ਜੈਕਾਰਿਆਂ ਦੀ ਗੂੰਜ 'ਚ ਬੇਗਮਪੁਰਾ ਐਕਸਪ੍ਰੈੱਸ ਜਲੰਧਰ ਤੋਂ ਵਾਰਾਨਸੀ ਲਈ ਰਵਾਨਾ <br/>
ਕਾਂਸ਼ੀ ਬਨਾਰਸ ਵਿਖੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਮਨਾਉਣ ਲਈ ਸ਼ਰਧਾਲੂਆਂ ਨੂੰ ਲੈ ਕੇ ਜਾਣ ਵਾਲੀ ਬੇਗਮਪੁਰਾ ਐਕਸਪੈੱ੍ਰਸ ਨੂੰ ਰਵਾਨਾ ਕਰਨ ਲਈ ਵੱਡੀ ਗਿਣਤੀ 'ਚ ਪਹੁੰਚੀ ਸੰਗਤ | ਤਸਵੀਰਾਂ : ਮੁਨੀਸ਼
<br/>
ਬੇਗਮਪੁਰਾ ਐਕਸਪ੍ਰੈੱਸ ਨੂੰ ਰਵਾਨਾ ਕਰਨ ਉਪਰੰਤ ਸੰਤ ਨਿਰੰਜਨ ਦਾਸ ਨੂੰ ਫ਼ੁੱਲਾਂ ਦਾ ਗੁਲਦਸਤਾ ਭੇਟ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਵਿਧਾਇਕ ਬਲਕਾਰ ਸਿੰਘ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ, ਵਿਧਾਇਕ ਕੁਲਵੰਤ ਸਿੰਘ |
<br/>
30-01-2026
ਜਲੰਧਰ, 29 ਜਨਵਰੀ (ਹਰਵਿੰਦਰ ਸਿੰਘ ਫੁੱਲ)- ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਸੀਰ ਗੋਵਰਧਨ ਪੁਰ ਕਾਂਸ਼ੀ ਵਿਖੇ 1 ਫਰਵਰੀ ਨੂੰ ਉਨ੍ਹਾਂ ਦਾ 649ਵਾਂ ਪ੍ਰਕਾਸ਼ ਉਤਸਵ ਮਨਾਉਣ ਲਈ ਡੇਰਾ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਅਤੇ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਨਸੀ ਦੇ ਚੇਅਰਮੈਨ ਸੰਤ ਨਿਰੰਜਨ ਦਾਸ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੂੰ ਅੱਜ ਇੱਕ ਵਿਸ਼ੇਸ਼ ਰੇਲ ਗੱਡੀ 'ਬੇਗਮਪੁਰਾ ਐਕਸਪੈੱ੍ਰਸ' ਰਾਹੀਂ ਸਥਾਨਕ ਰੇਲਵੇ ਸਟੇਸ਼ਨ ਤੋਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਹਰੀ ਝੰਡੀ ਦੇ ਕੇ ਵਾਰਾਨਸੀ ਲਈ ਰਵਾਨਾ ਕੀਤਾ | ਸੰਤ ਲੇਖ ਰਾਜ, ਕਿਸ਼ਨ ਨਾਥ ਚਹੇੜੂ 'ਤੇ ਹੋਰ ਸੰਤ ਮਹਾਂਪੁਰਸ਼ ਵੀ ਉਨ੍ਹਾਂ ਦੇ ਨਾਲ ਸਨ | ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਸਮੂਹ ਸੰਗਤਾਂ ਨੂੰ ਪ੍ਰਕਾਸ਼ ਉਤਸਵ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਬਹੁਤ ਗੌਰਵ ਵਾਲੀ ਗੱਲ ਹੈ ਕਿ ਜਲੰਧਰ ਤੋਂ ਸੰਤ ਨਿੰਰਜਨ ਦਾਸ ਦੀ ਅਗਵਾਈ ਸੰਗਤਾਂ ਨੂੰ ਕਾਂਸ਼ੀ ਵਿਖੇ ਪ੍ਰਕਾਸ਼ ਉਤਸਵ ਮਨਾਉਣ ਦਾ ਮੌਕਾ ਮਿਲਦਾ ਹੈ | ਉਨ੍ਹਾਂ ਕਿਹਾ ਕਿ ਅਗਲੇ ਸਾਲ 650ਵਾਂ ਪ੍ਰਕਾਸ਼ ਉਤਸਵ ਪੰਜਾਬ ਸਰਕਾਰ ਵਲੋਂ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ, ਜਿਸ ਲਈ ਪੰਜਾਬ ਸਰਕਾਰ ਨੇ ਇਕ ਟੀਮ ਦਾ ਗਠਨ ਕੀਤਾ ਹੈ | ਇਸ ਮੌਕੇ ਰੇਲਵੇ ਸਟੇਸ਼ਨ ਦੇ ਬਾਹਰ ਕਰਵਾਏ ਗਏ ਇੱਕ ਸਮਾਗਮ 'ਚ ਸੰਤਾਂ-ਮਹਾਂਪੁਰਸ਼ਾਂ ਅਤੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਰਵਿਦਾਸ ਭਾਈਚਾਰੇ ਦੇ ਲੋਕ ਵੱਡੀ ਗਿਣਤੀ 'ਚ ਪਹੁੰਚੇ ਹੋਏ ਸਨ ਜਿਨ੍ਹਾਂ ਵਲ਼ੋਂ ਲਗਾਤਾਰ ਲਗਾਏ ਜਾ ਰਹੇ ਜੈਕਾਰਿਆਂ ਨਾਲ ਸਮੁੱਚਾ ਰੇਲਵੇ ਸਟੇਸ਼ਨ ਗੂੰਜ ਉੱਠਿਆ | ਇਸ ਮੌਕੇ ਸਥਾਨਕ ਰੇਲਵੇ ਸਟੇਸ਼ਨ 'ਤੇ ਜਿਸ ਵਿਚ ਐਨ.ਆਰ.ਆਈ., ਔਰਤਾਂ, ਬੱਚੇ ਤੇ ਨੌਜਵਾਨ ਵੱਡੀ ਗਿਣਤੀ 'ਚ ਹਾਜ਼ਰ ਸਨ, ਉਨ੍ਹਾਂ 'ਚ ਪ੍ਰਕਾਸ਼ ਉਤਸਵ ਸੰਬੰਧੀ ਕਾਂਸ਼ੀ ਵਿਖੇ ਕਰਵਾਏ ਜਾ ਰਹੇ ਸਮਾਗਮ 'ਚ ਸ਼ਾਮਲ ਹੋਣ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੀ ਤੇ ਉਹ ਸਵੇਰ ਤੋਂ ਹੀ ਜਲੰਧਰ ਸਟੇਸ਼ਨ 'ਤੇ ਪਹੰੁਚਣੇ ਸ਼ੁਰੂ ਹੋ ਗਏ ਸਨ | ਸਟੇਸ਼ਨ 'ਤੇ ਸ਼ਰਧਾਲੂਆਂ ਵਲ਼ੋਂ ਸੰਗਤਾਂ ਦੀ ਸੇਵਾ ਲਈ ਵੱਡੇ ਪੱਧਰ 'ਤੇ ਲੰਗਰ ਲਗਾਏ ਗਏ ਸਨ | ਇਸ ਤੋਂ ਪਹਿਲਾ ਡੇਰਾ ਸੱਚਖੰਡ ਬੱਲਾਂ ਤੋਂ ਸੰਤ ਨਿਰੰਜਨ ਦਾਸ ਵੱਡੇ ਕਾਫ਼ਲੇ ਨਾਲ ਸ਼ਹਿਰਸਤਪਾਲ ਮੱਲ ਦੀ ਅਗਵਾਈ 'ਚ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ ਅਤੇ ਸੰਗਤਾਂ ਦੇ ਵੱਡੇ ਕਾਫ਼ਲੇ ਦੇ ਨਾਲ ਜਲੰਧਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਲਗਾਏ ਪੰਡਾਲ 'ਚ ਪੁੱਜੇ ਜਿੱਥੇ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ, ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ, ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ, ਵਿਧਾਇਕ ਪਰਗਟ ਸਿੰਘ, ਵਿਧਾਇਕ ਸੁਖਵਿੰਦਰ ਕੋਟਲੀ, ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਸਾਬਕਾ ਮੰਤਰੀ ਬਲਕਾਰ ਸਿੰਘ, ਐੱਸ.ਸੀ. ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੇ ਸਾਂਪਲਾ, ਮੇਅਰ ਵਿਨੀਤ ਧੀਰ, ਸਾਬਕਾ ਮੰਤਰੀ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਸਾਬਕਾ ਵਿਧਾਇਕ ਰਜਿੰਦਰ ਬੇਰੀ, ਸਾਬਕਾ ਵਿਧਾਇਕ ਪਵਨ ਟੀਨੂੰ, ਸਾਬਕਾ ਵਿਧਾਇਕ ਕੇ.ਡੀ. ਭੰਡਾਰੀ, ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ ਤੋਂ ਇਲਾਵਾ ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ, ਪੰਜਾਬ ਐੱਸ.ਸੀ. ਕਮਿਸ਼ਨ ਦੇ ਸਾਬਕਾ ਚੇਅਰਮੈਨ ਰਾਜੇਸ਼ ਬਾਘਾ, ਰਜਿੰਦਰ ਸਿੰਘ ਸਾਬਕਾ ਐੱਸ.ਐੱਸ.ਪੀ., ਆਪ ਆਗੂ ਰੌਬਿਨ ਸਾਂਪਲਾ, ਵਾਈਸ ਚੇਅਰਮੈਨ ਕੀਮਤੀ ਭਗਤ, ਪਰਮਜੀਤ ਸਿੰਘ ਰਾਏਪੁਰ ਤੇ ਵੱਡੀ ਗਿਣਤੀ 'ਚ ਇਕੱਤਰ ਹੋਈਆਂ ਸੰਗਤਾਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਤੇ ਸੰਤਾਂ ਤੋਂ ਅਸ਼ੀਰਵਾਦ ਲਿਆ | ਰੇਲਵੇ ਸਟੇਸ਼ਨ 'ਤੇ ਸਜਾਏ ਗਏ ਪੰਡਾਲ 'ਚ ਇਕੱਤਰ ਹੋਏ ਵੱਡੀ ਗਿਣਤੀ 'ਚ ਸ਼ਰਧਾਲੂਆਂ ਵਲ਼ੋਂ ਸਵੇਰ ਤੋਂ ਗੁਰੂ ਰਵਿਦਾਸ ਦੀ ਉਸਤਤ 'ਚ ਬਾਣੀ ਦਾ ਪ੍ਰਵਾਹ ਚੱਲ ਰਿਹਾ ਸੀ | ਇਸ ਮੌਕੇ ਸੰਤ ਨਿਰੰਜਨ ਦਾਸ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਅਜੋਕੇ ਸਮੇਂ 'ਚ ਵੀ ਉਨ੍ਹੀਆਂ ਹੀ ਸਾਰਥਕ ਹਨ ਜਿੰਨੀਆਂ ਪਹਿਲਾਂ ਸਨ | ਇਸ ਦੌਰਾਨ ਰੇਲਵੇ ਸਟੇਸ਼ਨ 'ਤੇ ਸ਼ਰਧਾਲੂ ਔਰਤਾਂ, ਬੱਚਿਆਂ ਤੇ ਨੌਜਵਾਨਾਂ ਦਾ ਉਤਸ਼ਾਹ ਦੇਖਦਿਆਂ ਹੀ ਬਣਦਾ ਸੀ | ਇਸ ਗੱਡੀ ਨੂੰ ਰਵਾਨਾ ਕਰਨ ਮੌਕੇ ਟਰੱਸਟ ਦੇ ਸਕੱਤਰ ਸਤਪਾਲ ਹੀਰ, ਜੁਆਇੰਟ ਸਕੱਤਰ ਧਰਮਪਾਲ, ਪਰਬਿੰਦਰ ਕੁਮਾਰ ਟਾਂਡਾ, ਹਰਦੇਵ ਦਾਸ, ਬੀ.ਕੇ. ਮਹਿਮੀ, ਡੀ.ਆਰ. ਬੰਧਨਾ ਤੇ ਵੱਡੀ ਗਿਣਤੀ ਵਿਚ ਵੱਖ-ਵੱਖ ਸੰਸਥਾਵਾਂ ਦੇ ਮੁਖੀ, ਪਾਰਟੀ ਆਗੂਆਂ ਸਮੇਤ ਸੈਂਕੜੇ ਸ਼ਰਧਾਲੂ ਰੇਲਵੇ ਸਟੇਸ਼ਨ 'ਤੇ ਪੁੱਜੇ ਹੋਏ ਸਨ, ਰੇਲਵੇ ਸਟੇਸ਼ਨ 'ਤੇ ਮੇਲੇ ਵਰਗਾ ਮਾਹੌਲ ਬਣਿਆਂ ਹੋਇਆ ਸੀ | ਸਮਾਗਮ ਦੌਰਾਨ ਕਮਿਸ਼ਨਰ ਆਫ ਪੁਲਿਸ ਜਲੰਧਰ ਧਨਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਰੱਖਿਆਂ ਦੇ ਸਖਤ ਪ੍ਰਬੰਧਾਂ ਦੀ ਦੇਖਭਾਲ ਏ.ਡੀ.ਸੀ.ਪੀ. ਆਕਰਸ਼ੀ ਜੈਨ ਤੇ ਹੋਰ ਅਧਿਕਾਰੀ ਕਰ ਰਹੇ ਸਨ |