ਬਰੇਸ਼ੀਆ(ਇਟਲੀ), 4 ਜੂਨ (ਬਲਦੇਵ ਸਿੰਘ ਬੂਰੇ ਜੱਟਾ)-ਵਿਸ਼ਵ ਸਿੱਖ ਸ਼ਹੀਦ ਮਿਲਟਰੀ, ਇਟਲੀ ਵਲੋਂ ਦੂਜੀ ਸੰਸਾਰ ਜੰਗ ਦੌਰਾਨ ਇਟਲੀ ਦੇ ਸੂਬਾ ਤੋਸਕਾਨਾ ਦੇ ਸ਼ਹਿਰ ਮਰਾਦੀ ਮੌਂਤੇ ਕਾਵਾਲਾਰਾ ( ਫਿਰੈਂਸਾ) ਵਿਖੇ ਸ਼ਹੀਦ ਹੋਏ ਭਾਰਤੀ ਫੌਜੀਆਂ ਦੀ ਯਾਦ ਵਿਚ 13 ਵਾਂ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਸ਼ਹਿਰ ਦੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਜਗ੍ਹਾ ‘ਤੇ ਦੂਜੀ ਸੰਸਾਰ ਜੰਗ ਦੌਰਾਨ ਇਟਲੀ ਨੂੰ ਹਿਟਲਰ ਦੀ ਫੌਜ ਤੋਂ ਆਜ਼ਾਦ ਕਰਵਾਉਂਦਿਆਂ ਤਕਰੀਬਨ 142 ਭਾਰਤੀ ਫੌਜੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ। ਇਸ ਜਗ੍ਹਾ ‘ਤੇ 2013 ਵਿਚ ਸੰਸਥਾ ਵਲੋਂ ਖੰਡਾ ਸਾਹਿਬ ਸਥਾਪਿਤ ਕੀਤੇ ਗਏ ਸਨ। ਇਸ ਸਮਾਗਮ ਦੌਰਾਨ ਸੰਗਤਾਂ ਵਲੋਂ ਚੌਪਈ ਸਾਹਿਬ ਜੀ ਦੇ ਪਾਠ ਕੀਤੇ ਗਏ। ਅਰਦਾਸ ਉਪਰੰਤ ਸ਼ਹਿਰ ਦੇ ਮੇਅਰ ਤਮਾਚੋ ਤ੍ਰਿਬਰਤੀ ਤੇ ਕਮੇਟੀ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਨੇ ਸਾਂਝੇ ਤੌਰ ‘ਤੇ ਸ਼ਰਧਾਂਜਲੀ ਭੇਟ ਕੀਤੀ। ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼ਹਿਰ ਦੇ ਮੇਅਰ ਨੇ ਵਿਸ਼ਵਾਸ਼ ਦਿਵਾਇਆ ਕਿ ਇਟਾਲੀਅਨ ਭਾਈਚਾਰਾ ਹਮੇਸ਼ਾਂ ਸਿੱਖ ਫੌਜੀਆਂ ਦਾ ਸਤਿਕਾਰ ਕਰੇਗਾ , ਜਿਹਨਾਂ ਨੇ ਆਪਣੀਆਂ ਜਾਨਾਂ ਵਾਰ ਕੇ ਇਟਲੀ ਨੂੰ ਆਜ਼ਾਦ ਕਰਵਾਇਆ ਸੀ। ਕਮੇਟੀ ਦੇ ਸੈਕਟਰੀ ਸਤਨਾਮ ਸਿੰਘ ਨੇ ਸ਼ਹਿਰ ਦੇ ਪ੍ਰਸ਼ਾਸਨ ਤੇ ਹਾਜ਼ਿਰ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਸਮਾਗਮ ਵਿਚ ਮੀਤ ਪ੍ਰਧਾਨ ਸੇਵਾ ਸਿੰਘ ਫੌਜੀ, ਮਨਜਿੰਦਰ ਸਿੰਘ ਖਾਲਸਾ, ਜਸਵੀਰ ਸਿੰਘ ਧਨੇਤਾ, ਇਕਬਾਲ ਸਿੰਘ ਸੋਢੀ, ਗੁਰਮੇਲ ਸਿੰਘ ਭੱਟੀ, ਰਾਜ ਕੁਮਾਰ ਕਰੇਜੋ, ਸਤਵਿੰਦਰ ਸਿੰਘ ਸੁਜਾਰਾ ਨੇ ਵੀ ਵਿਸ਼ੇਸ਼ ਸਿਰਕਤ ਕੀਤੀ। ਇਟਾਲੀਅਨ ਪ੍ਰਸ਼ਾਸਨ ਵਲੋਂ ਫੌਜ , ਪੁਲਿਸ ਅਤੇ ਵੱਖ ਵੱਖ ਭਿਭਾਗਾਂ ਦੇ ਮੁਖੀਆਂ ਨੇ ਪਹੁਂਚ ਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਅਵਸਰ ਤੇ ਗੁਰਦਵਾਰਾ ਸਿੰਘ ਸਭਾ, ਨੋਵੇਲਾਰਾ ਵਲੋਂ ਤਿਆਰ ਕਰ ਕੇ ਲਿਆਂਦੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।