ਨਿਊਯਾਰਕ, 30 ਜੁਲਾਈ (ਰਾਜੂ ਸਹਿਬਾਜ਼ਪੁਰਾ)-ਭਾਰਤੀ ਮੂਲ ਦੀਆਂ ਪੰਜ ਹੋਣਹਾਰ ਵਿਦਿਆਰਥਣਾਂ ਨੇ ਆਪਣੀ ਕਾਬਲੀਅਤ ਨਾਲ ਦੇਸ਼ ਦਾ ਮਾਣ ਵਧਾਇਆ ਹੈ। ਅਮਰੀਕਾ ਦੇ ‘3M ਯੰਗ ਸਾਇੰਟਿਸਟ ਚੈਲੇਂਜ 2026’ ਲਈ ਚੁਣੇ ਗਏ 10 ਫਾਈਨਲਿਸਟਾਂ ਵਿੱਚੋਂ ਪੰਜ ਭਾਰਤੀ ਮੂਲ ਦੀਆਂ ਲੜਕੀਆਂ ਹਨ। ਇਨ੍ਹਾਂ ਨੇ ਖੇਤੀਬਾੜੀ, ਵਾਤਾਵਰਣ, ਭੋਜਨ ਅਤੇ ਸੜਕ ਸੁਰੱਖਿਆ ਨਾਲ ਜੁੜੀਆਂ ਸਮੱਸਿਆਵਾਂ ਦੇ ਨਵੇਂ ਹੱਲ ਲੱਭੇ ਹਨ। ਫਲੋਰੀਡਾ ਦੀ ਆਇਸ਼ਾ ਆਸਿਫ ਨੇ ਸਮੁੰਦਰੀ ਸੀਪਾਂ ਤੋਂ ਪ੍ਰੇਰਨਾ ਲੈ ਕੇ ਵਾਤਾਵਰਣ ਲਈ ਸੁਰੱਖਿਅਤ ਗੂੰਦ ਬਣਾਈ ਹੈ। ਇਹ ਗੂੰਦ ਆਮ ਰਸਾਇਣਕ ਗੂੰਦ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ। ਕਨੈਕਟੀਕਟ ਦੀ ਰਾਜੀ ਦੋਸ਼ੀ ਨੇ ਕਾਈ ਅਤੇ ਕੁਦਰਤੀ ਪਦਾਰਥਾਂ ਦੀ ਵਰਤੋਂ ਕਰਕੇ ਸਮੁੰਦਰੀ ਪਾਣੀ ਦੀ ਵਧਦੀ ਤੇਜ਼ਾਬੀਅਤ ਘਟਾਉਣ ਦਾ ਤਰੀਕਾ ਲੱਭਿਆ ਹੈ। ਉਸਦੀ ਖੋਜ ਸਮੁੰਦਰੀ ਜੀਵਨ ਨੂੰ ਬਚਾਉਣ ਵਿੱਚ ਸਹਾਇਕ ਹੋ ਸਕਦੀ ਹੈ। ਮਿਨੇਸੋਟਾ ਦੀ ਅਰੀਕਾ ਕੁੰਡੂ ਨੇ ਮੂੰਗਫਲੀ ਦੇ ਛਿਲਕਿਆਂ ਵਰਗੇ ਖੇਤੀਬਾੜੀ ਕਚਰੇ ਨਾਲ ਫਲਾਂ ਅਤੇ ਸਬਜ਼ੀਆਂ ਉੱਪਰ ਲੱਗੇ ਕੀਟਨਾਸ਼ਕਾਂ ਦੇ ਅਸਰ ਨੂੰ ਘਟਾਉਣ ਦਾ ਤਰੀਕਾ ਬਣਾਇਆ ਹੈ। ਇਸ ਖੋਜ ਨਾਲ ਭੋਜਨ ਨੂੰ ਵਧੇਰੇ ਸੁਰੱਖਿਅਤ ਬਣਾਇਆ ਜਾ ਸਕਦਾ ਹੈ। ਕੈਲੀਫੋਰਨੀਆ ਦੀ ਸ਼ਾਰਵੀ ਮਹਾਜਨ ਨੇ ਅਜਿਹਾ ਸਮਾਰਟ ਸਿਸਟਮ ਤਿਆਰ ਕੀਤਾ ਹੈ, ਜੋ ਡਰਾਈਵਰ ਦੀ ਥਕਾਵਟ ਅਤੇ ਨੀਂਦ ਦਾ ਸਮੇਂ ਸਿਰ ਪਤਾ ਲਗਾ ਸਕਦਾ ਹੈ। ਇਹ ਤਕਨੀਕ ਸੜਕ ਹਾਦਸਿਆਂ ਨੂੰ ਰੋਕਣ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ। ਫਲੋਰੀਡਾ ਦੀ 11 ਸਾਲਾ ਨਬੋਸ਼੍ਰੀ ਸਾਂਤਰਾ ਨੇ ਮਿੱਟੀ ਦੀ ਨਮੀ ਬਚਾਉਣ ਵਾਲੀਆਂ ਖਾਸ ਗੇਂਦਾਂ ਬਣਾਈਆਂ ਹਨ। ਇਹ ਗੇਂਦਾਂ ਪਾਣੀ ਨੂੰ ਜਲਦੀ ਸੁੱਕਣ ਤੋਂ ਰੋਕਦੀਆਂ ਹਨ ਅਤੇ ਬਾਅਦ ਵਿੱਚ ਕੁਦਰਤੀ ਤੌਰ ’ਤੇ ਮਿੱਟੀ ਵਿੱਚ ਘੁਲ ਜਾਂਦੀਆਂ ਹਨ। ਉਸਦੀ ਇਹ ਖੋਜ ਸੋਕੇ ਦਾ ਸਾਹਮਣਾ ਕਰ ਰਹੇ ਕਿਸਾਨਾਂ ਲਈ ਲਾਭਦਾਇਕ ਹੋ ਸਕਦੀ ਹੈ। ਹੁਣ ਇਨ੍ਹਾਂ ਪੰਜਾਂ ਵਿਦਿਆਰਥਣਾਂ ਨੂੰ ਮਾਹਿਰ ਵਿਗਿਆਨੀਆਂ ਦੀ ਰਹਿਨੁਮਾਈ ਮਿਲੇਗੀ, ਤਾਂ ਜੋ ਉਹ ਆਪਣੀਆਂ ਖੋਜਾਂ ਨੂੰ ਹੋਰ ਬਿਹਤਰ ਬਣਾ ਸਕਣ। ਫਾਈਨਲ ਮੁਕਾਬਲਾ 12 ਅਤੇ 13 ਅਕਤੂਬਰ ਨੂੰ ਸੇਂਟ ਪੌਲ, ਮਿਨੇਸੋਟਾ ਵਿੱਚ ਹੋਵੇਗਾ। ਜੇਤੂ ਨੂੰ 25 ਹਜ਼ਾਰ ਡਾਲਰ ਅਤੇ ‘ਅਮਰੀਕਾ ਦੀ ਸਰਵੋਤਮ ਨੌਜਵਾਨ ਵਿਗਿਆਨੀ’ ਦਾ ਖ਼ਿਤਾਬ ਮਿਲੇਗਾ। ਇਨ੍ਹਾਂ ਪੰਜ ਧੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਵੱਡੀ ਸੋਚ ਲਈ ਉਮਰ ਨਹੀਂ, ਸਗੋਂ ਹੌਸਲਾ ਅਤੇ ਨਵਾਂ ਕਰਨ ਦਾ ਜਜ਼ਬਾ ਚਾਹੀਦਾ ਹੈ।