ਨਵੀਂ ਦਿੱਲੀ, 16 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਕਈ ਇਲਾਕਿਆਂ ਵਿਚ ਪਾਣੀ ਨਾ ਆਉਣ ਕਕੇ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ | ਲੋਕਾਂ ਨੇ ਇਸ ਬਾਰੇ ਦਿੱਲੀ ਜਲ ਬਰੋਡ ਨੂੰ ਸ਼ਿਕਾਇਤਾਂ ਵੀ ਕੀਤੀਆਂ ਪੰ੍ਰਤੂ ਕੋਈ ਵੀ ਸੁਣਵਾਈ ਨਹੀਂ ਹੋ ਰਹੀ | ਕਿਰਾੜੀ ਵਿਧਾਨ ਸਭਾ ਦੇ ਪ੍ਰੇਮ ਨਗਰ ਪਾਰਟ-2 ਦੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਤੋਂ ਪਾਣੀ ਨਾ ਆਉਣ ਕਰਕੇ ਉਨ੍ਹਾਂ ਨੂੰ ਪੀਣ ਵਾਲਾ ਪਾਣੀ ਬਾਜ਼ਾਰ ਤੋਂ ਖਰੀਦ ਕੇ ਲਿਆਉਣਾ ਪੈਂਦਾ ਹੈ | ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਕਦੇ ਪਾਣੀ ਆਉਂਦਾ ਵੀ ਹੈ ਤਾਂ ਉਸ ਵਿਚੋਂ ਬਦਬੂ ਆਉਂਦੀ ਹੈ | ਮਹਿਰੌਲੀ ਵਿਧਾਨ ਸਭਾ ਦੇ ਵਾਰਡ-6 ਦੇ ਵਿਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 10-12 ਦਿਨਾਂ ਤੋਂ ਪਾਣੀ ਹੀ ਨਹੀਂ ਆ ਰਿਹਾ, ਜਿਸ ਕਰਕੇ ਉਨ੍ਹਾਂ ਨੂੰ ਨਹਾਉਣਾ, ਕੱਪੜੇ ਧੋਣਾ ਅਤੇ ਹੋਰ ਕੰਮ ਕਰਕੇ ਵੀ ਔਖੇ ਹੋ ਗਏ ਹਨ | ਆਲੀ ਵਿਹਾਰ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰਾਂ ਵਿਚ ਪਾਣੀ ਨਹੀਂ ਆ ਰਿਹਾ ਅਤੇ ਉਨ੍ਹਾਂ ਦੀ ਇਸ ਸਮੱਸਿਆ ਦੀ ਕੋਈ ਸੁਣਵਾਈ ਵੀ ਨਹੀਂ ਹੋ ਰਹੀ | ਇਸ ਤੋਂ ਇਲਾਵਾ ਦੇਵਲੀ, ਖਾਨਪੁਰ, ਸ਼ਿਵਾ ਜੀ ਜਮਨਾਪਾਰ ਦੇ ਕਈ ਇਲਾਕਿਆਂ ਵਿਚ ਪਾਣੀ ਦੀ ਘਾਟ ਕਰਕੇ ਲੋਕਾਂ ਵਿਚ ਗੁੱਸਾ ਫੈਲਿਆ ਹੋਇਆ ਹੈ | ਜੇਕਰ ਕਿਸੇ ਇਲਾਕੇ ਵਿਚ ਪਾਣੀ ਦੇ ਟੈਂਕਰ ਆ ਰਹੇ ਹਨ ਤਾਂ ਸਾਰੇ ਲੋਕਾਂ ਨੂੰ ਪਾਣੀ ਹੀ ਨਹੀਂ ਮਿਲ ਰਿਹਾ |