ਲੰਡਨ, 13 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤੀ, ਪਾਕਿਸਤਾਨੀ ਤੇ ਬੰਗਲਾਦੇਸ਼ੀ ਗੈਰ-ਕਾਨੂੰਨੀ ਪ੍ਰਵਾਸੀ ਲੋਕਾਂ ਦੀ ਤਸਕਰੀ ਦੇ ਮਾਮਲੇ 'ਚ ਇਕ ਸ਼ੱਕੀ ਦੱਖਣੀ ਏਸ਼ੀਆਈ ਮੂਲ ਦਾ 51 ਸਾਲਾ ਜਾਹਿਦ ਖਾਨ ਨਾਂਅ ਦੇ ਵਿਅਕਤੀ ਨੂੰ ਬਰਮਿੰਘਮ ਤੋਂ ਗਿ੍ਫਤਾਰ ਕੀਤਾ ਹੈ | ਯੂ ਕੇ. ਦੀ. ਨੈਸ਼ਨਲ ਕ੍ਰਾਈਮ ਏਜੰਸੀ (ਐਨ.ਸੀ.ਏ.) ਨੇ ਕਿਹਾ ਕਿ ਜ਼ਾਹਿਦ ਖਾਨ ਨੂੰ ਵੈਸਟ ਮਿਡਲੈਂਡਜ਼ ਪੁਲਿਸ ਨਾਲ ਸਾਂਝੀ ਜਾਂਚ ਦੇ ਹਿੱਸੇ ਵਜੋਂ ਮੰਗਲਵਾਰ ਨੂੰ ਗਿ੍ਫਤਾਰ ਕੀਤਾ ਸੀ | ਜਿਸ ਨੂੰ ਅੱਜ ਬਰਮਿੰਘਮ ਮੈਜਿਸਟ੍ਰੇਟ ਅਦਾਲਤ 'ਚ ਪੇਸ਼ ਕੀਤਾ ਗਿਆ | ਜਾਂਚ ਅਧਿਕਾਰੀਆਂ ਨੇ ਪੁੱਛਗਿੱਛ ਤੋਂ ਬਾਅਦ ਖਾਨ 'ਤੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਤੇ ਹਵਾਲਾ ਦੇ ਅਪਰਾਧਾਂ 'ਚ ਸ਼ਮੂਲੀਅਤ ਦੇ ਦੋਸ਼ ਲਗਾਏ ਹਨ | ਜਦ ਕਿ ਇਕ 44 ਸਾਲਾ ਵਿਅਕਤੀ ਨੂੰ ਵੀ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੇ ਧੰਦੇ ਦੀ ਸ਼ੱਕ 'ਚ ਉਸੇ ਸਮੇਂ ਤੇ ਉਸੇ ਸਥਾਨ 'ਤੇ ਗਿ੍ਫਤਾਰ ਕੀਤਾ ਗਿਆ ਹੈ, ਪਰ ਉਸ ਨੂੰ ਅਗਲੀ ਪੁੱਛਗਿੱਛ ਤੱਕ ਜ਼ਮਾਨਤ 'ਤੇ ਛੱਡ ਦਿੱਤਾ ਹੈ | ਐਨ.ਸੀ.ਏ. ਬ੍ਰਾਂਚ ਓਪਰੇਸ਼ਨ ਮੈਨੇਜਰ, ਪਾਲ ਜੋਨਸ ਨੇ ਕਿਹਾ ਕਿ ਇਹ ਗਿ੍ਫਤਾਰੀਆਂ ਲੋਕਾਂ ਦੀ ਤਸਕਰੀ ਕਰਨ ਵਾਲੇ ਨੈਟਵਰਕ ਦੀ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਕੀਤੀਆਂ ਗਈਆਂ ਹਨ | ਐਨ.ਸੀ.ਏ. ਨੇ ਕਿਹਾ ਕਿ ਇਹ ਕਾਰਵਾਈ 4 ਫਰਵਰੀ ਨੂੰ ਡੋਵਰ 'ਚ ਭਾਰਤੀ, ਪਾਕਿਸਤਾਨੀ ਤੇ ਬੰਗਲਾਦੇਸ਼ੀ ਨਾਗਰਿਕਤਾ ਵਾਲੇ 33 ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇਕ ਗੱਡੀ ਦੇ ਫੜ੍ਹੇ ਜਾਣ ਤੋਂ ਬਾਅਦ ਕੀਤੀ ਗਈ |