‘ਦ ਫ਼ਰਗਾਟਨ ਆਰਮੀ’ ਪ੍ਰਦਰਸ਼ਨੀ ਦੌਰਾਨ ਵਿਕਟੋਰੀਆ ਕ੍ਰਾਸ ਨਾਲ ਸਨਮਾਨਿਤ ਕੈਪਟਨ ਗਿਆਨ ਸਿੰਘ ਦੇ ਪੁੱਤਰ ਨੇ ਸਾਂਝੀਆਂ ਕੀਤੀਆਂ ਪਿਤਾ ਦੀਆਂ ਯਾਦਾਂ
ਗਲਾਸਗੋ, 18 ਨਵੰਬਰ (ਹਰਜੀਤ ਸਿੰਘ ਦੁਸਾਂਝ)- ਗਲਾਸਗੋ ਦੇ ਸੈਂਟਰਲ ਗੁਰਦੁਆਰਾ ਸਾਹਿਬ ਵਿਖੇ ‘ਦ ਫ਼ਰਗਾਟਨ ਆਰਮੀ’ ਪ੍ਰਦਰਸ਼ਨੀ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਦੌਰਾਨ ਬ੍ਰਿਟਿਸ਼ ਭਾਰਤੀ ਫ਼ੌਜ ਵਿੱਚ ਸੇਵਾ ਨਿਭਾਉਣ ਵਾਲੇ ਦੱਖਣੀ ਏਸ਼ੀਆਈ ਫ਼ੌਜੀਆਂ ਦੇ ਯੋਗਦਾਨ ਅਤੇ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ।
ਗਲਾਸਗੋ, 18 ਨਵੰਬਰ (ਹਰਜੀਤ ਸਿੰਘ ਦੁਸਾਂਝ)- ਗਲਾਸਗੋ ਦੇ ਸੈਂਟਰਲ ਗੁਰਦੁਆਰਾ ਸਾਹਿਬ ਵਿਖੇ ‘ਦ ਫ਼ਰਗਾਟਨ ਆਰਮੀ’ ਪ੍ਰਦਰਸ਼ਨੀ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਦੌਰਾਨ ਬ੍ਰਿਟਿਸ਼ ਭਾਰਤੀ ਫ਼ੌਜ ਵਿੱਚ ਸੇਵਾ ਨਿਭਾਉਣ ਵਾਲੇ ਦੱਖਣੀ ਏਸ਼ੀਆਈ ਫ਼ੌਜੀਆਂ ਦੇ ਯੋਗਦਾਨ ਅਤੇ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਇਤਿਹਾਸਕ ਤਸਵੀਰਾਂ ਅਤੇ ਫ਼ੌਜੀਆਂ ਨੂੰ ਦਰਸਾਉਂਦੇ ਬੁੱਤ ਦੇ ਨਮੂਨੇ ਰਾਹੀਂ ਦਰਸ਼ਕਾਂ ਨੂੰ ਵੱਖ-ਵੱਖ ਧਰਮਾਂ ਅਤੇ ਇਲਾਕਿਆਂ ਤੋਂ ਆਏ ਜਵਾਨਾਂ ਦੀ ਸਾਂਝੀ ਸੇਵਾ ਬਾਰੇ ਜਾਣੂ ਕਰਵਾਇਆ ਗਿਆ। ਸਮਾਗਮ ਦੌਰਾਨ ਵਿਕਟੋਰੀਆ ਕ੍ਰਾਸ ਨਾਲ ਸਨਮਾਨਿਤ ਕੈਪਟਨ ਗਿਆਨ ਸਿੰਘ ਦੇ ਪੁੱਤਰ ਚਰਨਜੀਤ ਸੰਘਾ ਨੇ ਆਪਣੇ ਪਿਤਾ ਦੀ ਫ਼ੌਜੀ ਸੇਵਾ ਅਤੇ ਪਰਿਵਾਰਕ ਜੀਵਨ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ 2 ਮਾਰਚ 1945 ਨੂੰ ਬਰਮਾ ਵਿੱਚ ਵਾਪਰੀ ਘਟਨਾ ਦਾ ਜ਼ਿਕਰ ਕੀਤਾ, ਜਦੋਂ ਦੁਸ਼ਮਣ ਦੀ ਗੋਲੀਬਾਰੀ ਕਾਰਨ ਉਨ੍ਹਾਂ ਦੀ ਟੁਕੜੀ ਅਤੇ ਟੈਂਕਾਂ ਦਾ ਅੱਗੇ ਵਧਣਾ ਰੁਕ ਗਿਆ ਸੀ। ਸੰਘਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਭਾਰੀ ਗੋਲੀਬਾਰੀ ਵਿਚ ਇਕੱਲੇ ਹੀ ਦੁਸ਼ਮਣ ਦੇ ਮੋਰਚੇ ਵੱਲ ਵਧੇ। ਉਨ੍ਹਾਂ ਨੇ ਆਪਣੇ ਪਿਤਾ ਨਾਲ ਬਕਿੰਘਮ ਪੈਲੇਸ ਜਾਣ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਫ਼ੌਜੀਆਂ ਨੂੰ ਯਾਦ ਕੀਤਾ ਜੋ ਜੰਗ ਤੋਂ ਆਪਣੇ ਪਰਿਵਾਰਾਂ ਕੋਲ ਵਾਪਸ ਨਾ ਪਰਤ ਸਕੇ। ਸੇਵਾਮੁਕਤ ਰੀਅਰ ਐਡਮਿਰਲ ਮਾਰਕ ਬੈਵਰਸਟਾਕ ਨੇ ਦੋਵਾਂ ਵਿਸ਼ਵ ਜੰਗਾਂ ਵਿੱਚ ਬ੍ਰਿਟਿਸ਼ ਭਾਰਤੀ ਫ਼ੌਜ ਦੀ ਭੂਮਿਕਾ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਸਕਾਟਲੈਂਡ ਦੀ ਬਲੈਕ ਵਾਚ ਰੈਜੀਮੈਂਟ ਦਾ ਵੀ ਜ਼ਿਕਰ ਕੀਤਾ। ਬੇਲੀ ਰਾਸ਼ਿਦ ਹੁਸੈਨ ਨੇ ਬ੍ਰਿਟਿਸ਼ ਭਾਰਤੀ ਫ਼ੌਜ ਨਾਲ ਆਪਣੇ ਪਰਿਵਾਰਕ ਸਬੰਧਾਂ ਬਾਰੇ ਗੱਲ ਕਰਦਿਆਂ ਪੰਜਾਬ, ਬੰਗਾਲ, ਰਾਜਸਥਾਨ ਅਤੇ ਕਸ਼ਮੀਰ ਸਮੇਤ ਦੱਖਣੀ ਏਸ਼ੀਆ ਦੇ ਵੱਖ-ਵੱਖ ਹਿੱਸਿਆਂ ਤੋਂ ਜੰਗਾਂ ਵਿਚ ਗਏ ਨੌਜਵਾਨਾਂ ਦੀ ਸੇਵਾ ਨੂੰ ਯਾਦ ਕੀਤਾ। ‘ਕਲਰਫੁਲ ਹੈਰੀਟੇਜ’ ਦੀ ਖੋਜ ਮੁਖੀ ਅਤੇ ਪ੍ਰਾਜੈਕਟ ਅਧਿਕਾਰੀ ਡਾ. ਸਾਕਿਬ ਰਜ਼ਾਕ ਨੇ ਸਕਾਟਲੈਂਡ ਵਿੱਚ ਬ੍ਰਿਟਿਸ਼ ਭਾਰਤੀ ਫ਼ੌਜ ਦੀ ਪਹਿਲੀ ਯਾਦਗਾਰ ਬਣਾਉਣ ਦੀ ਪਹਿਲ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਕੂਲਾਂ ਲਈ ਤਿਆਰ ਕੀਤੀ ਮੁਫ਼ਤ ਪਾਠ ਸਮੱਗਰੀ ਅਤੇ ਦਰਜ ਕੀਤੀਆਂ ਮੁਲਾਕਾਤਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਨ੍ਹਾਂ ਰਾਹੀਂ ਵਿਦਿਆਰਥੀ ਇਸ ਇਤਿਹਾਸ ਨੂੰ ਹੋਰ ਨੇੜਿਓਂ ਜਾਣ ਸਕਣਗੇ। ਪ੍ਰਦਰਸ਼ਨੀ ਵਿੱਚ ਕਲਾਕਾਰ ਮਹਿਤਾਬ ਹੁਸੈਨ ਦੇ ਵਿਸ਼ਵ ਜੰਗ ਦੇ ਏਸ਼ੀਆਈ ਫੌਜੀਆਂ ਦੇ ਬਣਾਏ ਬੁੱਤ ਬਾਰੇ ਵੀ ਜਾਣਕਾਰੀ ਦਿੱਤੀ ਗਈ। ਪੰਜ ਵਰਦੀਧਾਰੀ ਅਕ੍ਰਿਤੀਆਂ ਵਾਲੇ ਇਸ ਬੁੱਤ ਵਿੱਚ ਬ੍ਰਿਟਿਸ਼ ਭਾਰਤੀ ਫ਼ੌਜ ਦੀ ਵੰਨ-ਸੁਵੰਨਤਾ ਦਰਸਾਈ ਗਈ ਹੈ। ਇਸ ਮੌਕੇ ‘ਮਾਈ ਫੈਮਿਲੀ ਲੈਗਸੀ’ ਮੁਹਿੰਮ ਰਾਹੀਂ ਬਰਤਾਨੀਆ ਵਿੱਚ ਵੱਸਦੇ ਦੱਖਣੀ ਏਸ਼ੀਆਈ ਪਰਿਵਾਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਦੋਵਾਂ ਵਿਸ਼ਵ ਜੰਗਾਂ ਵਿੱਚ ਸੇਵਾ ਨਿਭਾਉਣ ਵਾਲੇ ਆਪਣੇ ਵਡੇਰਿਆਂ ਦੀਆਂ ਤਸਵੀਰਾਂ ਅਤੇ ਉਨ੍ਹਾਂ ਨਾਲ ਜੁੜੀਆਂ ਕਹਾਣੀਆਂ ਸਾਂਝੀਆਂ ਕਰਨ, ਤਾਂ ਜੋ ਇਹ ਪਰਿਵਾਰਕ ਯਾਦਾਂ ਅਗਲੀਆਂ ਪੀੜ੍ਹੀਆਂ ਲਈ ਸੰਭਾਲੀਆਂ ਜਾ ਸਕਣ।