04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਅਮਰੀਕਾ ’ਚ ਗੈਰਕਾਨੂੰਨੀ ਦਾਖ਼ਲੇ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀਆਂ ਦੀ ਗਿਣਤੀ 69 ਫ਼ੀਸਦੀ ਘਟੀ

ਅਜੀਤ ਡੈਸਕ 20-07-2026
ਨਿਊਯਾਰਕ, 19 ਜੁਲਾਈ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਪਹੁੰਚਣ ਲਈ ਗੈਰਕਾਨੂੰਨੀ ਰਸਤਿਆਂ ਦੀ ਵਰਤੋਂ ਕਰਨ ਵਾਲੇ ਭਾਰਤੀਆਂ ਦੀ ਗਿਣਤੀ ’ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਅਮਰੀਕੀ ਸਰਹੱਦੀ ਅੰਕੜਿਆਂ ਮੁਤਾਬਕ ਅਕਤੂਬਰ 2025 ਤੋਂ ਮਈ 2026 ਤੱਕ ਭਾਰਤੀ ਨਾਗਰਿਕਾਂ ਨਾਲ ਜੁੜੇ 20,614 ਸਰਹੱਦੀ ਮਾਮਲੇ ਦਰਜ ਹੋਏ, ਜਦਕਿ ਵਿੱਤੀ ਸਾਲ 2023 ਦੀ ਇਸੇ ਮਿਆਦ ਦੌਰਾਨ ਇਹ ਗਿਣਤੀ 67 ਹਜ਼ਾਰ ਤੋਂ ਵੱਧ ਸੀ। ਇਸ ਤਰ੍ਹਾਂ ਭਾਰਤ ਤੋਂ ਗੈਰਕਾਨੂੰਨੀ ਪਰਵਾਸ ਦੇ ਮਾਮਲਿਆਂ ਵਿਚ ਲਗਭਗ 69 ਫ਼ੀਸਦੀ ਦੀ ਕਮੀ ਆਈ ਹੈ।
ਸਭ ਤੋਂ ਵੱਡਾ ਬਦਲਾਅ ਅਮਰੀਕਾ ਦੀਆਂ ਜ਼ਮੀਨੀ ਸਰਹੱਦਾਂ ’ਤੇ ਦੇਖਣ ਨੂੰ ਮਿਲਿਆ ਹੈ। ਮੈਕਸੀਕੋ ਨਾਲ ਲੱਗਦੀ ਦੱਖਣ-ਪੱਛਮੀ ਸਰਹੱਦ ਉੱਤੇ ਭਾਰਤੀ ਨਾਗਰਿਕਾਂ ਨਾਲ ਜੁੜੇ ਸਿਰਫ਼ 417 ਮਾਮਲੇ ਸਾਹਮਣੇ ਆਏ, ਜੋ 2023 ਦੇ ਮੁਕਾਬਲੇ ਕਰੀਬ 99 ਫ਼ੀਸਦੀ ਘੱਟ ਹਨ। ਕੈਨੇਡਾ ਨਾਲ ਲੱਗਦੀ ਉੱਤਰੀ ਸਰਹੱਦ ’ਤੇ ਵੀ 2,250 ਮਾਮਲੇ ਦਰਜ ਹੋਏ, ਜੋ ਪਿਛਲੀ ਤੁਲਨਾਤਮਕ ਮਿਆਦ ਨਾਲੋਂ 91 ਫ਼ੀਸਦੀ ਘੱਟ ਦੱਸੇ ਗਏ ਹਨ। ਇਸ ਤੇਜ਼ ਗਿਰਾਵਟ ਪਿੱਛੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗੈਰਕਾਨੂੰਨੀ ਇਮੀਗ੍ਰੇਸ਼ਨ ਵਿਰੁੱਧ ਚਲਾਈ ਜਾ ਰਹੀ ਸਖ਼ਤ ਮੁਹਿੰਮ ਨੂੰ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਸਰਹੱਦਾਂ ਉੱਤੇ ਵਧੀ ਨਿਗਰਾਨੀ, ਗ੍ਰਿਫ਼ਤਾਰੀਆਂ, ਤੇਜ਼ ਡਿਪੋਰਟੇਸ਼ਨ ਤੇ ਗੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਏ ਲੋਕਾਂ ਖ਼ਿਲਾਫ਼ ਕੜੀ ਕਾਰਵਾਈ ਨੇ ਅਮਰੀਕਾ ਜਾਣ ਦੀ ਯੋਜਨਾ ਬਣਾਉਣ ਵਾਲਿਆਂ ’ਚ ਡਰ ਪੈਦਾ ਕੀਤਾ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਜੁੜੇ ਅੰਕੜਿਆਂ ਅਨੁਸਾਰ 2026 ਦੇ ਪਹਿਲੇ 6 ਮਹੀਨਿਆਂ ਵਿਚ ਹੀ 1,076 ਭਾਰਤੀਆਂ ਨੂੰ ਅਮਰੀਕਾ ਤੋਂ ਵਾਪਸ ਭੇਜਿਆ ਗਿਆ। ਇਸ ਤੋਂ ਪਹਿਲਾਂ 2025 ਦੌਰਾਨ ਸਾਢੇ ਤਿੰਨ ਹਜ਼ਾਰ ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਗਿਆ ਸੀ, ਜੋ ਕਈ ਸਾਲਾਂ ਵਿਚ ਸਭ ਤੋਂ ਉੱਚੀਆਂ ਗਿਣਤੀਆਂ ਵਿੱਚੋਂ ਇਕ ਸੀ।
ਪਿਛਲੀ ਖ਼ਬਰ ਦੱਖਣੀ ਨਾਰਵੇ ’ਚ ਲੱਗੀ ਭਿਆਨਕ ਅੱਗ, 100 ਤੋਂ ਵੱਧ ਘਰ ਸੜ ਕੇ ਸੁਆਹ ਅਗਲੀ ਖ਼ਬਰ ਐਡੀਲੇਡ ਵਿਖੇ ‘ਮੇਲਾ ਤ੍ਰਿੰਝਣਾਂ ਦਾ’ ਸ਼ਾਨੋ-ਸ਼ੌਕਤ ਨਾਲ ਸੰਪੰਨ -ਭੰਗੜੇ, ਗਿੱਧੇ, ਬੋਲੀਆਂ ਤੇ ਲੋਕ-ਗੀਤਾਂ ਨਾਲ ਗੂੰਜਿਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।