ਲੰਡਨ, 3 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੀਤੇ ਦਿਨੀਂ ਸਾਊਥੈਂਪਟਨ ਵਿਚ ਇੱਕ ਸਿੱਖ ਨੌਜਵਾਨ ਵਿਕਰਮ ਦਿਗਵਾ ਵਲੋਂ ਇਕ ਯੂਨੀਵਰਸਿਟੀ ਦੇ ਵਿਦਿਆਰਥੀ ਹੈਨਰੀ ਨੌਵਾਕ ਦਾ ਕਤਲ ਕਰਨ ਦੀ ਸਿੱਖ ਆਗੂਆਂ ਵੱਲੋਂ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਹੈ | ਯੂਕੇ ਦੌਰੇ 'ਤੇ ਆਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਪੰਜ ਪਿਆਰਿਆਂ ਵਿਚੋਂ ਸਿੰਘ ਸਾਹਿਬ ਗਿਆਨੀ ਮੇਜਰ ਸਿੰਘ, ਗੁਰਦੁਆਰਾ ਸਿੰਘ ਸਭਾ ਡਰਬੀ ਦੇ ਪ੍ਰਧਾਨ ਭਾਈ ਰਘਬੀਰ ਸਿੰਘ ਅਤੇ ਸਿੱਖ ਅਜਾਇਬਘਰ ਦੇ ਚੇਅਰਮੈਨ ਭਾਈ ਰਾਜਿੰਦਰ ਸਿੰਘ ਪੁਰੇਵਾਲ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਸਾਨੂੰ ਹੈਨਰੀ ਨੌਵਾਕ ਦੇ ਪਰਿਵਾਰ ਨਾਲ ਹਮਦਰਦੀ ਹੈ | ਉਨ੍ਹਾਂ ਕਿਹਾ ਕਿ ਸਿੱਖ ਦੀ ਕਿ੍ਪਾਨ ਗਰੀਬ ਤੇ ਕਮਜ਼ੋਰ ਦੀ ਰੱਖਿਆ ਵਾਸਤੇ ਹੈ, ਇਸ ਦੀ ਦੁਰਵਰਤੋਂ ਕਿਸੇ ਉਤੇ ਹਮਲਾ ਕਰਨ ਲਈ ਨਹੀਂ ਹੋਣੀ ਚਾਹੀਦੀ | ਉਨ੍ਹਾਂ ਨੇ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜਿਸ ਵੀ ਦੇਸ਼ ਵਿਚ ਤੁਸੀਂ ਰਹਿੰਦੇ ਹੋ, ਉਥੇ ਚੰਗੇ ਨਾਗਰਿਕ ਬਣੋ ਤੇ ਕਾਨੂੰਨ ਦੀ ਪਾਲਣਾ ਕਰੋ, ਕਾਨੂੰਨ ਨੂੰ ਆਪਣੇ ਹੱਥ ਵਿਚ ਨਾ ਲਵੋ | ਉਨ੍ਹਾਂ ਹੋਰ ਕਿਹਾ ਕਿ ਅਪਰਾਧ ਕਰਨ ਵਾਲੇ ਵਿਕਰਮ ਦਿਗਵਾ ਨੂੰ ਜੁਰਮ ਦੀ ਸਜ਼ਾ ਮਿਲ ਗਈ ਹੈ, ਪਰ ਇਕ ਵਿਅਕਤੀ ਦੇ ਜੁਰਮ ਕਾਰਨ ਸਮੁੱਚੇ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ |