15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਇੰਗਲੈਂਡ ’ਚ ਭਿਆਨਕ ਅੱਗਾਂ ਦਾ ਕਹਿਰ, 19 ਘਰ ਸੜ ਕੇ ਤਬਾਹ

—-37 ਥਾਵਾਂ ’ਤੇ ਅੱਗ ਨਾਲ ਹਾਲਾਤ ਚਿੰਤਾਜਨਕ, ਦਰਜਨਾਂ ਲੋਕਾਂ ਦਾ ਇਲਾਜ; ਸਰਕਾਰ ਵੱਲੋਂ ਫਾਇਰ ਫਾਈਟਿੰਗ ਜਹਾਜ਼ਾਂ ਦੀ ਵਿਵਸਥਾ ਕਰਨ ਦਾ ਐਲਾਨ ਲੈਸਟਰ (ਇੰਗਲੈਂਡ), 14 ਅਗਸਤ (ਸੁਖਜਿੰਦਰ ਸਿੰਘ ਢੱਡੇ):-ਇੰਗਲੈਂਡ ਅਤੇ ਵੇਲਜ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਗਰਮੀ ਅਤੇ ਸੁੱਕੇ ਮੌਸਮ ਦਰਮਿਆਨ ਭੜਕੀਆਂ ਅੱਗਾਂ ਨੇ ਗੰਭੀਰ ਹਾਲਾਤ ਪੈਦਾ ਕਰ ਦਿੱਤੇ ਹਨ। ਸਭ ਤੋਂ ਵੱਧ ਤਬਾਹੀ ਵੈਸਟ ਮਿਡਲੈਂਡਜ਼ ਦੇ ਸਟੋਰਬ੍ਰਿਜ ਇਲਾਕੇ ਵਿੱਚ ਸਾਹਮਣੇ ਆਈ ਹੈ, ਜਿੱਥੇ ਭਿਆਨਕ ਅੱਗ ਕਾਰਨ 19 ਮਕਾਨ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ, ਜਦਕਿ 18 ਹੋਰ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ।

ਅਜੀਤ ਡੈਸਕ 15-08-2026
—-37 ਥਾਵਾਂ ’ਤੇ ਅੱਗ ਨਾਲ ਹਾਲਾਤ ਚਿੰਤਾਜਨਕ, ਦਰਜਨਾਂ ਲੋਕਾਂ ਦਾ ਇਲਾਜ; ਸਰਕਾਰ ਵੱਲੋਂ ਫਾਇਰ ਫਾਈਟਿੰਗ ਜਹਾਜ਼ਾਂ ਦੀ ਵਿਵਸਥਾ ਕਰਨ ਦਾ ਐਲਾਨ ਲੈਸਟਰ (ਇੰਗਲੈਂਡ), 14 ਅਗਸਤ (ਸੁਖਜਿੰਦਰ ਸਿੰਘ ਢੱਡੇ):-ਇੰਗਲੈਂਡ ਅਤੇ ਵੇਲਜ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਗਰਮੀ ਅਤੇ ਸੁੱਕੇ ਮੌਸਮ ਦਰਮਿਆਨ ਭੜਕੀਆਂ ਅੱਗਾਂ ਨੇ ਗੰਭੀਰ ਹਾਲਾਤ ਪੈਦਾ ਕਰ ਦਿੱਤੇ ਹਨ। ਸਭ ਤੋਂ ਵੱਧ ਤਬਾਹੀ ਵੈਸਟ ਮਿਡਲੈਂਡਜ਼ ਦੇ ਸਟੋਰਬ੍ਰਿਜ ਇਲਾਕੇ ਵਿੱਚ ਸਾਹਮਣੇ ਆਈ ਹੈ, ਜਿੱਥੇ ਭਿਆਨਕ ਅੱਗ ਕਾਰਨ 19 ਮਕਾਨ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ, ਜਦਕਿ 18 ਹੋਰ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਅੱਗ ਨਾਲ ਪ੍ਰਭਾਵਿਤ ਇਲਾਕਾ ਕਰੀਬ 500 ਏਕੜ ਦੱਸਿਆ ਗਿਆ ਹੈ। ਵੈਸਟ ਮਿਡਲੈਂਡਜ਼ ਫਾਇਰ ਸਰਵਿਸ ਦੇ ਚੀਫ ਫਾਇਰ ਅਫ਼ਸਰ ਸਾਈਮਨ ਟੂਹਿੱਲ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸਟੋਰਬ੍ਰਿਜ ਦੀ ਅੱਗ ਦੌਰਾਨ ਛੇ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚ ਤਿੰਨ ਫਾਇਰ ਫਾਈਟਰ ਵੀ ਸ਼ਾਮਲ ਹਨ। ਅੱਗ ਨੂੰ ਕਾਬੂ ਹੇਠ ਲਿਆਂਦਾ ਗਿਆ ਹੈ, ਪਰ ਕਈ ਥਾਵਾਂ ’ਤੇ ਹਾਲੇ ਵੀ ਹੌਟਸਪਾਟ ਮੌਜੂਦ ਹਨ। ਇਸ ਲਈ ਫਾਇਰ ਸਰਵਿਸ ਦੀਆਂ ਟੀਮਾਂ ਆਉਣ ਵਾਲੇ ਦਿਨਾਂ ਦੌਰਾਨ ਵੀ ਇਲਾਕੇ ਵਿੱਚ ਤਾਇਨਾਤ ਰਹਿਣਗੀਆਂ। ਵੈਸਟ ਮਿਡਲੈਂਡਜ਼ ਵਿੱਚ ਵੀਰਵਾਰ ਨੂੰ ਅੱਗ ਦੀਆਂ ਅੱਠ ਵੱਖ-ਵੱਖ ਘਟਨਾਵਾਂ ਦੌਰਾਨ ਐਂਬੂਲੈਂਸ ਸੇਵਾ ਵੱਲੋਂ ਕੁੱਲ 54 ਲੋਕਾਂ ਦਾ ਇਲਾਜ ਕੀਤਾ ਗਿਆ, ਜਿਨ੍ਹਾਂ ਵਿੱਚੋਂ 19 ਵਿਅਕਤੀਆਂ ਨੂੰ ਹਸਪਤਾਲ ਲਿਜਾਣਾ ਪਿਆ। ਅੱਗ ਬੁਝਾਉਣ ਦੀ ਕਾਰਵਾਈ ਦੌਰਾਨ ਫਾਇਰ ਫਾਈਟਰਾਂ ਨੂੰ ਵੀ ਬੇਹੱਦ ਮੁਸ਼ਕਲ ਹਾਲਾਤ ਦਾ ਸਾਹਮਣਾ ਕਰਨਾ ਪਿਆ। ਵਾਰਵਿਕਸ਼ਾਇਰ ਵਿੱਚ ਚਾਰ ਫਾਇਰ ਫਾਈਟਰਾਂ ਨੂੰ ਹੀਟਸਟ੍ਰੋਕ ਅਤੇ ਤਣਾਅ ਕਾਰਨ ਹਸਪਤਾਲ ਲਿਜਾਇਆ ਗਿਆ। ਇਸ ਭਿਆਨਕ ਸਥਿਤੀ ਦਾ ਜਾਇਜ਼ਾ ਲੈਣ ਲਈ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੇ ਸਟੋਰਬ੍ਰਿਜ ਦਾ ਦੌਰਾ ਕੀਤਾ। ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਤਬਾਹੀ ਨੂੰ ਬੇਹੱਦ ਦਰਦਨਾਕ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਬ੍ਰਿਟੇਨ ਵਿੱਚ ਪਹਿਲਾਂ ਕਦੇ ਇਸ ਤਰ੍ਹਾਂ ਦੇ ਦ੍ਰਿਸ਼ ਨਹੀਂ ਦੇਖੇ। ਉਨ੍ਹਾਂ ਮੁਤਾਬਕ ਇੰਗਲੈਂਡ ਅਤੇ ਵੇਲਜ਼ ਵਿੱਚ 37 ਥਾਵਾਂ ’ਤੇ ਅੱਗਾਂ ਨਾਲ ਨਜਿੱਠਿਆ ਜਾ ਰਿਹਾ ਹੈ ਅਤੇ ਮੌਜੂਦਾ ਸੁੱਕੇ ਹਾਲਾਤ ਕਾਰਨ ਦੇਸ਼ ਇੱਕ ਤਰ੍ਹਾਂ ਨਾਲ “ਟਿੰਡਰਬਾਕਸ” ਬਣਿਆ ਹੋਇਆ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਸਰਕਾਰ ਦੀ ਐਮਰਜੈਂਸੀ ਕਮੇਟੀ ਕੋਬਰਾ ਦੀ ਮੀਟਿੰਗ ਵੀ ਕੀਤੀ ਗਈ ਹੈ। ਸਰਕਾਰ ਵੱਲੋਂ ਫਾਇਰ ਐਂਡ ਰੈਸਕਿਊ ਸਰਵਿਸਾਂ ਨੂੰ ਵਾਧੂ ਸਾਧਨ ਦੇਣ ਦੇ ਨਾਲ ਪ੍ਰਭਾਵਿਤ ਕੌਂਸਲਾਂ ਲਈ ਵਿੱਤੀ ਮਦਦ ਦੀ ਤਿਆਰੀ ਕੀਤੀ ਜਾ ਰਹੀ ਹੈ। ਬੀਮਾ ਕੰਪਨੀਆਂ ਨੂੰ ਵੀ ਅੱਗ ਨਾਲ ਘਰ ਗੁਆ ਚੁੱਕੇ ਲੋਕਾਂ ਦੇ ਦਾਅਵਿਆਂ ’ਤੇ ਤੇਜ਼ੀ ਨਾਲ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਭਵਿੱਖ ਵਿੱਚ ਇਸ ਪੱਧਰ ਦੀਆਂ ਜੰਗਲੀ ਅੱਗਾਂ ਨਾਲ ਨਜਿੱਠਣ ਲਈ ਸਰਕਾਰ ਫਾਇਰ ਫਾਈਟਿੰਗ ਜਹਾਜ਼ਾਂ ਦੀ ਵਿਵਸਥਾ ਕਰੇਗੀ। ਉਨ੍ਹਾਂ ਮੰਨਿਆ ਕਿ ਬ੍ਰਿਟੇਨ ਦੀਆਂ ਫਾਇਰ ਐਂਡ ਰੈਸਕਿਊ ਸਰਵਿਸਾਂ ਨੂੰ ਵੱਡੇ ਪੱਧਰ ਦੀਆਂ ਜੰਗਲੀ ਅੱਗਾਂ ਨਾਲ ਨਜਿੱਠਣ ਲਈ ਹੋਰ ਸਾਧਨਾਂ ਦੀ ਲੋੜ ਹੈ। ਇਸ ਦੌਰਾਨ ਸਰਕਾਰ ਨੇ ਅੱਗ ਦੇ ਵਧੇ ਖ਼ਤਰੇ ਨੂੰ ਦੇਖਦਿਆਂ ਡਿਸਪੋਜ਼ੇਬਲ ਬਾਰਬੀਕਿਊ ਦੀ ਵਿਕਰੀ ’ਤੇ ਆਰਜ਼ੀ ਪਾਬੰਦੀ ਲਗਾ ਦਿੱਤੀ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਮੌਜੂਦਾ ਮੌਸਮੀ ਹਾਲਾਤ ਵਿੱਚ ਖੁੱਲ੍ਹੀਆਂ ਥਾਵਾਂ, ਖੇਤਾਂ ਜਾਂ ਸੁੱਕੇ ਘਾਹ ਵਾਲੇ ਇਲਾਕਿਆਂ ਵਿੱਚ ਕਿਸੇ ਵੀ ਕਿਸਮ ਦੀ ਅੱਗ ਨਾ ਬਾਲੀ ਜਾਵੇ। ਅੱਗ ਦੀਆਂ ਕੁਝ ਘਟਨਾਵਾਂ ਸਬੰਧੀ ਪੁਲਿਸ ਵੱਲੋਂ ਅਪਰਾਧਿਕ ਜਾਂਚ ਵੀ ਕੀਤੀ ਜਾ ਰਹੀ ਹੈ। ਕਿੰਗਜ਼ ਨੌਰਟਨ, ਬਰਮਿੰਘਮ ਵਿੱਚ ਹਿੱਲਮੀਡਜ਼ ਰੋਡ ’ਤੇ ਲੱਗੀ ਅੱਗ ਦੇ ਮਾਮਲੇ ਵਿੱਚ ਪੁਲਿਸ ਨੇ 55 ਸਾਲਾ ਵਿਅਕਤੀ ਨੂੰ ਅੱਗਜ਼ਨੀ ਦੇ ਸ਼ੱਕ ਹੇਠ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ ਗੋਲਡਨਹਿਲ, ਸਟੋਕ-ਆਨ-ਟ੍ਰੈਂਟ ਦੀ ਅੱਗ ਦੇ ਮਾਮਲੇ ਵਿੱਚ 23 ਸਾਲਾ ਵਿਅਕਤੀ ਅਤੇ 24 ਸਾਲਾ ਔਰਤ ਨੂੰ ਅੱਗਜ਼ਨੀ ਦੇ ਸ਼ੱਕ ਹੇਠ ਹਿਰਾਸਤ ਵਿੱਚ ਲਿਆ ਗਿਆ ਹੈ। ਹਾਲਾਂਕਿ ਸਟੋਰਬ੍ਰਿਜ ਦੀ ਵੱਡੀ ਅੱਗ ਦੇ ਕਾਰਨਾਂ ਬਾਰੇ ਅਜੇ ਕੋਈ ਨਤੀਜਾ ਨਹੀਂ ਕੱਢਿਆ ਗਿਆ ਅਤੇ ਮਾਹਿਰ ਜਾਂਚ ਕਰ ਰਹੇ ਹਨ। ਇਸ ਦੌਰਾਨ ਗਰਮੀ ਸਬੰਧੀ ਐਂਬਰ ਹੀਟ ਅਲਰਟ ਨੂੰ ਸ਼ਨੀਵਾਰ ਸਵੇਰੇ 10 ਵਜੇ ਤੱਕ ਵਧਾ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਗਰਮ ਮੌਸਮ ਵਿੱਚ ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਅੱਗ ਲੱਗਣ ਦਾ ਖ਼ਤਰਾ ਪੈਦਾ ਕਰਨ ਵਾਲੀ ਕਿਸੇ ਵੀ ਗਤੀਵਿਧੀ ਤੋਂ ਬਚਣ ਦੀ ਅਪੀਲ ਕੀਤੀ ਹੈ। ਸਟੋਰਬ੍ਰਿਜ ਅਤੇ ਹੋਰ ਪ੍ਰਭਾਵਿਤ ਇਲਾਕਿਆਂ ਵਿੱਚ ਕਈ ਪਰਿਵਾਰ ਆਪਣੇ ਘਰ ਛੱਡਣ ਲਈ ਮਜਬੂਰ ਹੋਏ ਹਨ। ਕੁਝ ਲੋਕਾਂ ਮੁਤਾਬਕ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਉਨ੍ਹਾਂ ਕੋਲ ਜ਼ਰੂਰੀ ਸਾਮਾਨ ਚੁੱਕ ਕੇ ਘਰ ਤੋਂ ਬਾਹਰ ਨਿਕਲਣ ਲਈ ਸਿਰਫ਼ ਕੁਝ ਮਿੰਟ ਹੀ ਸਨ। ਕਈ ਘਰਾਂ ਦੀਆਂ ਸਿਰਫ਼ ਸੜੀਆਂ ਹੋਈਆਂ ਕੰਧਾਂ ਬਚੀਆਂ ਹਨ, ਜਦਕਿ ਫਾਇਰ ਸਰਵਿਸ ਅਤੇ ਪੁਲਿਸ ਵੱਲੋਂ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਅਤੇ ਜਾਂਚ ਦਾ ਕੰਮ ਜਾਰੀ ਹੈ।
ਪਿਛਲੀ ਖ਼ਬਰ ਤੀਜੇ ਦੇਸ਼ਾਂ ਰਾਹੀਂ ਚੀਨੀ ਮਾਲ ਅਮਰੀਕਾ ਭੇਜਣ ਦੇ ਵੱਡੇ ਮਾਮਲੇ ਦਾ ਪਰਦਾਫਾਸ਼ — ਅਮਰੀਕੀ ਖ਼ਜ਼ਾਨੇ ਨੂੰ ਸਾਲਾਨਾ 26 ਅਰਬ... ਅਗਲੀ ਖ਼ਬਰ ਵੈਨਕੂਵਰ ਵਿਚ ਗਰਜ-ਚਮਕ ਨਾਲ ਭਾਰੀ ਮੀਂਹ, ਕਈ ਇਲਾਕਿਆਂ ’ਚ ਗੜੇ ਵੀ ਪਏ — ਵਾਤਾਵਰਣ ਕੈਨੇਡਾ ਵੱਲੋਂ ਪੀਲੀ ਚਿਤਾਵਨੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।