ਨਵੀਂ ਦਿੱਲੀ, 11 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਮਸਲਿਸ ਪਾਰਕ ਮੈਟਰੋ ਸਟੇਸ਼ਨ ਕੋਲ ਵਗ ਰਹੀ ਨਹਿਰ ਵਿਚ ਨਗਰ ਨਿਗਮ ਦੇ ਕਰਮਚਾਰੀ ਸਾਗਰ ਨੇ ਹਿੰਮਤ ਕਰ ਕੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਦੋ ਬੱਚਿਆਂ ਦੇ ਵਿਚੋਂ ਇਕ ਬੱਚੇ ਨੂੰ ਡੁੱਬਣ ਤੋਂ ਬਚਾ ਲਿਆ ਹੈ | ਹਾਲਾਂਕਿ ਉਸਨੇ ਦੂਸਰੇ ਬੱਚੇ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਪ੍ਰੰਤੂ ਉਹ ਬੱਚੇ ਨੂੰ ਨਹੀਂ ਬਚਾ ਸਕਿਆ | ਸਾਗਰ ਦੀ ਇਸ ਕੋਸ਼ਿਸ਼ ਪ੍ਰਤੀ ਦਿੱਲੀ ਦੇ ਸਮਾਜ ਕਲਿਆਣ ਤੇ ਵਿਕਾਸ ਮੰਚ ਦੇ ਪ੍ਰਧਾਨ ਅਸ਼ੋਕ ਸੱਭਰਵਾਲ ਨੇ ਭਰਪੂਰ ਸ਼ਲਾਘਾ ਕੀਤੀ ਹੈ ਅਤੇ ਨਾਲ ਇਹ ਕਿਹਾ ਹੈ ਕਿ ਮੰਚ ਸਾਗਰ ਦਾ ਆਪਣੇ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ 'ਤੇ ਸਨਮਾਨ ਕਰੇਗਾ | ਉਧਰ ਦੂਸਰੇ ਪਾਸੇ ਨਗਰ ਨਿਗਮ ਨੇ ਵੀ ਸਾਗਰ ਦੁਆਰਾ ਕੀਤੀ ਕੋਸ਼ਿਸ਼ ਦੀ ਤਾਰੀਫ਼ ਕੀਤੀ ਹੈ | ਸਾਗਰ ਨਗਰ ਨਿਗਮ ਵਿਚ ਸਫ਼ਾਈ ਕਰਮਚਾਰੀ ਹੈ ਅਤੇ ਉਹ ਘਟਨਾ ਦੇ ਸਮੇਂ ਉੱਥੋਂ ਲੰਘ ਰਿਹਾ ਸੀ ਤਾਂ ਉਸ ਨੇ ਵੇਖਿਆ ਕਿ ਦੋ ਬੱਚੇ ਨਹਿਰ ਵਿਚ ਡੁੱਬ ਰਹੇ ਸਨ ਅਤੇ ਉਸ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਇਹ ਕੰਮ ਕੀਤਾ | ਇਸ ਘਟਨਾ ਪ੍ਰਤੀ ਇਸ ਇਲਾਕੇ ਵਿਚ ਸਾਗਰ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ | ਪੀੜਤ ਪਰਿਵਾਰ ਨੇ ਸਾਗਰ ਦਾ ਧੰਨਵਾਦ ਕੀਤਾ ਹੈ |