08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਹਰਸ਼ਬੀਰ ਸਿੰਘ ਸੰਘਾ ਬਣੇ ਕਰਨਾਟਕ ਲਈ ਬਰਤਾਨੀਆ ਦੇ ਨਵੇਂ ਡਿਪਟੀ ਹਾਈ ਕਮਿਸ਼ਨਰ

ਹਰਸ਼ਬੀਰ ਸਿੰਘ ਸੰਘਾ ਬਣੇ ਕਰਨਾਟਕ ਲਈ ਬਰਤਾਨੀਆ ਦੇ ਨਵੇਂ ਡਿਪਟੀ ਹਾਈ ਕਮਿਸ਼ਨਰ

ਅਜੀਤ ਡੈਸਕ 08-10-2026

ਲੰਡਨ, 7 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਵਿਦੇਸ਼ੀ ਧਰਤੀ ’ਤੇ ਪਹੁੰਚੇ ਪੰਜਾਬੀਆਂ ਅਤੇ ਉਨ੍ਹਾਂ ਦੀ ਅਗਲੀ ਪੀੜੀ ਹੁਣ ਹਰ ਖਿੱਤੇ ਵਿਚ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ। ਬਰਤਾਨੀਆ ਦੇ ਕੈਂਟ ਇਲਾਕੇ ਨਾਲ ਸੰਬੰਧਿਤ ਹਰਸ਼ਬੀਰ ਸਿੰਘ ਸੰਘਾ ਐੱਮ.ਬੀ.ਈ., ਐੱਫ.ਆਰ.ਐੱਸ.ਏ. ਨੂੰ ਭਾਰਤ ਦੇ ਕਰਨਾਟਕ ਸੂਬੇ ਲਈ ਬਰਤਾਨੀਆ ਦਾ ਨਵਾਂ ਡਿਪਟੀ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਬੈਂਗਲੁਰੂ ਵਿਚ ਆਪਣੀਆਂ ਨਵੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ ਹਨ।ਇਸ ਦੇ ਨਾਲ ਹੀ ਹਰਸ਼ਬੀਰ ਸਿੰਘ ਸੰਘਾ ਨੂੰ ਦੱਖਣੀ ਏਸ਼ੀਆ ਲਈ ਡਿਪਟੀ ਟਰੇਡ ਕਮਿਸ਼ਨਰ (ਨਿਵੇਸ਼) ਦੀ ਅਹਿਮ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। ਇਸ ਭੂਮਿਕਾ ਤਹਿਤ ਉਹ ਭਾਰਤ ਸਮੇਤ ਦੱਖਣੀ ਏਸ਼ੀਆ ਤੋਂ ਬਰਤਾਨੀਆ ਵਿਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਨਗੇ।ਹਰਸ਼ਬੀਰ ਸੰਘਾ ਨੇ ਚੰਦਰੂ ਅਈਅਰ ਦੀ ਥਾਂ ਲਈ ਹੈ। ਕਰਨਾਟਕ ਵਿਚ ਉਹ ਬਰਤਾਨੀਆ ਅਤੇ ਭਾਰਤ ਦਰਮਿਆਨ ਵਪਾਰ ਤੇ ਨਿਵੇਸ਼ ਦੇ ਨਾਲ-ਨਾਲ ਵਿਗਿਆਨ, ਤਕਨਾਲੋਜੀ, ਸਿੱਖਿਆ ਅਤੇ ਹੋਰ ਖੇਤਰਾਂ ਵਿਚ ਸਹਿਯੋਗ ਨੂੰ ਅੱਗੇ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੇ।ਆਕਸਫੋਰਡ ਯੂਨੀਵਰਸਿਟੀ ਤੋਂ ਪੜ੍ਹੇ ਹਰਸ਼ਬੀਰ ਸਿੰਘ ਸੰਘਾ ਦਾ ਬਰਤਾਨਵੀ ਸਿਵਲ ਸੇਵਾ ਵਿਚ ਲੰਮਾ ਤਜਰਬਾ ਹੈ। ਉਹ ਯੂ.ਕੇ. ਸਪੇਸ ਏਜੰਸੀ ਸਮੇਤ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਸੀਨੀਅਰ ਅਹੁਦਿਆਂ ‘ਤੇ ਸੇਵਾਵਾਂ ਨਿਭਾਅ ਚੁੱਕੇ ਹਨ। ਸਾਲ 2016 ਵਿਚ ਬਰਤਾਨਵੀ ਸਰਕਾਰ ਵਲੋਂ ਉਨ੍ਹਾਂ ਨੂੰ ਬਰਾਬਰੀ, ਵਿਭਿੰਨਤਾ ਅਤੇ ਸਮਾਵੇਸ਼ ਦੇ ਖੇਤਰ ਵਿਚ ਸੇਵਾਵਾਂ ਲਈ ਸ਼ਾਹੀ ਖਿਤਾਬ ਐੱਮ.ਬੀ.ਈ. ਸਨਮਾਨ ਨਾਲ ਨਿਵਾਜਿਆ ਗਿਆ ਸੀ।ਹਰਸ਼ਬੀਰ ਸਿੰਘ ਸੰਘਾ ਦੀ ਇਹ ਨਿਯੁਕਤੀ ਅਜਿਹੇ ਸਮੇਂ ਹੋਈ ਹੈ, ਜਦੋਂ ਭਾਰਤ ਅਤੇ ਬਰਤਾਨੀਆ ਵਪਾਰ, ਨਿਵੇਸ਼, ਤਕਨਾਲੋਜੀ ਅਤੇ ਸਿੱਖਿਆ ਸਮੇਤ ਵੱਖ-ਵੱਖ ਖੇਤਰਾਂ ਵਿੱਚ ਆਪਣੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਵੱਲ ਵਧ ਰਹੇ ਹਨ।

ਪਿਛਲੀ ਖ਼ਬਰ ਅਮਰੀਕੀ ਵੀਜ਼ਾ ਖ਼ਾਰਜ , ਭਾਰਤੀ ਪਹਿਲਵਾਨਾਂ ਦੀ ਅੰਡਰ -23 ਵਿਸ਼ਵ ਚੈਂਪੀਅਨਸ਼ਿਪ ਵਿਚ ਸ਼ਮੂਲੀਅਤ ’ ਤੇ ਸਵਾਲੀਆ ਨਿਸ਼ਾਨ ਅਗਲੀ ਖ਼ਬਰ ਪੰਜਾਬੀ ਜੋੜੇ ਨੂੰ ਕਾਰ ਹੇਠ ਦਰੜਨ ਵਾਲੀ ਲੈਕਚਰਾਰ ਨੂੰ 6 ਸਾਲ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।