ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ 'ਚ ਵਿਸ਼ੇਸ਼ ਸਮਾਗਮ <br/>
ਅਜੀਤ ਡੈਸਕ
20-05-2026
ਸਾਨ ਫਰਾਂਸਿਸਕੋ, 19 ਮਈ (ਐਸ ਅਸ਼ੋਕ ਭੌਰਾ)-ਗੁਰਦੁਆਰਾ ਸਾਹਿਬ ਸੰਤ ਸਾਗਰ ਸੈਕਰਮੈਂਟੋ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਬਿੰਦਰਾ ਅਤੇ ਗਿੱਲ ਪਰਿਵਾਰ ਵਲੋਂ ਕਰਵਾਇਆ ਗਿਆ | ਇਸ ਮੌਕੇ ਆਜ਼ਾਦੀ ਸੰਗਰਾਮ ਦੀ ਵਿਰਾਸਤ ਨਾਲ ਜੁੜੀਆਂ ਵੱਖ-ਵੱਖ ਸਖਸ਼ੀਅਤਾਂ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਵਰਤਮਾਨ ਭਾਰਤੀ ਹਾਲਾਤ ਅਤੇ ਰਾਜਨੀਤਿਕ ਸਥਿਤੀਆਂ ਵਿਚ ਕਰਤਾਰ ਸਿੰਘ ਸਰਾਭਾ ਨੂੰ ਯਾਦ ਕਰਨਾ ਹੋਰ ਵੀ ਪ੍ਰਸੰਗਿਕ ਤੇ ਮਹੱਤਵਪੂਰਨ ਇਸ ਕਰਕੇ ਹੈ ਕਿ ਉਨਾਂ ਦੇ ਸੁਪਨਿਆਂ ਦਾ ਭਾਰਤ ਆਜ਼ਾਦੀ ਤੋਂ ਪਿੱਛੋਂ ਵੀ ਹਾਲੇ ਤੱਕ ਸਿਰਜਿਆ ਨਹੀਂ ਆ ਸਕਿਆ ਤੇ ਇਸ ਆਜ਼ਾਦੀ ਦਾ ਨਿੱਘ ਕੁਝ ਲੋਕ ਹੀ ਮਾਣ ਰਹੇ ਹਨ, ਆਮ ਲੋਕਾਂ ਦਾ ਜੀਵਨ ਪੱਧਰ ਅੱਜ ਵੀ ਉਸੇ ਤਰਾਂ ਹੈ | ਸਮਾਗਮ ਦੇ ਮੁੱਖ ਪ੍ਰਬੰਧਕ ਸੁਰਿੰਦਰ ਸਿੰਘ ਬਿੰਦਰਾ ਨੇ ਆਜ਼ਾਦੀ ਦਾ ਇਤਿਹਾਸ ਤੇ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਦਾ ਸਮੁੱਚਾ ਬਿਰਤਾਂਤ ਜੋ ਇਕ ਆਜ਼ਾਦੀ ਦੀ ਲਹਿਰ ਸਿਰਜਣ ਵਾਲਾ ਸੀ, ਉਸ ਦਾ ਵਿਸਥਾਰ ਸੰਗਤਾਂ ਨਾਲ ਸਾਂਝਾ ਕੀਤਾ | ਇਸ ਤੋਂ ਪਹਿਲਾਂ ਪਾਠ ਦੇ ਭੋਗ ਪਾਏ ਗਏ | ਬੀਬੀ ਸੁਰਜੀਤ ਕੌਰ ਵਲੋਂ ਕੀਰਤਨ ਕੀਤਾ ਗਿਆ | ਗੁਰਨਾਮ ਸਿੰਘ ਭੰਡਾਲ ਦੇ ਢਾਡੀ ਜਥੇ ਨੇ 'ਉੱਠੋ ਜਾਗੋ ਅਣਖੀ ਵੀਰੋ ਗੂੰਜ ਗਦਰ ਦੀ ਪੈਂਦੀ..' ਅਤੇ 'ਹਿੰਦ ਵਾਸੀਓ ਰੱਖਣਾ ਯਾਦ ਸਾਨੂੰ..' ਇਤਿਹਾਸਕ ਕਾਵਿ ਰੰਗ ਢਾਡੀ ਵਾਰਾਂ 'ਚ ਪੇਸ਼ ਕਰਕੇ ਭਾਵੁਕ ਤੇ ਜੋਸ਼ੀਲਾ ਮਾਹੌਲ ਸਿਰਜਿਆ | ਡਾ. ਸਵੈਮਾਨ ਸਿੰਘ, ਕਸ਼ਮੀਰ ਸਿੰਘ ਕਾਂਗਣਾਂ, ਬੀਬੀ ਸੁਰਿੰਦਰ ਕੌਰ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ | ਮੰਚ ਸੰਚਾਲਨ ਗੁਰੂ ਘਰ ਦੇ ਮੁੱਖ ਸੇਵਾਦਾਰ ਨਰਿੰਦਰਪਾਲ ਸਿੰਘ ਹੁੰਦਲ ਨੇ ਕੀਤਾ | ਇਸ ਮੌਕੇ ਕੈਲੀਫੋਰਨੀਆ ਭਰ 'ਚੋਂ ਉੱਘੀਆਂ ਸਖਸ਼ੀਅਤਾਂ ਪੁੱਜੀਆਂ ਹੋਈਆਂ ਸਨ |