30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

11-06-26

ਅਜੀਤ ਡੈਸਕ 12-06-2026

 ਗਾਜਰ ਘਾਹ

ਅੱਜਕਲ੍ਹ ਰੇਲ ਪੱਟੜੀਆਂ, ਸੜਕਾਂ, ਖੇਤਾਂ ਦੇ ਆਲੇ-ਦੁਆਲੇ ਕਾਂਗਰਸ ਘਾਹ ਬਹੁਤ ਉੱਗਿਆ ਹੋਇਆ ਹੈ। ਇਸ ਨੂੰ 'ਗਾਜਰ ਸੇਜ਼ਾ' ਵੀ ਕਹਿੰਦੇ ਹਨ, ਕਿਉਂਕਿ ਇਸ ਦੇ ਪੱਤੇ ਗਾਜ਼ਰ ਵਰਗੇ ਹੁੰਦੇ ਹਨ। ਇਹ ਭਾਰਤ ਵਿਚ ਸੱਤਵੇਂ ਦਹਾਕੇ ਵਿਚ ਆਇਆ। ਉਸ ਸਮੇਂ ਕਾਂਗਰਸ ਦੀ ਸਰਕਾਰ ਸੀ, ਇਸ ਲਈ ਇਸ ਨੂੰ 'ਕਾਂਗਰਸ ਘਾਹ' ਵੀ ਕਹਿੰਦੇ ਹਨ। ਉਸ ਵੇਲੇ ਭਾਰਤ ਨੇ ਮੈਕਸੀਕੋ ਤੋਂ ਕਣਕ ਮੰਗਾਈ ਸੀ। ਜਿਸ ਵਿਚ ਇਹ ਨਦੀਨ ਆ ਗਿਆ। ਅੱਜਕਲ੍ਹ ਇਹ ਪੰਜਾਬ ਵਿਚ ਖਾਸ ਕਰਕੇ ਜ਼ਿਆਦਾ ਫੈਲ ਚੁੱਕਾ ਹੈ। ਇਹ 3 ਫੁੱਟ ਦੇ ਲਗਭਗ ਉੱਚਾ ਹੁੰਦਾ ਹੈ ਅਤੇ ਚਿੱਟੇ ਰੰਗ ਦੇ ਫੁੱਲ ਲਗਦੇ ਹਨ। ਇਹ ਪੌਦਾ ਮਨੁੱਖ ਜਾਤੀ ਲਈ ਬਹੁਤ ਖ਼ਤਰਨਾਕ ਹੈ। ਇਸਦੇ ਨਾਲ ਸਾਹ, ਦਮਾ ਅਤੇ ਐਲਰਜੀ ਹੋ ਜਾਂਦੀ ਹੈ। ਇਸ ਦੇ ਨਾਲ ਚਮੜੀ ਦੇ ਰੋਗ ਤੇ ਖਾਰਸ਼ ਵੀ ਹੁੰਦੀ ਹੈ ਤੇ ਮਨੁੱਖ ਵਿਚ ਹਵਾ ਨਾਲ ਜਾਂ ਬੂਟੇ ਨੂੰ ਛੋਹਣ ਨਾਲ ਫੈਲਦਾ ਹੈ। ਇਸ ਦੇ ਬੂਟੇ ਜਦੋਂ ਮੱਝਾਂ ਗਾਵਾਂ ਖਾ ਲੈਂਦੀਆਂ ਹਨ ਤਾਂ ਦੁੱਧ ਵਿਚ ਵੀ ਉਸ ਦਾ ਜ਼ਹਿਰੀਲਾ ਅਸਰ ਵੇਖਣ ਨੂੰ ਮਿਲਿਆ ਹੈ। ਜਿਸ ਨਾਲ ਮਨੁੱਖਾਂ ਨੂੰ ਕਈ ਤਰ੍ਹਾਂ ਦੀਆਂ ਹੋਰ ਬਿਮਾਰੀਆਂ ਲੱਗ ਜਾਂਦੀਆਂ ਹਨ। ਇਸ ਨਦੀਨ ਨੂੰ ਖ਼ਤਮ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਵਰਖਾ ਦੀ ਰੁੱਤ ਵਿਚ ਤੇਜ਼ੀ ਨਾਲ ਫੈਲ ਜਾਂਦਾ ਹੈ।

-ਸੈਫ਼ੀ ਸ਼ਰਮਾ ਝਬੇਲਵਾਲੀ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

ਚੁੱਪੀ ਹਮੇਸ਼ਾ ਕਮਜ਼ੋਰ ਨਹੀਂ ਹੁੰਦੀ

ਸਿਆਣੇ ਕਹਿੰਦੇ ਹਨ ਕਿ ਪਿੱਠ ਪਿੱਛੇ ਤਾਂ ਲੋਕ ਵੱਡੇ-ਵੱਡੇ ਮਹਾਂਪੁਰਸ਼ਾਂ, ਰਾਜਿਆਂ ਮਹਾਰਾਜਿਆਂ ਨੂੰ ਨਹੀਂ ਬਖਸ਼ਦੇ ਫਿਰ ਆਮ ਬੰਦੇ ਦੀ ਤਾਂ ਔਕਾਤ ਹੀ ਕੀ ਹੈ। ਜਿਸ ਦੇ ਢਿੱਡ ਵਿਚ ਰੋਟੀ ਨਹੀਂ,ਸਹੂਲਤਾਂ ਦੀ ਘਾਟ ਹੋਵੇ ਉਸ ਕੋਲ ਕਿਸੇ ਬਾਰੇ ਸੋਚਣ ਤੇ ਟਿੱਪਣੀ ਕਰਨ ਦਾ ਸਮਾਂ ਹੀ ਨਹੀਂ ਹੁੰਦਾ। ਜ਼ਿੰਦਗੀ ਦੇ ਇਸ ਸਫ਼ਰ ਦੌਰਾਨ ਮਨੁੱਖ ਦਾ ਰੋਜ਼ਾਨਾ ਹਰ ਰੋਜ਼ ਕੌੜੇ ਤੇ ਮਿੱਠੇ ਤਜਰਬਿਆਂ ਨਾਲ ਵਾਹ ਪੈਂਦਾ ਹੈ। ਇਹ ਅਸੰਭਵ ਹੈ ਕਿ ਆਦਮੀ ਦੀ ਜ਼ਿੰਦਗੀ ਹਮੇਸ਼ਾ ਇਕ ਸਾਰ ਹੀ ਗੁਜ਼ਰਦੀ ਰਹੇ। ਜਦੋਂ ਅਸੀਂ ਆਪਣੇ ਆਲੇ-ਦੁਆਲੇ ਨਿਗ੍ਹਾ ਮਾਰਦੇ ਹਾਂ ਤਾਂ ਕੁੱਝ ਲੋਕ ਅਜਿਹੇ ਸਾਡੀ ਨਜ਼ਰੇ ਪੈਂਦੇ ਹਨ ਜਿਹੜੇ ਦੂਜੇ ਦੀ ਚੁੱਪੀ ਨੂੰ ਉਸ ਦੀ ਹਾਰ ਮੰਨ ਲੈਂਦੇ ਹਨ। ਅਸਲ ਵਿਚ ਚੁੱਪ ਕਰ ਜਾਣਾ ਕਮਜ਼ੋਰੀ ਨਹੀਂ ਸਗੋਂ ਸਿਆਣਪ ਦੀ ਨਿਸ਼ਾਨੀ ਹੈ। ਇਹੋ ਜਿਹਾ ਹਾਜ਼ਮਾ ਕਿਸੇ ਕਿਸੇ ਦਾ ਹੀ ਹੁੰਦਾ ਹੈ। ਕਿਸੇ ਦੀ ਗੱਲ ਨੂੰ ਹਜ਼ਮ ਕਰ ਜਾਣ ਵਾਲਾ ਇਨਸਾਨ ਹੀ ਅਸਲ ਅਰਥਾਂ ਵਿਚ ਮਜ਼ਬੂਤ ਹੁੰਦਾ ਹੈ ਕਿਉਂਕਿ ਉਹ ਆਪਣੀ ਊਰਜਾ ਨੂੰ ਬੇਸਮਝ ਲੋਕਾਂ ਨਾਲ ਬਹਿਸ ਕਰਕੇ ਗਵਾਉਣ ਦੀ ਬਜਾਇ ਉਸ ਨੂੰ ਆਪਣੀ ਸ਼ਖ਼ਸੀਅਤ ਨੂੰ ਨਿਖ਼ਾਰਨ ਵੱਲ ਲਾ ਲੈਂਦਾ ਹੈ। ਆਉ ਅਸੀਂ ਆਪਣੀ ਊਰਜਾ ਨੂੰ ਸਾਰਥਕ ਕੰਮਾਂ 'ਚ ਲਾ ਕੇ ਉਸ ਮੁਕਾਮ 'ਤੇ ਪੁੱਜੀਏ ਜਿੱਥੇ ਤੁਹਾਡੇ ਪੈਰ ਖਿੱਚਣ ਅਤੇ ਤੁਹਾਨੂੰ ਕਮਜ਼ੋਰ ਸਮਝਣ ਵਾਲੇ ਸੋਚ ਵੀ ਨਾ ਸਕੇਂ ਕਿਉਂਕਿ ਕਿਸੇ ਨੂੰ ਹਰਾਉਣ ਲਈ ਉਸ ਦੇ ਪੱਧਰ 'ਤੇ ਪਹੁੰਚਣ ਦੀ ਥਾਂ ਆਪਣੀ ਲਕੀਰ ਵੱਡੀ ਕਰ ਲੈਣਾ ਹੀ ਸਮਝਦਾਰੀ ਹੈ ਚੁੱਪੀ ਹਮੇਸ਼ਾ ਕਮਜ਼ੋਰ ਨਹੀਂ ਹੁੰਦੀ।

-ਲਾਭ ਸਿੰਘ ਸ਼ੇਰਗਿੱਲ,
ਬਡੁੱਖਾਂ (ਸੰਗਰੂਰ)

ਜਾਦੂ ਟੂਣਿਆਂ 'ਚ ਨਾ ਫ਼ਸੋ

ਅੱਜਕੱਲ੍ਹ ਪੰਜਾਬ ਵਿਚ ਜਾਦੂ ਟੂਣਿਆਂ ਦਾ ਬਹੁਤ ਪ੍ਰਚਲਨ ਹੈ। ਥਾਂ-ਥਾਂ 'ਤੇ ਪਖੰਡੀ ਬਾਬੇ ਅਨਪੜ੍ਹ ਲੋਕਾਂ ਨੂੰ ਜਾਦੂ ਟੂਣਿਆਂ ਦੇ ਜਾਲ ਵਿਚ ਫਸਾ ਰਹੇ ਹਨ। ਖ਼ਾਸ ਕਰਕੇ ਔਰਤਾਂ ਇਹੋ ਜਿਹੇ ਪਖੰਡੀਆਂ ਦੇ ਜਾਲ ਵਿਚ ਛੇਤੀ ਫਸ ਜਾਂਦੀਆਂ ਹਨ ਤੇ ਕੀਮਤੀ ਚੀਜਾਂ ਇਨ੍ਹਾਂ ਨੂੰ ਦੇ ਦਿੰਦੀਆਂ ਹਨ। ਸਾਨੂੰ ਜਾਦੂ ਟੂਣਿਆਂ ਦੇ ਚੱਕਰ ਵਿਚੋਂ ਨਿਕਲਣਾ ਚਾਹੀਦਾ ਹੈ। ਸਾਨੂੰ ਵਹਿਮਾਂ-ਭਰਮਾਂ ਵਿਚ ਨਹੀਂ ਫਸਣਾ ਚਾਹੀਦਾ। ਸਿਰਫ਼ ਅਜੀਤ ਹੀ ਇਹੋ ਜਿਹਾ ਅਖ਼ਬਾਰ ਹੈ ਜੋ ਇਨ੍ਹਾਂ ਪਖੰਡੀਆਂ ਦੀ ਮਸ਼ਹੂਰੀ ਨਹੀਂ ਕਰਦਾ।

-ਸ਼ਾਰਦਾ ਭੱਪਰ, ਝਬੇਲਵਾਲੀ।

ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਮੋਗਾ ਸ਼ਾਖਾ ਵਲੋਂ ਅਪਾਹਜ ਵਿਅਕਤੀ ਨੂੰ ਵੀਲ੍ਹਚੇਅਰ ਦਿੱਤੀ ਅਗਲੀ ਖ਼ਬਰ ਵਾਤਾਵਰਨ ਵਿਚ ਸੁਧਾਰ ਲਈ ਜ਼ਰੂਰੀ ਹੈ ਸਰਕਾਰ ਦੀ ਪਹਿਲਕਦਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।