ਲੰਡਨ, 20 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਪੰਜਾਬ ਤੇ ਆਈ ਵਿਦਿਆਰਥਣ ਕਿਰਨਦੀਪ ਕੌਰ ਦਾ ਬੀਤੇ ਦਿਨੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ, ਜਿਸ ਦੀ ਯਾਦ ਵਿੱਚ ਅੱਜ ਹੇਜ਼ ਵਿੱਚ ਭਾਈਚਾਰੇ ਨੇ ਇਕੱਠੇ ਹੋ ਕੇ ਸਰਧਾਂਜਲੀ ਭੇਟ ਕੀਤੀ ਅਤੇ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਇਹ ਸੱਚਮੁੱਚ ਬਹੁਤ ਹੀ ਦੁਖਦਾਈ ਅਤੇ ਦਿਲ ਕੰਬਾਊ ਖ਼ਬਰ ਹੈ। ਪੰਜਾਬ ਤੋਂ ਆਈ ਇੱਕ ਨੌਜਵਾਨ ਵਿਦਿਆਰਥਣ, ਕਿਰਨਦੀਪ ਕੌਰ, ਜਿਸਦੇ ਸਾਹਮਣੇ ਅਜੇ ਪੂਰੀ ਜ਼ਿੰਦਗੀ ਪਈ ਸੀ, ਦਾ ਇਸ ਤਰ੍ਹਾਂ ਬੇਰਹਿਮੀ ਨਾਲ ਖ਼ਤਮ ਹੋ ਜਾਣਾ ਪੂਰੇ ਭਾਈਚਾਰੇ ਲਈ ਇੱਕ ਬਹੁਤ ਵੱਡਾ ਸਦਮਾ ਹੈ। ਸਥਾਨਕ ਭਾਈਚਾਰੇ ਵੱਲੋਂ ਇਕੱਠੇ ਹੋ ਕੇ ਉਸ ਨੂੰ ਦਿੱਤੀ ਗਈ ਸ਼ਰਧਾਂਜਲੀ ਇਹ ਦਰਸਾਉਂਦੀ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਪੂਰਾ ਸਮਾਜ ਪੀੜਤ ਪਰਿਵਾਰ ਦੇ ਨਾਲ ਖੜ੍ਹਾ ਹੈ ਅਤੇ ਇਸ ਅਣਮਨੁੱਖੀ ਘਟਨਾ ਵਿਰੁੱਧ ਇੱਕਜੁੱਟ ਹੈ। ਬੁਲਾਰਿਆਂ ਨੇ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ੀ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਅਤੇ ਅਜੇਹੀਆਂ ਘਟਨਾਵਾਂ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾਣ ਦੀ ਅਪੀਲ ਕੀਤੀ। ਇਸ ਮੌਕੇ ਐਮ ਪੀ ਜੌਹਨ ਮੈਕਡਾਨਲ, ਕੌਂਸਲਰ ਰਾਜੂ ਸੰਸਾਰਪੁਰੀ, ਕੌਂਸਲਰ ਕਮਲਪ੍ਰੀਤ ਕੌਰ, ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੇ ਹਰਸੇਵ ਬੈਂਸ, ਦੀਦਾਰ ਸਿੰਘ ਰੰਧਾਵਾ, ਲਖਵਿੰਦਰ ਸਿੰਘ ਗਿੱਲ, ਗੁਰਮਿੰਦਰ ਕੌਰ ਰੰਧਾਵਾ, ਗੁਰਜੋਤ ਕੌਰ, ਸੁਖਵਿੰਦਰ ਸਿੰਘ ਸੁੱਖੀ ਆਦਿ ਹਾਜ਼ਰ ਸਨ।