06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਐਤਵਾਰ ਨੂੰ ਆਮ ਵਾਂਗ ਖੁੱਲ੍ਹੇ ਰਹੇ ਤਿੰਨੋਂ ਨਿਗਮ ਦਫ਼ਤਰਾਂ ’ਚ ਹਜ਼ਾਰਾਂ ਪ੍ਰਾਪਰਟੀ ਮਾਲਕਾਂ ਨੇ ਜਮ੍ਹਾਂ ਕਰਵਾਇਆ ਪ੍ਰਾਪਰਟੀ ਟੈਕਸ

ਅਜੀਤ ਡੈਸਕ 30-06-2026
ਯਮੁਨਾਨਗਰ, 29 ਜੂਨ (ਗੁਰਦਿਆਲ ਸਿੰਘ ਨਿਮਰ)-ਸਰਕਾਰ ਵਲੋਂ ਚਲਾਈ ਜਾ ਰਹੀ ਪ੍ਰਾਪਰਟੀ ਟੈਕਸ ‘ਤੇ 100 ਫ਼ੀਸਦੀ ਵਿਆਜ ਮੁਆਫ਼ੀ ਯੋਜਨਾ ਦਾ ਲਾਭ ਲੈਣ ਲਈ ਲੋਕਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। 30 ਜੂਨ ਇਸ ਯੋਜਨਾ ਦਾ ਲਾਭ ਲੈਣ ਦੀ ਆਖਰੀ ਮਿਤੀ ਹੈ ਅਤੇ ਜਿਵੇਂ-ਜਿਵੇਂ ਇਹ ਤਰੀਕ ਨੇੜੇ ਆ ਰਹੀ ਹੈ, ਰੋਜ਼ਾਨਾ ਨਗਰ ਨਿਗਮ ਦੇ ਦਫ਼ਤਰਾਂ ‘ਚ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਐਤਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ ਤਿੰਨੋਂ ਨਿਗਮ ਦਫ਼ਤਰ ਆਮ ਵਾਂਗ ਖੁੱਲ੍ਹੇ ਰਹੇ, ਜਿਸ ਦੇ ਚਲਦਿਆਂ ਹਜ਼ਾਰਾਂ ਪ੍ਰਾਪਰਟੀ ਮਾਲਕਾਂ ਨੇ ਵਿਆਜ ਮੁਆਫ਼ੀ ਯੋਜਨਾ ਦਾ ਲਾਭ ਉਠਾਇਆ ਅਤੇ ਬਿਨਾਂ ਵਿਆਜ ਦਿੱਤੇ ਆਪਣਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਇਆ। ਆਮ ਲੋਕਾਂ ਦੀ ਸਹੂਲਤ ਲਈ ਨਗਰ ਨਿਗਮ ਪ੍ਰਸ਼ਾਸਲ ਨੇ ਅੱਜ ਸੰਤ ਕਬੀਰ ਜੈਅੰਤੀ ਦੀ ਛੁੱਟੀ ਹੋਣ ਦੇ ਬਾਵਜੂਦ ਪ੍ਰਾਪਰਟੀ ਟੈਕਸ ਇਕੱਠਾ ਕਰਨ ਲਈ ਨਿਗਮ ਦਫ਼ਤਰ ਅਤੇ ਨਾਗਰਿਕ ਸਹੂਲਤ ਕੇਂਦਰ ਨੂੰ ਖੁੱਲ੍ਹਾ ਰੱਖਣ ਦਾ ਫ਼ੈਸਲਾ ਲਿਆ ਹੈ। ਮੇਅਰ ਸੁਮਨ ਬਾਹਮਣੀ ਨੇ ਹਾਲ ਹੀ ‘ਚ ਵਿਆਜ ਮੁਆਫ਼ੀ ਯੋਜਨਾ ਦੇ ਤਹਿਤ ਆਮ ਲੋਕਾਂ ਨੂੰ ਲਾਭ ਪ੍ਰਦਾਨ ਕਰਨ ਲਈ ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ ਤਿੰਨੋਂ ਨਗਰ ਨਿਗਮ ਦਫ਼ਤਰ ਖੁੱਲ੍ਹੇ ਰੱਖਣ ਦੇ ਹੁਕਮ ਜਾਰੀ ਕੀਤੇ ਸਨ। ਇਸ ਦੇ ਨਤੀਜੇ ਵਜੋਂ ਨਗਰ ਨਿਗਮ ਦਫ਼ਤਰ ਅਤੇ ਨਾਗਰਿਕ ਸਹੂਲਤ ਕੇਂਦਰ ਐਤਵਾਰ ਨੂੰ ਆਮ ਵਾਂਗ ਖੁੱਲ੍ਹੇ ਰਹੇ। ਇਸ ਦੌਰਾਨ ਦਫ਼ਤਰਾਂ ਵਿਖੇ ਪ੍ਰਾਪਰਟੀ ਆਈ. ਡੀ. ਨਾਲ ਸੰਬੰਧਿਤ ਇਤਰਾਜ਼ਾਂ ਅਤੇ ਟੈਕਸ ਭੁਗਤਾਨ ਦਾ ਕਾਰਜ ਕੀਤਾ ਗਿਆ। ਟੋਕਨ ਪ੍ਰਾਪਤ ਕਰਨ ਲਈ ਐਤਵਾਰ ਨੂੰ ਸਵੇਰੇ-ਸਵੇਰੇ ਹੀ ਨਗਰ ਨਿਗਮ ਦੇ ਸਹੂਲਤ ਕੇਂਦਰਾਂ ‘ਤੇ ਪ੍ਰਾਪਰਟੀ ਟੈਕਸ ਧਾਰਕਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਨਿਗਮ ਦੇ ਸਟਾਫ਼ ਵਲੋਂ ਪ੍ਰਾਪਰਟੀ ਟੈਕਸ ਦੇ ਭੁਗਤਾਨ ਤੋਂ ਇਲਾਵਾ ਨੋ ਡਿਊਜ਼ ਸਰਟੀਫਿਕੇਟ ਨਾਲ ਸੰਬੰਧਿਤ ਕੰਮ ਨੂੰ ਵੀ ਤਰਜ਼ੀਹ ਦਿੱਤੀ ਗਈ। ਗ਼ਲਤੀਆਂ ਜਾਂ ਖਾਮੀਆਂ ਵਾਲੇ ਜਾਇਦਾਦ ਧਾਰਕਾਂ ਲਈ ਪ੍ਰਾਪਰਟੀ ਆਈ. ਡੀਜ਼ ‘ਚ ਸੁਧਾਰ ਆਮ ਵਾਂਗ ਜਾਰੀ ਰਿਹਾ। ਮੇਅਰ ਸੁਮਨ ਬਾਹਮਣੀ ਨੇ ਦੱਸਿਆ ਕਿ 29 ਜੂਨ ਨੂੰ ਸੰਤ ਕਬੀਰ ਦਾਸ ਜੈਅੰਤੀ ਕਾਰਨ ਜਨਤਕ ਛੁੱਟੀ ਹੈ, ਜਦਕਿ ਪ੍ਰਾਪਰਟੀ ਟੈਕਸ ਭੁਗਤਾਨ ਲਈ ਸਰਕਾਰ ਦੀ 100 ਫ਼ੀਸਦੀ ਵਿਆਜ ਮੁਆਫ਼ੀ ਯੋਜਨਾ ਦੀ ਅੰਤਿਮ ਤਰੀਕ 30 ਜੂਨ ਨਿਰਧਾਰਤ ਕੀਤੀ ਗਈ ਹੈ। ਐਤਵਾਰ ਨੂੰ ਵੀ ਨਾਗਰਿਕ ਸਹੂਲਤ ਕੇਂਦਰ ਅਤੇ ਐਨ. ਡੀ. ਸੀ. ਸ਼ਾਖਾ ਨਾਲ ਜੁੜੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਡਿਊਟੀ ‘ਤੇ ਹਾਜ਼ਰ ਰਹੇ, ਜਿਨ੍ਹਾਂ ਪ੍ਰਾਪਰਟੀ ਇਕੱਤਰ ਕਰਨ ਤੋਂ ਇਲਾਵਾ ਲੋਕਾਂ ਦੇ ਇਤਰਾਜ਼ਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ।
ਪਿਛਲੀ ਖ਼ਬਰ ਜ਼ਿਲ੍ਹੇ ਦੇ 9,18,682 ਵੋਟਰਾਂ ’ਚੋਂ ਹੁਣ ਤੱਕ 2,55,592 ਵੋਟਰ ਫਾਰਮ ਹੋਏ ਡਿਜੀਟਾਈਜ਼ ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਪੂਰੇ ਸਮਾਜ ਲਈ ਇਕ ਖ਼ਜ਼ਾਨਾ ਹਨ-ਐਡਵੋਕੇਟ ਬਿੱਕਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।