ਲੰਡਨ, 28 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਮਹਾਰਾਜਾ ਦਲੀਪ ਸਿੰਘ ਦੇ ਸ਼ਹਿਰ ਥੈਟਫੋਰਡ ਵਿੱਚ “ਫੈਸਟੀਵਲ ਆਫ਼ ਥੈਟਫ਼ੋਰਡ ਐਂਡ ਪੰਜਾਬ” ਦੌਰਾਨ ਪੰਜਾਬੀ ਅਤੇ ਅੰਗਰੇਜ਼ੀ ਸੱਭਿਆਚਾਰਾਂ ਦੀ ਆਪਸੀ ਸਾਂਝ ਦੀਆਂ ਝਲਕੀਆਂ ਦਾ ਸਥਾਨਿਕ ਲੋਕਾਂ ਨੇ ਖੂਬ ਅਨੰਦ ਮਾਣਿਆਂ। ਥੈਟਫ਼ੋਰਡ ਗ੍ਰਾਮਰ ਸਕੂਲ ਵਿਖੇ ਕਰਵਾਏ ਗਏ ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਇੰਦੀ ਸੰਧੂ ਨੇ ਦੱਸਿਆ ਕਿ ਪੰਜਾਬੀ ਗਾਇਕਾਂ, ਭਾਰਤੀ ਨ੍ਰਿਤ ਪੇਸ਼ਕਾਰਾਂ ਅਤੇ ਭੰਗੜੇ ਦੇ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਬਹੁਤ ਹੀ ਸ਼ਾਨਦਾਰ ਰਹੀਆਂ। ਇਸ ਮੌਕੇ ਪੇਸ਼ਕਾਰ ਰਾਜ ਘਈ ਅਤੇ ਪਾਲ ਸ਼ਾਹ, ਟਾਊਨ ਕਰਾਇਰ ਮਾਈਕ ਵੇਬ ਨੇ ਸਮਾਗਮ ਦੀ ਸ਼ੁਰੂਆਤ ਕੀਤੀ। ਜਿਸ ਤੋਂ ਬਾਅਦ ਪੰਜਾਬੀ ਗਾਇਕ ਸ਼ਿਨ ਡੀ.ਸੀ.ਐਸ., ‘ਅਪਨਾ ਸੰਗੀਤ’ ਦੇ ਕੁਲਵੰਤ ਭਮਰਾ, ਪੰਜਾਬੀ ਗਾਇਕ ਨਿਰਮਲ ਸਿੱਧੂ, ਨਵ ਸਿੱਧੂ, ਜੁਗਨੂੰ ਭੰਗੜਾ ਗਰੁੱਪ, ‘ਤੀਆਂ ਗਿੱਧਾ’ ਕੈਂਟ ਦੇ ਸਹੇਲੀ ਗਰੁੱਪ, ਸਰਕਸ ਰਾਜ, ਵਰਿੰਦਰ ਮਾਨਸਾ ਅਤੇ ਰਾਜਸਥਾਨ ਬ੍ਰਾਸ ਬੈਂਡ ਨੇ ਚੋਖਾ ਰੰਗ ਬੰਨ੍ਹਿਆ। ਇਸ ਤੋਂ ਇਲਾਵਾ ਦੇਸੀ ਕਲਾਵਾਂ ਵਰਕਸ਼ਾਪਾਂ ਵਿੱਚ ਹਰਪ੍ਰੀਤ ਸਿੰਘ ਵੱਲੋਂ ਦਸਤਾਰ ਸਿਖਲਾਈ ਕੈਂਪ, ਸਿੱਖ ਮੋਟਰਸਾਈਕਲ ਕਲੱਬ ਯੂ.ਕੇ. ਵੱਲੋਂ ਪ੍ਰਦਰਸ਼ਨੀਆਂ, ਵੱਖ-ਵੱਖ ਪਕਵਾਨ ਅਤੇ ਮਹਿੰਦੀ ਦੇ ਸਟਾਲ ਵੀ ਲਗਾਏ ਗਏ। ਇਸ ਸਮਾਗਮ ਵਿੱਚ ਸੋਲੀਹੱਲ ਦੇ ਮੇਅਰ ਸਰਦੂਲ ਸਿੰਘ ਮਾਰਵਾ ਐਮ ਬੀ ਈ, ਡਾਰਟਫ਼ੋਰਡ ਦੇ ਮੇਅਰ ਅਵਤਾਰ ਸੰਧੂ ਐਮ ਬੀ ਈ, ਅਤੇ ਥੈਟਫ਼ੋਰਡ ਦੇ ਮੇਅਰ ਤੇ ਨੋਰਫ਼ੋਕ ਕਾਊਂਟੀ ਕੌਂਸਲ ਦੇ ਲੀਡਰ ਕੌਂਸਲਰ ਬਿਕ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਹਨਾਂ ਸਮਾਗਮਾਂ ਵਿੱਚ ਮਹਾਰਾਜਾ ਦਲੀਪ ਸਿੰਘ ਅਤੇ ਉਹਨਾਂ ਦੇ ਪ੍ਰੀਵਾਰ ਨੂੰ ਯਾਦ ਕਰਦਿਆਂ ਐਂਸ਼ੀਅੰਟ ਹਾਊਸ ਮਿਊਜ਼ੀਅਮ ਵਿੱਚ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਮਹਾਰਾਜਾ ਦਲੀਪ ਸਿੰਘ ਦੀਆਂ ਪੰਜਾਬ ਅਤੇ ਐਲਵੇਡਨ ਦੀਆਂ ਯਾਦਾਂ ਬਾਰੇ ਲੇਖਕ ਪੀਟਰ ਬਾਂਸ ਜਾਣਕਾਰੀ ਸਾਂਝੀ ਕੀਤੀ। ਸ਼ਾਹੀ ਮਹਿਲ ਵੱਲੋਂ ਪੋਲੀ ਪੁਟਨਮ ਨੇ ਕੇਨਸਿੰਗਟਨ ਪੈਲੇਸ ਵਿਖੇ ਰਾਜਕੁਮਾਰੀ ਸੋਫ਼ੀਆ ਅਤੇ ਉਹਨਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੀਆਂ ਮਹਾਨ ਔਰਤਾਂ ‘ਤੇ ਲੱਗੀ ਪ੍ਰਦਰਸ਼ਨੀ ਬਾਰੇ, ਨਾਈਜੇਲ ਐਮਿਸ ਨੇ ਐਂਗਲੋ-ਸਿੱਖ ਯੁੱਧਾਂ ਅਤੇ ਮਾਰਕ ਟੇਲਰ ਨੇ ‘ਬੰਗਾਲ ਹੌਰਸ ਆਰਟਿਲਰੀ’ ਬਾਰੇ ਚਰਚਾ ਕੀਤੀ ਗਈ। ਮੰਚ ਦਾ ਸੰਚਾਲਨ ‘ਏ ਲਿਟਲ ਹਿਸਟਰੀ ਆਫ਼ ਦ ਸਿੱਖਸ’ ਦੇ ਰਵ ਸਿੰਘ ਵੱਲੋਂ ਕੀਤਾ ਗਿਆ।