ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਡੈਲਟਾ ਏਅਰਲਾਈਨਜ ਦੇ ਐਟਲਾਂਟਾ ਤੋਂ ਓਰੇਗੋਨ ਆ ਰਹੇ ਜਹਾਜ਼ ਵਿੱਚ ਇਕ ਔਰਤ ਵੱਲੋਂ ਬੱਚੀ ਨੂੰ ਜਨਮ ਦਿੱਤਾ ਗਿਆ | ਜਹਾਜ਼ ਨੇ ਐਟਲਾਂਟਾ ਤੋਂ ਪੋਰਟਲੈਂਡ ਇੰਟਰਨੈਸ਼ਨਲ ਹਵਾਈ ਅੱਡੇ ਲਈ ਉਡਾਣ ਭਰੀ ਸੀ | ਉਡਾਣ ਦੌਰਾਨ ਹੀ ਔਰਤ ਨੂੰ ਜਣੇਪਾ ਪੀੜਾਂ ਸ਼ੁਰੂ ਹੋ ਗਈਆਂ | ਵਧੀਆ ਗੱਲ ਇਹ ਰਹੀ ਕਿ ਜਹਾਜ਼ ਵਿਚ ਦੋ ਨਰਸਾਂ ਵੀ ਸਫਰ ਕਰ ਰਹੀਆਂ ਸਨ ਜੋ ਡੋਮੀਨੀਕਨ ਰਿਪਬਲਿਕ ਵਿੱਚ ਛੁੱਟੀਆਂ ਕਟ ਕੇ ਵਾਪਿਸ ਆ ਰਹੀਆਂ ਸਨ | ਟੀਨੀ ਫਰਿਟਜ਼ ਤੇ ਕਾਰੀਨ ਪਾਵਲ ਨਾਮੀ ਇਨਾਂ ਨਰਸਾਂ ਨੇ ਬੱਚੀ ਦੀ ਪੈਦਾਇਸ਼ ਵਿੱਚ ਮੱਦਦ ਕੀਤੀ | ਜਹਾਜ਼ ਦੇ ਪਿਛਲੇ ਹਿੱਸੇ ਵਿੱਚ ਜਦੋਂ ਬੱਚੇ ਦੇ ਰੋਣ ਦੀ ਆਵਾਜ਼ ਆਈ ਤਾਂ ਜਹਾਜ਼ ਵਿਚ ਸਵਾਰ ਸਵਾਰੀਆਂ ਦੇ ਚੇਹਰੇ 'ਤੇ ਮੁਸਕਰਾਹਟ ਆ ਗਈ | ਸਾਢੇ ਪੰਜ ਪੌਂਡ ਭਾਰੀ ਬੱਚੀ ਤੇ ਟੈਨੇਸੀ ਵਾਸੀ ਮਾਂ ਐਸ਼ਲੇ ਬਲੇਅਰ ਬਿਲਕੁੱਲ ਠੀਕ ਠਾਕ ਹਨ | ਮਾਂ ਦਾ ਕਹਿਣਾ ਹੈ ਕਿ ਬੱਚੀ ਦਾ ਜਨਮ ਦੋ ਹਫਤੇ ਪਹਿਲਾਂ ਹੋ ਗਿਆ ਹੈ | ਜਹਾਜ਼ ਵੀ ਆਪਣੇ ਨਿਸ਼ਚਤ ਸਮੇਂ ਤੋਂ ਤਕਰੀਬਨ 20 ਮਿੰਟ ਪਹਿਲਾਂ ਪਹੁੰਚ ਗਿਆ | ਜਹਾਜ਼ ਦੇ ਪਾਇਲਟ ਨੇ ਕਿਹਾ ਕਿ ਜਹਾਜ਼ ਵਿੱਚ 153 ਯਾਤਰੀ ਸਵਾਰ ਹੋਏ ਸਨ ਪਰੰਤੂ ਉਤਰੇ 154 ਹਨ |