ਕਾਠਮੰਡੂ, 11 ਮਈ (ਪੀ.ਟੀ.ਆਈ.)-ਨਿਪਾਲ ਦੇ ਤਿ੍ਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਤੁਰਕੀ ਏਅਰਲਾਈਨਜ਼ ਦੇ ਇਕ ਜਹਾਜ਼ 'ਚ ਅੱਗ ਲੱਗ ਗਈ | ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ | ਹਾਲਾਂਕਿ, ਘਟਨਾ ਤੋਂ ਬਾਅਦ ਹਵਾਈ ਅੱਡੇ ਦੇ ਕੰਮਕਾਜ ਨੂੰ ਲਗਭਗ 2 ਘੰਟਿਆਂ ਲਈ ਮੁਅੱਤਲ ਕਰਨਾ ਪਿਆ | ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ 'ਚ 277 ਯਾਤਰੀ ਤੇ 11 ਚਾਲਕ ਦਲ ਦੇ ਮੈਂਬਰ ਸਵਾਰ ਸਨ ਤੇ ਸਾਰੇ ਸੁਰੱਖਿਅਤ ਹਨ | ਇਹ ਘਟਨਾ ਸਵੇਰੇ 6:36 ਵਜੇ ਵਾਪਰੀ ਜਦ ਇਸਤਾਂਬੁਲ ਤੋਂ ਆ ਰਹੀ ਤੁਰਕੀ ਏਅਰਲਾਈਨਜ਼ ਦੀ ਉਡਾਣ 'ਟੀਕੇ 726' ਦੇ ਪਿਛਲੇ ਪਹੀਏ ਨੂੰ ਹਵਾਈ ਅੱਡੇ 'ਤੇ ਉਤਰਦੇ ਸਮੇਂ ਅੱਗ ਲੱਗ ਗਈ | ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ |