ਕੈਲਗਰੀ, 24 ਜੁਲਾਈ (ਜਸਜੀਤ ਸਿੰਘ ਧਾਮੀ)- 2022 ਤੋ ਲੈ ਕੇ 2024 ਤੱਕ ਕੈਲਗਰੀ ’ਚ ਪ੍ਰਾਈਵੇਟ ਕਾਲਜ ’ਚ ਦਾਖਲਾ ਲੈ ਕੇ ਆਪਣਾ ਭਵਿੱਖ ਸੁਧਾਰਨ ਲਈ ਆਏ ਸੈਂਕੜੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਹੋ ਚੁੱਕਾ ਹੈ। ਆਪਣੀ ਸਾਰੀ ਪੜ੍ਹਾਈ ਪੂਰੀ ਹੋਣ ਦੇ ਬਾਵਜੂਦ ਇਹ ਵਿਦਿਆਰਥੀ ਅੱਜ ਆਪਣਾ ਵਰਕ ਪ੍ਰਮਿਟ ਨਾ ਮਿਲਣ ਕਰਕੇ ਸੜਕਾਂ ਤੇ ਉੱਤਰ ਆਏ ਹਨ| ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 1000 ਹਜ਼ਾਰ ਦੇ ਕਰੀਬ ਬੱਚਿਆ ਦਾ ਭਵਿੱਖ ਖਤਰੇ ’ਚ ਹੈ। ਜਿਨਾਂ ਨੂੰ ਵਰਕ ਪਰਮਿਟ ਜਾਰੀ ਨਹੀ ਹੋਇਆ ਹੈ। ਜਦਕਿ ਕੁੱਝ ਵਿਦਿਆਰਥੀਆਂ ਨੂੰ ਵਰਕ ਪਰਮਿਟ ਮਿਲ ਚੁੱਕੇ ਹਨ। ਵਿਦਿਆਰਥੀਆਂ ਵਿਚ ਰੋਸ ਹੈ ਕਿ ਸਾਰੇ ਬੱਚਿਆ ਨੇ ਇਕੱਠੇ ਹੀ ਕਾਲਜ ’ਚ ਪੜਾਈ ਕੀਤੀ ਹੈ ਫਿਰ ਨਾਲ ਦੇ ਵਿਦਿਆਰਥੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉ ਕੀਤਾ ਗਿਆ ਹੈ। ਬੇਸ਼ੱਕ 90 ਦਿਨ ਦੁਬਾਰਾ ਫਾਈਲ ਲਗਾਉਣ ਵਾਸਤੇ ਦਿੱਤੇ ਜਾਦੇ ਹਨ ਪਰ ਉਸ ’ਚ ਵੀ ਕੋਈ ਪੱਕਾ ਨਹੀ ਕਿ ਉਨਾਂ ਬੱਚਿਆ ਨੂੰ ਵਰਕ ਪਰਮਿਟ ਜਾਰੀ ਕੀਤਾ ਜਾ ਸਕੇ| ਇਹ ਇਕੱਲਾ ਕੈਲਗਰੀ ਸ਼ਹਿਰ ਦਾ ਹੁਣ ਮਸਲਾ ਨਹੀ ਰਹਿ ਗਿਆ ਹੁਣ ਨਾਲ ਲੱਗਦੇ ਸ਼ਹਿਰ ਐਡਮਿੰਟਨ ’ਚ ਵੀ ਬੱਚਿਆ ਨਾਲ ਇਸ ਤਰ੍ਹਾਂ ਹੀ ਹੋਇਆ ਹੈ। ਅੱਜ ਦੇਰ ਸ਼ਾਮ ਵੇਲੇ ਵਿਦਿਆਰਥੀਂ ਵੱਲੋ ਪੰੰਜਾਬੀ ਕਮਿਉਨਟੀ ਦੀ ਸੰਘਣੀ ਵਸੋਂ ਵਾਲੇ ਇਲਾਕੇ ਨੌਰਥ ਈਸਟ ’ਚ ਭੁੱਖ ਹੜਤਾਲ ਕਰਦੇ ਹੋਏ ਰੋਸ ਪ੍ਰਗਟਾਇਆ ਗਿਆ| ਬੱਚਿਆ ਨਾਲ ਗੱਲਬਾਤ ਕਰਨ ਤੇ ਉਨਾਂ ਦੱਸਿਆ ਕਿ ਅਜੇ ਇਹ ਨਹੀ ਦੱਸਿਆ ਜਾ ਸਕਦਾ ਕਿ ਇਹ ਭੁੱਖ ਹੜਤਾਲ ਧਰਨਾ ਕਿੰਨੇ ਦਿਨ ਚੱਲੇਗਾ| ਇਸ ਤੋਂ ਇਲਾਵਾ ਉਨ੍ਹਾਂ ਨੇ ਕੋਈ ਵੀ ਬਿਆਨ ਜਾਰੀ ਕਰਨ ਤੋ ਗੁਰੇਜ ਕੀਤਾ।