ਸੈਕਰਾਮੈਂਟੋ, 6 ਜੂਨ (ਹੁਸਨ ਲੜੋਆ ਬੰਗਾ)-ਫਿ੍ਸਕੋ, ਟੈਕਸਾਸ 'ਚ ਇਮੀਗ੍ਰੇਸ਼ਨ ਨਾਲ ਸੰਬੰਧਿਤ ਵਿਰੋਧ ਪ੍ਰਦਰਸ਼ਨ ਦੌਰਾਨ ਫਿ੍ਸਕੋ ਸਿਟੀ ਹਾਲ ਦੇ ਬਾਹਰ ਇਕ ਵਿਅਕਤੀ ਵੱਲੋਂ ਭਾਰਤ ਦੇ ਰਾਸ਼ਟਰੀ ਝੰਡੇ ਦਾ ਨਿਰਾਦਰ ਕਰਨ ਦੀ ਖ਼ਬਰ ਹੈ | ਵਾਇਰਲ ਹੋਈ ਵੀਡੀਓ 'ਚ ਇਕ ਵਿਅਕਤੀ ਭਾਰਤੀ ਝੰਡੇ ਦਾ ਨਿਰਾਦਰ ਕਰਦਾ ਨਜ਼ਰ ਆ ਰਿਹਾ ਹੈ | ਇਸ ਘਟਨਾ ਦੀ ਵਿਆਪਕ ਨਿੰਦਾ ਹੋਈ ਹੈ | ਪ੍ਰਦਰਸ਼ਨ ਦੌਰਾਨ ਭੀੜ 'ਚ ਲੋਕਾਂ ਵੱਲੋਂ ਭਾਰਤ ਵਿਰੋਧੀ ਨਾਅਰ ਲਾਏ ਗਏ | ਇਸ ਘਟਨਾ 'ਤੇ ਬਹੁਤ ਸਾਰੇ ਭਾਰਤੀ ਅਮਰੀਕੀਆਂ ਤੇ ਹੋਰ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਸਖ਼ਤ ਪ੍ਰਤੀਕਿਰਿਆਵਾਂ ਦਿੱਤੀਆਂ ਹਨ ਜਿਨ੍ਹਾਂ 'ਚ ਕਿਹਾ ਗਿਆ ਹੈ ਕਿ ਇਮੀਗ੍ਰੇਸ਼ਨ ਨੀਤੀ 'ਤੇ ਅਸਹਿਮਤੀ ਹੋ ਸਕਦੀ ਹੈ ਪਰੰਤੂ ਇਸ ਦਾ ਇਹ ਮਤਲਬ ਨਹੀਂ ਹੈ ਕਿ ਪੂਰੇ ਭਾਰਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾਵੇ ਤੇ ਕਿਸੇ ਦੂਸਰੇ ਦੇਸ਼ ਦੇ ਝੰਡੇ ਦਾ ਨਿਰਾਦਰ ਕੀਤਾ ਜਾਵੇ | ਕੁਝ ਟਿੱਪਣੀਕਾਰਾਂ ਨੇ ਅਮਰੀਕੀ ਅਰਥਵਿਵਸਥਾ 'ਚ ਭਾਰਤੀ ਪ੍ਰਵਾਸੀਆਂ ਤੇ ਭਾਰਤੀ ਅਮਰੀਕੀਆਂ ਦੇ ਯੋਗਦਾਨ ਨੂੰ ਉਜਾਗਰ ਕੀਤਾ ਹੈ ਜਦੋਂ ਕਿ ਹੋਰਾਂ ਨੇ ਨੀਤੀਗਤ ਚਰਚਾਵਾਂ ਨੂੰ ਵਿਅਕਤੀਆਂ ਜਾਂ ਨਸਲੀ ਸਮੂਹਾਂ ਦੀ ਬਜਾਏ ਇਮੀਗ੍ਰੇਸ਼ਨ ਮੁੱਦਿਆਂ 'ਤੇ ਕੇਂਦਿ੍ਤ ਰੱਖਣ ਦੀ ਮੰਗ ਕੀਤੀ ਹੈ | ਝੰਡਾ ਦਾ ਨਿਰਾਦਰ ਕਰਨ ਵਾਲੇ ਵਿਅਕਤੀ ਦੀ ਪਛਾਣ ਕਲੇਟਨ ਵਾਕਰ ਵਜੋਂ ਹੋਈ ਹੈ | ਵਾਕਰ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ |