24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਜ਼ਿਲ੍ਹਾ ਵਾਸੀ ਗਰਮੀ ਅਤੇ ਲੂੰ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਵਰਤਣ : ਡੀ. ਸੀ.

ਅਜੀਤ ਡੈਸਕ 20-05-2026

ਯਮੁਨਾਨਗਰ, 19 ਮਈ (ਗੁਰਦਿਆਲ ਸਿੰਘ ਨਿਮਰ)-ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਦੀ ਚੇਅਰਮੈਨ ਅਤੇ ਡਿਪਟੀ ਕਮਿਸ਼ਨਰ ਪ੍ਰੀਤੀ ਨੇ ਕਿਹਾ ਕਿ ਗਰਮੀਆਂ ਦੇ ਮੌਸਮ 'ਚ ਗਰਮ ਹਵਾਵਾਂ ਅਤੇ ਵਧਦੇ ਤਾਪਮਾਨ ਕਾਰਨ ਗਰਮੀ ਦੀ ਲਹਿਰ ਦਾ ਖ਼ਤਰਾ ਵੱਧ ਜਾਂਦਾ ਹੈ | ਖਾਸ ਕਰਕੇ ਧੁੱਪ 'ਚ ਤੁਰਨ ਵਾਲੇ, ਖਿਡਾਰੀ, ਬੱਚੇ, ਬਜ਼ੁਰਗ ਅਤੇ ਬਿਮਾਰ ਲੋਕਾਂ ਨੂੰ ਲੂੰ ਲੱਗਣ ਦਾ ਖ਼ਤਰਾ ਵਧੇਰੇ ਹੁੰਦਾ ਹੈ | ਉਨ੍ਹਾਂ ਕਿਹਾ ਕਿ ਜਨਤਕ ਹਿੱਤ 'ਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਗਰਮੀ ਦੀ ਲਹਿਰ ਤੇ ਲੂੰ ਤੋਂ ਬਚਾਅ ਲਈ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਦੀ ਪਾਲਣਾ ਸਾਰਿਆਂ ਨੂੰ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਗਰਮੀ ਦੀ ਲਹਿਰ ਤੋਂ ਬਚਾਅ ਲਈ ਸਥਾਨਕ ਮੌਸਮ ਦੀਆਂ ਰਿਪੋਰਟਾਂ ਲਈ ਰੇਡੀਓ ਸੁਣਿਆ ਜਾਵੇ, ਟੈਲੀਵਿਜ਼ਨ ਦੇਖਿਆ ਜਾਵੇ ਅਤੇ ਅਖ਼ਬਾਰ ਪੜਿ੍ਹਆ ਜਾਵੇ | ਉਨ੍ਹਾਂ ਕਿਹਾ ਕਿ ਗਰਮੀਆਂ 'ਚ ਹਲਕੇ ਰੰਗ ਦੇ ਢਿੱਲੇ ਸੂਤੀ ਕੱਪੜੇ ਪਹਿਨੇ ਜਾਣ, ਸਿਰ ਨੂੰ ਹਮੇਸ਼ਾ ਢੱਕ ਕੇ ਰੱਖਿਆ ਜਾਵੇ, ਵੱਧ ਤੋਂ ਵੱਧ ਪਾਣੀ, ਓ. ਆਰ. ਐਸ., ਲੱਸੀ, ਤੋਰਾਨੀ (ਚੌਲਾਂ ਦਾ ਪਾਣੀ) ਤੇ ਨਿੰਬੂ ਪਾਣੀ ਆਦਿ ਵੀ ਵਰਤੋਂ ਕੀਤੀ ਜਾਵੇ | ਛੋਟੇ ਬੱਚਿਆਂ ਨੂੰ ਵਾਹਨਾਂ 'ਚ ਨਾ ਛੱਡਿਆ ਜਾਵੇ ਕਿਉਂਕਿ ਉਨ੍ਹਾਂ ਨੂੰ ਹੀਟ ਸਟ੍ਰੋਕ ਦਾ ਖ਼ਤਰਾ ਹੋ ਸਕਦਾ ਹੈ | ਨੰਗੇ ਪੈਰੀਂ ਜਾਣ ਤੋਂ ਬਚਿਆ ਜਾਵੇ ਅਤੇ ਗਰਮੀ ਤੋਂ ਰਾਹਤ ਲਈ ਆਪਣੇ ਨਾਲ ਇਕ ਹੱਥ ਵਾਲਾ ਪੱਖਾ ਰੱਖਿਆ ਜਾਵੇ | ਕੰਮ ਦੌਰਾਨ ਵਾਰ-ਵਾਰ ਬ੍ਰੇਕ ਲਿਆ ਜਾਵੇ ਅਤੇ ਜੇਕਰ ਖੇਤਾਂ 'ਚ ਕੰਮ ਕਰ ਰਹੇ ਹੋ ਤਾਂ ਕਿਸੇ ਰੁੱਖ ਹੇਠਾਂ ਜਾਂ ਛਾਂ 'ਚ ਪਨਾਹ ਲਓ | ਗਰਮੀਆਂ ਦੌਰਾਨ ਜੰਕ ਫੂਡ ਤੋਂ ਬਚਿਆ ਜਾਵੇ ਅਤੇ ਹਮੇਸ਼ਾ ਤਾਜ਼ੇ ਫ਼ਲ, ਸਲਾਦ ਅਤੇ ਘਰ 'ਚ ਬਣੇ ਭੋਜਨ ਦੀ ਵਰਤੋਂ ਕੀਤੀ ਜਾਵੇ | ਉਨ੍ਹਾਂ ਦੱਸਿਆ ਕਿ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਦੇ ਵਿਚਕਾਰ ਬਾਹਰ ਨਿਕਲਣ ਤੋਂ ਬਚਿਆ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਉਲਟੀਆਂ, ਘਬਰਾਹਟ, ਤੇਜ਼ ਸਿਰ ਦਰਦ, ਛਾਤੀ 'ਚ ਦਰਦ, ਜਾਂ ਸਾਹ ਲੈਣ 'ਚ ਮੁਸ਼ਕਿਲ ਆਉਂਦੀ ਹੈ ਤਾਂ ਤੁਰੰਤ ਡਾਕਟਰ ਦੀ ਸਲਾਹ ਲਈ ਜਾਵੇ | ਉਨ੍ਹਾਂ ਕਿਹਾ ਤੇਜ਼ ਗਰਮੀ ਦੇ ਮੌਸਮ 'ਚ ਬਜ਼ੁਰਗਾਂ ਅਤੇ ਕਮਜ਼ੋਰ ਵਿਅਕਤੀਆਂ ਦਾ ਖਾਸ ਧਿਆਨ ਰੱਖਿਆ ਜਾਵੇ | ਉਨ੍ਹਾਂ ਕਿਹਾ ਕਿ ਆਪਣੇ ਜਾਨਵਰਾਂ ਨੂੰ ਵੀ ਲੂੰ ਤੋਂ ਬਚਾਅ ਕੇ ਰੱਖਿਆ ਜਾਵੇ | ਇਸ ਵਾਸਤੇ ਉਨ੍ਹਾਂ ਨੂੰ ਹਮੇਸ਼ਾ ਛਾਂ 'ਚ ਬੰਨਿ੍ਹਆ ਜਾਵੇ ਅਤੇ ਵਾਰ-ਵਾਰ ਪੀਣ ਲਈ ਪਾਣੀ ਰੱਖਿਆ ਜਾਵੇ |

ਪਿਛਲੀ ਖ਼ਬਰ ਮਾਣਯੋਗ ਸੁਪਰੀਮ ਕੋਰਟ ਵਲੋਂ 21, 22 ਤੇ 23 ਅਗਸਤ ਨੂੰ ਲਗਾਈ ਜਾਵੇਗੀ ਵਿਸ਼ੇਸ਼ ਲੋਕ ਅਦਾਲਤ : ਸੀ. ਜੇ. ਐਮ. ਸੁਮਿੱਤਰਾ... ਅਗਲੀ ਖ਼ਬਰ ਕ੍ਰਾਈਮ ਬ੍ਰਾਂਚ-2 ਦੀ ਟੀਮ ਵਲੋਂ ਕਤਲ ਮਾਮਲੇ 'ਚ ਦੋ ਮੁਲਜ਼ਮ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।