ਯਮੁਨਾਨਗਰ, 14 ਫਰਵਰੀ (ਗੁਰਦਿਆਲ ਸਿੰਘ ਨਿਮਰ)-ਡੀ. ਏ. ਵੀ. ਕਾਲਜ ਫਾਰ ਗਰਲਜ਼ ਦੀ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਵਲੋਂ ਕਾਲਜ ਦੀਆਂ ਵਿਦਿਆਰਥਣਾਂ ਨੂੰ ਯੂਨੀਵਰਸਿਟੀ ਆਫ਼ ਪੈਟਰੋਲੀਅਮ ਐਂਡ ਐਨਰਜ਼ੀ ਸਟੱਡੀਜ਼ ਦੇਹਰਾਦੂਨ ਦੇ ਪ੍ਰੀ-ਇਨਕਿਊਬੇਸ਼ਨ ਯੂਨਿਟ ਦਾ ਵਿੱਦਿਅਕ ਦੌਰਾ ਕਰਵਾਇਆ | ਇਹ ਦੌਰਾਨ ਕਾਰਜਕਾਰੀ ਪਿ੍ੰਸੀਪਲ ਤੇ ਆਈ. ਆਈ. ਸੀ. ਪ੍ਰਧਾਨ ਡਾ. ਸੁਰਿੰਦਰ ਕੌਰ ਦੀ ਅਗਵਾਈ ਹੇਠ ਰਵਾਨਾ ਕੀਤਾ, ਜਦਕਿ ਕੋਆਰਡੀਨੇਟਰ ਮਨਿਕਾ ਸੇਠੀ ਤੇ ਮਮਤਾ ਥਾਪਰ ਨੇ ਦੌਰੇ ਦੀ ਅਗਵਾਈ ਕੀਤੀ | ਇਸ ਦੌਰੇ ਮੌਕੇ ਸੁਮਿਤ ਨਾਗਪਾਲ ਨੇ ਵਿਦਿਆਰਥਣਾਂ ਨੂੰ ਪ੍ਰੀ-ਇਨਕਿਊਬੇਸ਼ਨ ਦੀ ਧਾਰਨਾ ਬਾਰੇ ਜਾਣਕਾਰੀ ਦੇਣ ਦੇ ਨਾਲ ਹੀ ਸਟਾਰਟਅੱਪਸ ਨੂੰ ਸਮਰਥਨ ਦੇਣ ਲਈ ਉਪਲੱਬਧ ਵੱਖ-ਵੱਖ ਕਿਸਮਾਂ ਦੇ ਫੰਡਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ | ਇਸ ਤੋਂ ਇਲਾਵਾ ਸਵਰਲੀਨ ਕੌਰ ਨੇ ਵਿਦਿਆਰਥਣਾਂ ਦੁਆਰਾ ਪੁੱਛੇ ਗਏ ਸਵਾਲਾਂ ਦੇ ਬਹੁਤ ਹੀ ਸਰਲ ਜਵਾਬ ਦਿੱਤੇ | ਇਸ ਤੋਂ ਬਾਅਦ ਸ਼ੁਭੀ ਸ਼ਰਮਾ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ 'ਤੇ ਵਿਸ਼ੇਸ਼ ਸੈਸ਼ਨ ਦੀ ਅਗਵਾਈ ਕਰਦਿਆਂ ਦੱਸਿਆ ਕਿ ਏ. ਆਈ. ਕਿਵੇਂ ਕੰਮ ਕਰਦੀ ਹੈ ਤੇ ਇਹ ਮਨੁੱਖਤਾ ਲਈ ਕਿਸ ਤਰ੍ਹਾਂ ਲਾਹੇਵੰਦ ਹੈ | ਇਸ ਤੋਂ ਇਲਾਵਾ ਏ. ਆਈ. ਦਵਾਈ ਤੇ ਮਾਰਕੀਟਿੰਗ ਵਰਗੇ ਖੇਤਰਾਂ 'ਚ ਕਿਵੇਂ ਫੈਲ ਰਹੀ ਹੈ | ਇਸ ਮੌਕੇ ਵਿਦਿਆਰਥਣਾਂ ਨੇ ਏ. ਆਈ. ਬਾਰੇ ਵੱਖ-ਵੱਖ ਪ੍ਰਸ਼ਨ ਪੁੱਛ ਕੇ ਆਪਣੇ ਸ਼ੰਕਿਆਂ ਦਾ ਨਿਵਾਰਣ ਕੀਤਾ | ਇਸ ਦੌਰੇ ਦੌਰਾਨ ਵਿਦਿਆਰਥਣਾਂ ਨੇ 'ਰਨਵੇਅ' ਦਾ ਵੀ ਨਿਰੀਖਣ ਕੀਤਾ, ਜਿਥੇ ਕਿ ਵਿਦਿਆਰਥਣਾਂ ਦੁਆਰਾ ਵਿਕਸਿਤ ਕੀਤੇ ਗਏ ਵਿਚਾਰ ਹਵਾਈ ਜਹਾਜ਼ਾਂ ਵਾਂਗ ਉੱਡਦੇ ਹਨ | ਦੇਹਰਾਦੂਨ ਦੇ ਯੂ. ਪੀ. ਈ. ਐੱਸ. ਇਨਕਿਊਬੇਸ਼ਨ ਸੈਂਟਰ ਦੇ ਫੈਕਲਟੀ ਮੈਂਬਰਾਂ ਨਾਲ ਵਿਦਿਆਰਥਣਾਂ ਲਈ ਇਹ ਅਨੁਭਵ ਬਹੁਤ ਹੀ ਪ੍ਰੇਰਨਾਦਾਇਕ ਤੇ ਜਾਣਕਾਰੀ ਭਰਪੂਰ ਰਿਹਾ | ਇਸ ਵਿੱਦਿਅਕ ਦੌਰੇ ਨੂੰ ਸਫ਼ਲ ਬਣਾਉਣ 'ਚ ਡਾ. ਮਨਮੀਤ, ਹਰਸ਼ ਸ਼ਰਮਾ, ਜਸਮੀਤ, ਸ਼ੈਲੀ ਤੇ ਵੈਸ਼ਾਲੀ ਵਲੋਂ ਅਹਿਮ ਭੂਮਿਕਾ ਨਿਭਾਈ ਗਈ |