ਸਿਰਸਾ, 28 ਫਰਵਰੀ (ਭੁਪਿੰਦਰ ਪੰਨੀਵਾਲੀਆ)-ਮੋਬਾਈਲ ਵੈਟਰਨਰੀ ਸੇਵਾ ਜ਼ਿਲ੍ਹੇ ਦੇ ਪਸ਼ੂ ਪਾਲਕਾਂ ਲਈ ਕਾਫੀ ਫਾਇਦੇਮੰਦ ਸਾਬਤ ਹੋ ਰਹੀ ਹੈ | ਜ਼ਿਲ੍ਹੇ ਵਿਚ ਇਸ ਸਮੇਂ ਪੰਜ ਮੋਬਾਈਲ ਵੈਟਰਨਰੀ ਯੂਨਿਟ ਸਰਗਰਮੀ ਨਾਲ ਕੰਮ ਕਰ ਰਹੇ ਹਨ | ਪਸ਼ੂ ਪਾਲਣ ਵਿਭਾਗ ਦੇ ਡਾ. ਧਰੁਵ ਸਿਹਾਗ ਨੇ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਪਸ਼ੂ ਪਾਲਕਾਂ ਨੂੰ ਇਸ ਸੇਵਾ ਬਾਰੇ ਜਾਗਰੂਕ ਕਰਨ ਲਈ ਪਿੰਡਾਂ ਦਾ ਦੌਰਾ ਕਰ ਰਹੀਆਂ ਹਨ | ਉਹ ਪਸ਼ੂਆਂ ਵਿਚ ਸੰਭਾਵਿਤ ਬਿਮਾਰੀਆਂ ਲਈ ਰੋਕਥਾਮ, ਟੀਕਾਕਰਨ ਤੇ ਮੁੱਢਲੀ ਸਹਾਇਤਾ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦੇ ਰਹੀਆਂ ਹਨ, ਜਿਸ ਨਾਲ ਪਸ਼ੂ ਪਾਲਕਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ | ਡਾ. ਸਿਹਾਗ ਨੇ ਦੱਸਿਆ ਹੈ ਕਿ ਸੇਵਾ ਸ਼ੁਰੂ ਹੋਣ ਤੋਂ ਬਾਅਦ ਇਨ੍ਹਾਂ ਮੋਬਾਈਲ ਐਂਬੂਲੈਂਸਾਂ ਨੇ ਹੁਣ ਤੱਕ 26,721 ਪਸ਼ੂਆਂ ਦਾ ਸਫਲਤਾਪੂਰਵਕ ਇਲਾਜ ਕੀਤਾ ਹੈ, ਜਿਸ ਨਾਲ ਪੇਂਡੂ ਖੇਤਰਾਂ ਵਿਚ ਪਸ਼ੂ ਪਾਲਕਾਂ ਨੂੰ ਉਨ੍ਹਾਂ ਦੇ ਦਰਵਾਜ਼ੇ 'ਤੇ ਤੁਰੰਤ ਤੇ ਗੁਣਵੱਤਾ ਵਾਲੀ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ | ਉਨ੍ਹਾਂ ਨੇ ਦੱਸਿਆ ਹੈ ਕਿ ਪਸ਼ੂ ਦੇ ਬਿਮਾਰ ਹੋਣ 'ਤੇ ਐਂਬੂਲੈਂਸ ਸੇਵਾ ਪਸ਼ੂ ਪਾਲਕ ਦੇ ਘਰ ਜਾ ਕੇ ਪਸ਼ੂ ਦਾ ਇਲਾਜ, ਐਕਸਰਾ, ਅਪਰੇਸ਼ਨ ਆਦਿ ਦਾ ਸਾਰਾ ਕੰਮ ਕਰਦੀ ਹੈ | ਉਨ੍ਹਾਂ ਨੇ ਦੱਸਿਆ ਕਿ ਇਹ ਸੇਵਾ ਹਰਿਆਣਾ ਸਰਕਾਰ, ਪਸ਼ੂ ਪਾਲਣ ਤੇ ਡੇਅਰੀ ਵਿਭਾਗ ਦੇ ਸਹਿਯੌਗ ਨਾਲ ਹਰਿਆਣਾ 'ਚ ਸ਼ੁਰੂ ਕੀਤੀ ਗਈ ਹੈ | ਇਸ ਨੂੰ ਜਨਤਕ-ਨਿੱਜੀ ਭਾਈਵਾਲੀ ਮਾਡਲ ਦੇ ਤਹਿਤ ਚਲਾਇਆ ਜਾ ਰਿਹਾ ਹੈ | ਹਰਿਆਣਾ ਸਰਕਾਰ ਵਲੋਂ ਪੇਂਡੂ ਖੇਤਰਾਂ ਵਿਚ ਪਸ਼ੂ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਚੁੱਕਿਆ ਗਿਆ ਇਹ ਕਦਮ ਪਸ਼ੂ ਪਾਲਕਾਂ ਲਈ ਬਹੁਤ ਮਹੱਤਵਪੂਰਨ ਸਾਬਤ ਹੋ ਰਿਹਾ ਹੈ | ਇਹ ਸਰਕਾਰੀ ਪਹਿਲ ਨਾ ਸਿਰਫ਼ ਪਸ਼ੂਆਂ ਨੂੰ ਸਮੇਂ ਸਿਰ ਇਲਾਜ ਪ੍ਰਦਾਨ ਕਰਦੀ ਹੈ ਬਲਕਿ ਪਸ਼ੂ ਪਾਲਕਾਂ ਦੀ ਰੋਜ਼ੀ-ਰੋਟੀ ਦੀ ਵੀ ਰੱਖਿਆ ਕਰਦੀ ਹੈ | ਹਰਿਆਣਾ ਸਰਕਾਰ ਦੀ ਇਹ ਯੋਜਨਾ ਪੇਂਡੂ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਤੇ ਪਸ਼ੂਧਨ ਦੀ ਰੱਖਿਆ ਲਈ ਇਕ ਪ੍ਰੇਰਨਾਦਾਇਕ ਉਦਾਹਰਣ ਵਜੋਂ ਉੱਭਰੀ ਹੈ | ਉਨ੍ਹਾਂ ਨੇ ਦੱਸਿਆ ਹੈ ਕਿ ਪਸ਼ੂ ਪਾਲਕ ਆਪਣਾ ਪਸ਼ੂ ਬਿਮਾਰ ਹੋਣ 'ਤੇ 1962 'ਤੇ ਫੋਨ ਕਰਕੇ ਐਂਬੂਲੈਂਸ ਸੇਵਾ ਦਾ ਲਾਹ ਲੈ ਸਕਦੇ ਹਨ |