ਲੈਸਟਰ (ਇੰਗਲੈਂਡ), 10 ਜੂਨ (ਸੁਖਜਿੰਦਰ ਸਿੰਘ ਢੱਡੇ)-ਨਾਬਾਲਗ ਲੜਕੀਆਂ ਦੇ ਜਿਨਸੀ ਸ਼ੋਸ਼ਣ ਤੇ ਮਨੁੱਖੀ ਤਸਕਰੀ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ 21 ਸਾਲਾ ਸ਼ਰਾਮ ਮੁਹਾਮਦੀ ਦੀ ਭਾਲ ਲਈ ਦੱਖਣੀ ਯਾਰਕਸ਼ਾਇਰ ਪੁਲਿਸ ਵੱਲੋਂ ਵਿਆਪਕ ਮੁਹਿੰਮ ਚਲਾਈ ਜਾ ਰਹੀ ਹੈ¢ ਮੁਹਾਮਦੀ ਨੂੰ ਦੋਸ਼ਾਂ ਤਹਿਤ ਗਿ੍ਫ਼ਤਾਰ ਕੀਤੇ ਜਾਣ ਤੋਂ ਬਾਅਦ ਜ਼ਮਾਨਤ ਮਿਲ ਗਈ ਸੀ, ਪਰ ਉਹ ਸ਼ੈਫੀਲਡ ਕਰਾਊਨ ਕੋਰਟ ਵਿਚ ਚੱਲ ਰਹੀ ਸੁਣਵਾਈ ਦੌਰਾਨ ਪੇਸ਼ ਨਹੀਂ ਹੋਇਆ | ਅਦਾਲਤ ਨੇ ਉਸ ਦੀ ਗੈਰ-ਹਾਜ਼ਰੀ ਵਿਚ ਹੀ ਉਸ ਨੂੰ 2 ਮਾਮਲਿਆਂ 'ਚ ਲੋਕਾਂ ਨੂੰ ਸ਼ੋਸ਼ਣ ਦੇ ਉਦੇਸ਼ ਨਾਲ ਯਾਤਰਾ ਕਰਵਾਉਣ ਦੇ ਦੋਸ਼ਾਂ ਤਹਿਤ ਦੋਸ਼ੀ ਕਰਾਰ ਦੇ ਦਿੱਤਾ | ਪੁਲਿਸ ਅਨੁਸਾਰ ਮੁਹਾਮਦੀ ਦੇ ਵੈਸਟ ਮਿਡਲੈਂਡਜ਼ ਖੇਤਰ ਨਾਲ ਸੰਬੰਧ ਹਨ ਅਤੇ ਜਾਂਚ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਉਹ 16 ਤੋਂ 18 ਮਈ ਦੇ ਵਿਚਕਾਰ ਰੇਲ ਰਾਹੀਂ ਬਰਮਿੰਘਮ ਪਹੁੰਚਿਆ ਸੀ | ਉਸ ਨੂੰ ਆਖਰੀ ਵਾਰ 18 ਮਈ ਦੀ ਰਾਤ ਕਰੀਬ 9 ਵਜੇ ਬਰਮਿੰਘਮ ਸ਼ਹਿਰ ਦੇ ਕੇਂਦਰ ਵਿਚ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦੇ ਸਮਾਲ ਹੀਥ ਪਾਰਕ ਇਲਾਕੇ ਵੱਲ ਟੈਕਸੀ ਰਾਹੀਂ ਜਾਣ ਦਾ ਸ਼ੱਕ ਹੈ¢ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ, ਫੋਨ ਰਿਕਾਰਡਾਂ ਅਤੇ ਹੋਰ ਸਬੂਤਾਂ ਦੀ ਜਾਂਚ ਕਰਕੇ ਉਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਦੱਖਣੀ ਯਾਰਕਸ਼ਾਇਰ ਪੁਲਿਸ ਦੀ ਸਹਾਇਕ ਮੁੱਖ ਕਾਂਸਟੇਬਲ ਹੇਲੀ ਬਾਰਨੇਟ ਨੇ ਕਿਹਾ ਕਿ ਮਾਮਲੇ ਨਾਲ ਸੰਬੰਧਿਤ ਪੀੜਤ ਲੜਕੀਆਂ ਨੇ ਪੂਰੀ ਜਾਂਚ ਅਤੇ ਮੁਕੱਦਮੇ ਦÏਰਾਨ ਬਹੁਤ ਹਿੰਮਤ ਅਤੇ ਦਿ੍ੜਤਾ ਦਾ ਪ੍ਰਦਰਸ਼ਨ ਕੀਤਾ ਹੈ¢ ਉਨ੍ਹਾਂ ਕਿਹਾ ਕਿ ਪੁਲਿਸ ਦਾ ਮੁੱਖ ਉਦੇਸ਼ ਦੋਸ਼ੀ ਨੂੰ ਕਾਨੂੰਨ ਦੇ ਕਟਹਿਰੇ ਵਿਚ ਲਿਆ ਕੇ ਪੀੜਤਾਂ ਨੂੰ ਪੂਰਾ ਇਨਸਾਫ਼ ਦਿਵਾਉਣਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕੋਲ ਮੁਹਾਮਦੀ ਦੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ¢ ਪੁਲਿਸ ਦਾ ਮੰਨਣਾ ਹੈ ਕਿ ਉਹ ਅਜੇ ਵੀ ਬਿ੍ਟੇਨ ਵਿਚ ਹੋ ਸਕਦਾ ਹੈ, ਹਾਲਾਂਕਿ ਉਸ ਦੇ ਵਿਦੇਸ਼ ਭੱਜਣ ਦੀ ਸੰਭਾਵਨਾ ਨੂੰ ਵੀ ਨਕਾਰਿਆ ਨਹੀਂ ਜਾ ਰਿਹਾ |