06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਗੁਰਦੁਆਰਾ ਦਸ਼ਮੇਸ਼ ਦਰਬਾਰ ਵਿਖੇ ਵਾਪਰੀ ਅੱਗ ਦੀ ਘਟਨਾ ਸੰਬੰਧੀ ਵਿਸ਼ੇਸ਼ ਮੀਟਿੰਗ

ਅਜੀਤ ਡੈਸਕ 29-07-2026
ਐਡੀਲੇਡ, 28 ਜੁਲਾਈ (ਗੁਰਮੀਤ ਸਿੰਘ ਵਾਲੀਆ)-ਵਰਜੀਨੀਆ ਸਥਿਤ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿਖੇ ਵਾਪਰੀ ਮੰਦਭਾਗੀ ਅੱਗ ਦੀ ਘਟਨਾ ਸਬੰਧੀ ਐਡੀਲੇਡ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ, ਐਲਨਬੀ ਗਾਰਡਨ ਵਿਖੇ ਸ਼ਾਮ 7 ਵਜੇ ਸਮੂਹ ਸਿੱਖ ਸੰਗਤ ਦੀ ਵਿਸ਼ੇਸ਼ ਮੀਟਿੰਗ ਹੋਈ। ਇਸ ਵਿੱਚ ਐਡੀਲੇਡ ਤੋਂ ਇਲਾਵਾ ਮੈਲਬੌਰਨ, ਹੋਰ ਰਾਜਾਂ ਅਤੇ ਨਿਊਜ਼ੀਲੈਂਡ ਤੋਂ ਪਹੁੰਚੇ ਸਿੱਖ ਨੁਮਾਇੰਦਿਆਂ, ਧਾਰਮਿਕ ਜਥੇਬੰਦੀਆਂ ਅਤੇ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ। ਮੀਟਿੰਗ ਦੀ ਸ਼ੁਰੂਆਤ ਵਿੱਚ ਭਾਈ ਨਵਤੇਜਵੀਰ ਸਿੰਘ ਨੇ ਅੱਗ ਦੀ ਘਟਨਾ ਵਾਪਰਨ ਤੋਂ ਲੈ ਕੇ ਆਖਰ ਤੱਕ ਦੇ ਸਮੁੱਚੇ ਘਟਨਾਕ੍ਰਮ ਅਤੇ ਕੀਤੇ ਗਏ ਉਪਰਾਲਿਆਂ ਦੀ ਵਿਸਥਾਰਪੂਰਵਕ ਜਾਣਕਾਰੀ ਸੰਗਤ ਨਾਲ ਸਾਂਝੀ ਕੀਤੀ।ਇਸ ਉਪਰੰਤ ਗੁਰਿੰਦਰਜੀਤ ਸਿੰਘ ਜੱਸੜ ਨੇ ਦੱਸਿਆ ਕਿ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿੱਚ ਮੌਜੂਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਨੀ ਭੇਟ ਹੋਏ ਪਾਵਨ ਸਰੂਪਾਂ ਦੇ ਸਸਕਾਰ ਲਈ ਐਡੀਲੇਡ ਦੀ ਸਮੂਹ ਸੰਗਤ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸ਼ੁੱਕਰਵਾਰ ਰੱਖੇ ਜਾਣਗੇ ਅਤੇ ਐਤਵਾਰ ਨੂੰ ਭੋਗ ਪਾਏ ਜਾਣਗੇ। ਉਪਰੰਤ ਅਗਨੀ ਭੇਟ ਦੀ ਮਰਿਆਦਾ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, 81 ਵਾਸਲੀ ਰੋਡ, ਕੋਰੂਨਿਏ (ਦੱਖਣੀ ਆਸਟ੍ਰੇਲੀਆ) ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭੇਜੇ ਗਏ ਪੰਜ ਸਿੰਘ ਸਾਹਿਬਾਨ ਦੇ ਨਿਰਦੇਸ਼ਾਂ ਅਨੁਸਾਰ ਸੰਪੰਨ ਕਰਵਾਈ ਜਾਵੇਗੀ।ਰਵੀ ਇੰਦਰ ਸਿੰਘ ਸਮੇਤ ਹੋਰਨਾਂ ਬੁਲਾਰਿਆਂ ਨੇ ਦੇਸ਼-ਵਿਦੇਸ਼ ਦੀ ਸਮੂਹ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਹਰ ਗੁਰੂ ਘਰ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾਣ। ਉਨ੍ਹਾਂ ਗੁਰਦੁਆਰਾ ਦਸ਼ਮੇਸ਼ ਦਰਬਾਰ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਭਰੋਸਾ ਦਿੱਤਾ ਕਿ ਗੁਰੂ ਘਰ ਦੇ ਮੁੜ ਨਿਰਮਾਣ ਅਤੇ ਸੇਵਾ ਕਾਰਜਾਂ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।ਮੀਟਿੰਗ ਦੌਰਾਨ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿੱਚ ਵਾਪਰੀ ਅੱਗ ਦੀ ਘਟਨਾ ਅਤੇ ਹੋਰ ਅਹਿਮ ਪੰਥਕ ਮੁੱਦਿਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇਹ ਸਮਾਂ ਆਪਸੀ ਏਕਤਾ ਅਤੇ ਸਾਂਝੇ ਉਪਰਾਲਿਆਂ ਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਭਵਿੱਖ ਵਿੱਚ ਗੁਰੂ ਘਰਾਂ ਦੀ ਸੁਰੱਖਿਆ ਲਈ ਆਧੁਨਿਕ ਅੱਗ-ਸੁਰੱਖਿਆ ਪ੍ਰਬੰਧ, ਨਿਯਮਤ ਜਾਂਚ ਅਤੇ ਐਮਰਜੈਂਸੀ ਯੋਜਨਾਵਾਂ ਲਾਗੂ ਕੀਤੀਆਂ ਜਾਣ ਤਾਂ ਜੋ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਿਰਦੇਸ਼ਾਂ ਅਨੁਸਾਰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਸਿੱਖ ਨੁਮਾਇੰਦਿਆਂ ਦੀ ਇੱਕ ਟੀਮ ਘਟਨਾ ਦਾ ਜਾਇਜ਼ਾ ਲੈ ਕੇ ਆਪਣੀ ਵਿਸਥਾਰਪੂਰਵਕ ਰਿਪੋਰਟ ਇਸ ਐਤਵਾਰ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੇਗੀ। ਇਸ ਦੇ ਨਾਲ ਹੀ ਗੁਰਦੁਆਰਾ ਦਸ਼ਮੇਸ਼ ਦਰਬਾਰ ਦੀ ਪ੍ਰਬੰਧਕ ਕਮੇਟੀ ਨੂੰ ਵੀ ਘਟਨਾ ਸਬੰਧੀ ਪੂਰੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਨੂੰ ਭੇਜਣ ਲਈ ਕਿਹਾ ਗਿਆ ਹੈ।ਇਸ ਦੌਰਾਨ ਦੱਖਣੀ ਆਸਟ੍ਰੇਲੀਆ ਪੁਲਿਸ ਅਤੇ ਅੱਗ ਜਾਂਚ ਮਾਹਿਰਾਂ ਵੱਲੋਂ ਘਟਨਾ ਦੀ ਜਾਂਚ ਜਾਰੀ ਹੈ ਅਤੇ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਮੰਦਭਾਗੀ ਘਟਨਾ ’ਤੇ ਆਸਟ੍ਰੇਲੀਆ ਭਰ ਦੀਆਂ ਸਿੱਖ ਅਤੇ ਸਮਾਜਿਕ ਜਥੇਬੰਦੀਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਗੁਰਦੁਆਰਾ ਦਸ਼ਮੇਸ਼ ਦਰਬਾਰ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਨਾਲ ਹਮਦਰਦੀ ਪ੍ਰਗਟ ਕੀਤੀ।
ਪਿਛਲੀ ਖ਼ਬਰ ਮੇਰਾ ਟੀਚਾ ਲਾਸ ਏਂਜਲਸ ਨੂੰ ਇਕ ਮਾਡਲ ਵਜੋਂ ਵਿਕਸਤਾ ਕਰਨਾ-ਰਮਨ ਅਗਲੀ ਖ਼ਬਰ ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਦੇ ਕਵੀ ਦਰਬਾਰ ਵਿੱਚ ਕਵੀਆਂ ਨੇ ਗੀਤਾਂ, ਕਵਿਤਾਵਾਂ ਰਾਹੀਂ ਖੂਬ ਰੰਗ ਬੰਨ੍ਹਿਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।