ਕਾਲਾ ਸੰਘਿਆਂ, 6 ਜੂਨ (ਬਲਜੀਤ ਸਿੰਘ ਸੰਘਾ)-ਥਾਣਾ ਸਦਰ ਕਪੂਰਥਲਾ ਅਧੀਨ ਪੈਂਦੀ ਪੁਲਿਸ ਚੌਂਕੀ ਕਾਲ਼ਾ ਸੰਘਿਆਂ ਦੀ ਪੁਲਿਸ ਵੱਲੋਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਏਐਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਇਲਾਕੇ ਵਿਚ ਪਿਛਲੇ ਦਿਨਾਂ ਤੋਂ ਰਾਤ ਸਮੇਂ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਤੇ ਹੋਰ ਕੀਮਤੀ ਸਮਾਨ ਚੋਰੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਕਰਕੇ ਪੁਲਿਸ ਵੱਲੋਂ ਰਾਤ ਦੀ ਗਸ਼ਤ ਸ਼ੁਰੂ ਕੀਤੀ ਗਈ ਜਿਸ ਦੌਰਾਨ ਸੁਖਾਣੀ ਪੁਲੀ ਨੇੜਿਓਾ ਰਾਤ ਕਰੀਬ 11 ਤੋਂ 12 ਦੇ ਵਿਚਕਾਰ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀਆਂ ਨੂੰ ਰੁਕਣ ਲਈ ਕਿਹਾ ਜਿਨਾਂ ਨੇ ਮੌਕੇ ਤੋਂ ਮੋਟਰਸਾਈਕਲ ਭਜਾ ਲਿਆ ਪੁਲਿਸ ਗਸ਼ਤ ਟੀਮ ਵੱਲੋਂ ਮੋਟਰਸਾਈਕਲ ਸਵਾਰਾਂ ਦਾ ਪਿੱਛਾ ਕਰਦੇ ਹੋਏ ਉਨਾਂ ਨੂੰ ਕਾਬੂ ਕੀਤਾ ਗਿਆ ਜਿਨਾਂ ਦੀ ਪਹਿਚਾਣ ਅਕਾਸ਼ਦੀਪ ਪੁੱਤਰ ਜਸਵੀਰ ਸਿੰਘ ਅਤੇ ਕਸ਼ਮੀਰ ਸਿੰਘ ਪੁੱਤਰ ਅਮਰੀਕ ਸਿੰਘ ਦੋਵੇਂ ਵਾਸੀ ਪਿੰਡ ਪੱਖੋਵਾਲ ਜ਼ਿਲਾ ਕਪੂਰਥਲਾ ਵਜੋਂ ਹੋਈ ਹੈ | ਇਹਨਾਂ ਕੋਲੋਂ ਪਲਾਸ, ਤਾਰਾਂ, ਸਟਾਟਰ ਆਦਿ ਬਰਾਮਦ ਹੋਇਆ | ਜਿਸ ਤੇ ਸ਼ੱਕ ਪੈਣ ਤੇ ਤਫ਼ਤੀਸ਼ ਲਈ ਇਹਨਾਂ ਨੂੰ ਪੁਲਿਸ ਚੌਂਕੀ ਵੀ ਲਿਆਂਦਾ ਗਿਆ ਅਤੇ ਸਵੇਰ ਦੇ ਟਾਈਮ ਇਹਨਾਂ ਤੋਂ ਪੁੱਛਗਿੱਛ ਕੀਤੀ ਗਈ ਜਿਸ ਦੌਰਾਨ ਇਹਨਾਂ ਨੇ ਮੰਨਿਆ ਕਿ ਇਹ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ ਕਰਕੇ ਵੇਚਦੇ ਹਨ | ਚੌਂਕੀ ਇੰਚਾਰਜ ਨੇ ਦੱਸਿਆ ਕਿ ਕਾਬੂ ਕੀਤੇ ਦੋਵੇਂ ਨੌਜਵਾਨ ਰਿਸ਼ਤੇ ਵਿਚ ਚਾਚਾ ਭਤੀਜਾ ਹਨ ਅਤੇ ਜਿਸ ਮੋਟਰਸਾਈਕਲ ਤੇ ਇਹ ਸਵਾਰ ਸਨ ਉਸ ਦੀ ਨੰਬਰ ਪਲੇਟ ਵੀ ਨਹੀਂ ਹੈ ਪੁਲਿਸ ਵੱਲੋਂ ਤਫ਼ਤੀਸ਼ ਕੀਤੀ ਜਾਵੇਗੀ ਕਿ ਇਹ ਮੋਟਰਸਾਈਕਲ ਇਹਨਾਂ ਦਾ ਆਪਣਾ ਹੈ ਜਾਂ ਚੋਰੀ ਕੀਤਾ ਹੋਇਆ | ਚੌਂਕੀ ਇੰਚਾਰਜ ਨੇ ਦੱਸਿਆ ਕਿ ਇਹਨਾਂ ਤੇ ਬਣਦੀਆਂ ਧਾਰਾਵਾਂ ਤਹਿਤ ਮੁਕੱਦਮਾ ਨੰਬਰ 135 ਦਰਜ਼ ਕੀਤਾ ਗਿਆ ਹੈ ਤੇ ਇਹਨਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਤੇ ਲੈ ਕੇ ਹੋਰ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਨਾਂ ਕੋਲੋਂ ਹੋਰ ਚੋਰੀਆਂ ਦੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ |