ਲੰਡਨ, 28 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪਿਛਲੇ ਦਿਨੀ ਆਪਣੇ ਵਿਸ਼ੇਸ਼ ਦੌਰੇ ਉੱਤੇ ਇੰਗਲੈਂਡ ਪਹੁੰਚੇ ਡਾ. ਕਲਿਆਣ ਸਿੰਘ ਕਲਿਆਣ ਦਾ ਬਰਤਾਨਵੀ ਪੰਜਾਬੀ ਸਾਹਿਤਕਾਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਉਹਨਾਂ ਨਾਲ ਇੱਕ ਸਾਹਿਤਕ ਅਤੇ ਭਾਈਚਾਰਕ ਮਿਲਣੀ ਦਾ ਆਯੋਜਨ ਸਾਊਥਾਲ ਵਿੱਚ ਸ਼ਾਇਰ ਅਜ਼ੀਮ ਸ਼ੇਖਰ ਦੇ ਗ੍ਰਹਿ ਵਿਖੇ ਕੀਤਾ ਗਿਆ। ਮਿਲਣੀ ਦੌਰਾਨ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿੱਚ ਵਰਤਮਾਨ ਪੰਜਾਬੀ ਸਾਹਿਤ ਦੇ ਸੰਦਰਭ ਵਿੱਚ ਵਿਚਾਰ ਵਟਾਂਦਰਾ ਹੋਇਆ। ਲਿਪੀ ਦੇ ਫ਼ਰਕ ਕਾਰਣ ਬਹੁਤ ਸਾਰਾ ਸਾਹਿਤ ਪਾਠਕਾਂ ਤੱਕ ਨਾ ਪਹੁੰਚਣ ਦੇ ਖੱਪੇ ਨੂੰ ਪੂਰਨ ਵਾਸਤੇ ਵੀ ਲਿਪੀਅੰਤਰਨ ਦੇ ਉਪਰਾਲਿਆਂ ‘ਤੇ ਜ਼ੋਰ ਦੇਣ ਦੀ ਗੱਲ ਹੋਈ। ਦੋਹਾਂ ਪੰਜਾਬਾਂ ਦੀ ਸਦੀਵੀ ਭਾਈਚਾਰਕ ਸਾਂਝ ਬਣੀ ਰਹਿਣ ਬਾਰੇ ਵੀ ਗੱਲਾਂ ਹੋਈਆਂ। ਮਿਲਣੀ ਦੌਰਾਨ ਪਹੁੰਚੇ ਲੇਖਕਾਂ ਵਿੱਚ ਹਰਜੀਤ ਅਟਵਾਲ, ਕੁਲਵੰਤ ਕੌਰ ਢਿੱਲੋਂ, ਰਾਜਿੰਦਰ ਕੌਰ, ਮਨਜੀਤ ਕੌਰ ਪੱਡਾ, ਅਜ਼ੀਮ ਸ਼ੇਖਰ, ਪਰਮ ਸੰਧਾਵਾਲੀਆ, ਡਾ. ਅਮਰਜੋਯਤੀ, ਰਘਬੀਰ ਸੰਧਾਵਾਲੀਆ, ਸ਼ਿਵਦੀਪ ਕੌਰ, ਮਹਿੰਦਰ ਪਾਲ ਧਾਲੀਵਾਲ, ਭਜਨ ਕੌਰ, ਮਨਪ੍ਰੀਤ ਸਿੰਘ ਬੱਧਨੀ ਕਲਾਂ, ਪ੍ਰੀਤ, ਰਾਜਦੀਪ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਡਾ. ਕਲਿਆਣ ਸਿੰਘ ਅੱਜਕੱਲ੍ਹ ਲਾਹੌਰ ਵਿਖੇ ਜੀ. ਸੀ ਯੂ ਵਿਖੇ ਪੰਜਾਬੀ ਦੇ ਪ੍ਰੋਫੈਸਰ ਵਜੋਂ ਆਪਣੀ ਸੇਵਾ ਨਿਭਾ ਰਹੇ ਹਨ।