ਸਿਰਸਾ, 11 ਮਈ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਦੇ ਸਫਾਈ ਕਰਮਚਾਰੀਆਂ ਦੀ ਹੜਤਾਲ 11ਵੇਂ ਦਿਨ ਵਿਚ ਦਾਖਲ ਹੋ ਗਈ ਹੈ | ਮਿਉਂਸਪਲ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਨਰੇਸ਼ ਸ਼ਾਸਤਰੀ ਨੇ ਕਿਹਾ ਕਿ ਮੰਗਾਂ ਪੂਰੀਆਂ ਹੋਣ ਤੱਕ ਸਫਾਈ ਕਰਮਚਾਰੀ ਮੈਦਾਨ ਵਿੱਚ ਡਟੇ ਰਹਿਣਗੇ | ਇਸੇ ਤਰ੍ਹਾਂ ਸਫਾਈ ਕਰਮਚਾਰੀ ਯੂਨੀਅਨ ਕਾਲਾਂਵਾਲੀ ਦੇ ਪ੍ਰਧਾਨ ਸਿੰਕਦਰ ਅਠਵਾਲ ਨੇ ਕਿਹਾ ਕਿ ਹੜਤਾਲ ਹੋਰ ਵੀ ਅੱਗੇ ਵਧ ਸਕਦੀ ਹੈ | ਉਨਾਂ ਪੁਲਿਸ ਵੱਲੋਂ ਕਰਮਚਾਰੀਆਂ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਸਖਤ ਨਿੰਦਾ ਕੀਤੀ | ਉਹਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਉਨ੍ਹਾਂ ਨੂੰ ਸਥਾਈ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਚੋਣਾਂ ਜਿਤਦੇ ਹੀ ਸਰਕਾਰ ਨੇ ਸਾਡੀਆ ਮੰਗਾਂ ਤੋਂ ਅੱਖਾਂ ਫੇਰ ਲਈਆਂ | ਜ਼ਿਕਰਯੋਗ ਹੈ ਕਿ ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸਿਰਸਾ, ਡੱਬਵਾਲੀ ਅਤੇ ਕਾਂਲਾਵਾਲੀ ਵਿਚ ਸਫਾਈ ਵਿਵਸਥਾ ਪੂਰੀ ਤਰ੍ਹਾਂ ਚਰਮਰਾ ਗਈ ਹੈ ਅਤੇ ਥਾਂ-ਥਾਂ 'ਤੇ ਕੂੜੇ ਦੇ ਵੱਡੇ ਢੇਰ ਦਿਖਾਈ ਦੇ ਰਹੇ ਹਨ | ਹਲਕਾ ਕਾਲਾਂਵਾਲੀ ਦੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੇ ਕਿਹਾ ਹੈ ਕਿ ਸਰਕਾਰ ਕਰਮਚਾਰੀਆਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਕਰੇ | ਉਨ੍ਹਾਂ ਕਿਹਾ ਕਿ 13 ਸਾਲਾਂ ਵਿੱਚ ਸਰਕਾਰ ਨੇ ਇੱਕ ਵੀ ਸਫਾਈ ਕਰਮਚਾਰੀ ਸਥਾਈ ਤੌਰ 'ਤੇ ਭਰਤੀ ਨਹੀਂ ਕੀਤਾ | ਨਗਰ ਪਾਲਿਕਾ ਦੇ ਸਫਾਈ ਕਰਮਚਾਰੀਆਂ ਦੀ ਹੜਤਾਲ ਦਾ ਜਿੱਥੇ ਕਿਸਾਨ ਜਥੇਬੰਦੀਆਂ ਸਮੇਤ ਸਰਵ ਕਰਮਚਾਰੀ ਸੰਘ ਅਤੇ ਲੋਕ ਚੇਤਨਾ ਮੰਚ ਅਤੇ ਹੋਰ ਲੋਕ ਪੱਖੀ ਜਥੇਬੰਦੀਆਂ ਨੇ ਸਮਰਥਨ ਦਿੱਤਾ ਹੈ | ਉਥੇ ਹੀ ਨਗਰ ਪਾਲਿਕਾ ਕਰਮਚਾਰੀਆਂ ਨਾਲ ਧਰਨੇ 'ਤੇ ਬੈਠੇ ਉਪ ਪ੍ਰਧਾਨ ਸਿਕੰਦਰ ਸਿੰਘ ਬਾਹੀਆ, ਸੁਭਾਸ਼ ਸ਼ਰਮਾ, ਨਿਤਿਨ ਗਰਗ ਅਤੇ ਰੋਮੀ ਸਿੰਘ ਨੇ ਕਿਹਾ ਕਿ ਸਰਕਾਰ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਹੀ ਹੈ ਜੋ ਚਿੰਤਾ ਦਾ ਵਿਸ਼ਾ ਹੈ | ਇਸ ਮੌਕੇ 'ਤੇ ਸਫਾਈ ਕਰਮਚਾਰੀ ਯੂਨੀਅਨ ਕਾਲਾਂਵਾਲੀ ਦੇ ਪ੍ਰਧਾਨ ਸਿਕੰਦਰ ਅਠਵਾਲ, ਸਕੱਤਰ ਸੂਰਜ ਪ੍ਰਕਾਸ਼, ਖਜਾਨਚੀ ਅਨਿਲ ਕੁਮਾਰ, ਕਿ੍ਸ਼ਨ ਕੁਮਾਰ, ਬਲਤੇਜ਼ ਸਿੰਘ, ਸੋਹਣ ਲਾਲ, ਸੋਨੂ ਕੁਮਾਰ, ਗੋਵਰਧਨ ਦਾਸ, ਸ਼ੰਕਰ ਲਾਲ, ਰੇਖਾ ਰਾਣੀ, ਆਸ਼ਾ ਰਾਣੀ ਅਤੇ ਜੋਤੀ ਰਾਣੀ ਸਮੇਤ ਬਹੁਤ ਸਾਰੇ ਸਫਾਈ ਕਰਮਚਾਰੀ ਵੀ ਹਾਜ਼ਰ ਸਨ |