ਫ਼ਤਿਹਾਬਾਦ, 13 ਫਰਵਰੀ (ਹਰਬੰਸ ਸਿੰਘ ਮੰਡੇਰ)-ਫੁੱਟਬਾਲ ਫ਼ਾਰ ਸਕੂਲਜ਼ ਪਹਿਲਕਦਮੀ ਤਹਿਤ ਪੀ. ਐਮ. ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਖਾਰਾ ਖੇੜੀ ਵਿਖੇ ਫੁੱਟਬਾਲ ਵੰਡ ਸਮਾਰੋਹ ਕਰਵਾਇਆ, ਜਿਸ ਦਾ ਉਦੇਸ਼ ਖੇਡਾਂ ਰਾਹੀਂ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਤੇ ਜ਼ਮੀਨੀ ਪੱਧਰ 'ਤੇ ਫੁੱਟਬਾਲ ਨੂੰ ਉਤਸ਼ਾਹਿਤ ਕਰਨਾ ਸੀ | ਇਸ ਦੌਰਾਨ 25 ਸਕੂਲਾਂ ਦੇ ਪ੍ਰਤੀਨਿਧੀਆਂ ਨੂੰ ਫੁੱਟਬਾਲ ਵੰਡੇ ਗਏ | ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪ੍ਰਸਿੱਧ ਰਾਸ਼ਟਰੀ ਫੁੱਟਬਾਲ ਖਿਡਾਰੀ ਜੀਵੇਸ਼ ਸੇਵਦਾ ਵਲੋਂ ਵਿਦਿਆਰਥੀਆਂ ਨਾਲ ਆਪਣੇ ਜੀਵਨ ਦੇ ਤਜਰਬੇ ਸਾਂਝੇ ਕੀਤੇ ਗਏ | ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ਕਿਸੇ ਵੀ ਖਿਡਾਰੀ ਲਈ ਇਕ ਮਜ਼ਬੂਤ ਨੀਂਹ ਬਣਾਉਣ ਲਈ ਸੁਨਹਿਰੀ ਯੁੱਗ ਹੁੰਦਾ ਹੈ | ਪਿ੍ੰਸੀਪਲ ਅਨੂਪ ਸਿੰਘ ਨੇ ਫੁੱਟਬਾਲ ਫ਼ਾਰ ਸਕੂਲਜ਼ ਪ੍ਰੋਗਰਾਮ ਦੀ ਮਹੱਤਤਾ 'ਤੇ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਖੇਡਾਂ ਸਿਰਫ਼ ਸਰੀਰਕ ਕਸਰਤ ਹੀ ਨਹੀਂ ਸਗੋਂ ਅਨੁਸ਼ਾਸਨ ਤੇ ਟੀਮ ਭਾਵਨਾ ਦਾ ਸਬਕ ਵੀ ਹਨ | ਇਸ ਮੌਕੇ ਵਾਈਸ ਪਿ੍ੰਸੀਪਲ ਅਖਿਲੇਸ਼ ਅਗਰਵਾਲ, ਸਹਾਇਕ ਸਿੱਖਿਆ ਅਧਿਕਾਰੀ ਅਨੂਪ ਸਿੰਘ, ਖੇਡ ਅਧਿਆਪਕ ਰਾਜੇਸ਼ ਕੁਮਾਰ ਸਿਵਾਚ ਆਦਿ ਹਾਜ਼ਰ ਸਨ |