟ ਹੈ | ਮੌਰਗੇਜ ਬਕਾਏ 'ਤੇ ਨਜ਼ਰ ਮਾਰੀਏ ਤਾਂ 2025 ਦੀ ਚੌਥੀ ਤਿਮਾਹੀ ਵਿਚ 80,490 ਘਰ ਮਾਲਕਾਂ ਦੀ ਬਕਾਇਆ ਰਾਸ਼ੀ 2.5 ਫੀਸਦੀ ਜਾਂ ਇਸ ਤੋਂ ਵੱਧ ਰਹਿੰਦੀ ਸੀ ਜਿਸ ਦਾ ਭੁਗਤਾਨ ਨਹੀਂ ਕਰ ਸਕੇ ਸਨ | ਪਰ ਪਿਛਲੀ ਤਿਮਾਹੀ ਨਾਲੋਂ ਇਹ ਦਰ 4 ਫ਼ੀਸਦ ਘੱਟ ਤੇ ਪਿਛਲੇ ਸਾਲ ਦੀ ਇਸੇ ਮਿਆਦ ਨਾਲੋਂ 13 ਫ਼ੀਸਦ ਘੱਟ ਸਨ | ਇਸ ਸਮੇਂ ਦੌਰਾਨ 27,780 ਘਰ ਮਾਲਕਾਂ ਦੀਂ ਬਕਾਇਆ ਰਕਮ 2.5 ਫ਼ੀਸਦ ਤੋਂ 5 ਫ਼ੀਸਦ ਰਹਿੰਦੀ ਸੀ ਜਿਸ ਦਾ ਭੁਗਤਾਨ ਨਹੀਂ ਹੋਇਆ | ਜਦ ਕਿ 30,280 ਘਰ ਮਾਲਕਾਂ ਦੀ ਬਕਾਇਆ ਰਕਮ 10 ਫ਼ੀਸਦ ਤੋਂ ਵੱਧ ਸੀ ਜਿਸ ਦਾ ਭੁਗਤਾਨ ਨਹੀਂ ਹੋਇਆ | 2025 ਦੀ ਚੌਥੀ ਤਿਮਾਹੀ 'ਚ ਲਗਭਗ 9520 ਮੌਰਗੇਜ ਵਾਲੇ ਘਰਾਂ ਨੂੰ ਕਬਜ਼ੇ 'ਚ ਲਿਆ ਗਿਆ, ਜੋ ਕਿ ਪਿਛਲੀ ਤਿਮਾਹੀ ਨਾਲੋਂ 14 ਫ਼ੀਸਦ ਘੱਟ ਸੀ ਪਰ ਇਕ ਸਾਲ ਪਹਿਲਾਂ ਨਾਲੋਂ 10 ਫ਼ੀਸਦ ਵੱਧ ਸੀ | ਯੂ.ਕੇ. ਫਾਈਨੈਂਸ ਨੇ ਕਿਹਾ ਕਿ ਲੰਬੇ ਸਮੇਂ ਵਿਚ ਪਿੱਛੇ ਮੁੜ ਕੇ ਦੇਖਦੇ ਹਾਂ ਤਾਂ 2009 ਦੀ ਦੂਜੀ ਤਿਮਾਹੀ ਵਿਚ ਕਿਸ਼ਤਾਂ ਨਾ ਦੇ ਸਕਣ ਵਾਲਿਆਂ ਦੀ ਗਿਣਤੀ, ਵਿਸ਼ਵਵਿਆਪੀ ਵਿੱਤੀ ਸੰਕਟ ਦੌਰਾਨ ਵਾਲੀ ਗਿਣਤੀ ਨਾਲੋਂ ਘੱਟ ਹੈ ਉਸ ਸਮੇਂ ਇਹ ਗਿਣਤੀ 216,400 ਸੀ |