ਜਲੰਧਰ, 29 ਜਨਵਰੀ (ਪਵਨ ਖਰਬੰਦਾ)- ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਜਲੰਧਰ ਪ੍ਰੀਮੀਅਰ ਲੀਗ ਤਹਿਤ ਤਿੰਨ ਦਿਨਾਂ ਸ਼ਤਰੰਜ ਟੂਰਨਾਮੈਂਟ ਦਾ ਉਦਘਾਟਨ ਅੱਜ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਪੀ.ਏ.ਪੀ. ਕੈਂਪਸ ਵਿਖੇ ਜਲੰਧਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਆਈ.ਏ.ਐਸ. ਨੇ ਕੀਤਾ | ਇਸ ਦੌਰਾਨ ਪਿ੍ੰਸੀਪਲ ਡਾ. ਰਸ਼ਮੀ ਵਿਜ ਨੇ ਫੁੱਲਾਂ ਦੇ ਗੁਲਦਸਤੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਤੇ ਮੇਜ਼ਬਾਨ ਸਕੂਲ ਦੀ ਪੰਜਾਬੀ ਲੋਕ ਨਾਚ ਟੀਮ ਨੇ ਗਿੱਧਾ ਤੇ ਭੰਗੜਾ ਪੇਸ਼ ਕੀਤਾ | ਮੁੱਖ ਮਹਿਮਾਨ ਨੇ ਰੰਗੀਨ ਗੁਬਾਰੇ ਛੱਡ ਕੇ ਅਤੇ ਦੀਵਾ ਜਗਾ ਕੇ ਟੂਰਨਾਮੈਂਟ ਦਾ ਉਦਘਾਟਨ ਕੀਤਾ | ਸਕੂਲ ਦੇ ਸੁਪਰਵਾਈਜ਼ਰ ਤੇ ਖੇਡ ਕੋਚ ਦਿਨੇਸ਼, ਡਿੰਪੀ ਮਲਿਕ, ਰਾਕੇਸ਼ ਤੇ ਹੋਰ ਵੀ ਮੌਜੂਦ ਸਨ | ਪ੍ਰਬੰਧਕਾਂ ਨੇ ਦੱਸਿਆ ਕਿ ਇਹ ਟੂਰਨਾਮੈਂਟ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਜਲੰਧਰ ਵਲੋਂ ਜ਼ਿਲ੍ਹਾ ਰੈੱਡ ਕਰਾਸ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਉੁਨ੍ਹਾਂ ਦੱਸਿਆ ਕਿ ਮੁਕਾਬਲੇ ਵਿੱਚ ਅੰਡਰ-11 ਤੇ ਅੰਡਰ-17 ਵਰਗਾਂ ਦੇ 220 ਮੁੰਡੇ ਤੇ ਕੁੜੀਆਂ ਹਿੱਸਾ ਲੈ ਰਹੇ ਹਨ | ਮੁੱਖ ਮਹਿਮਾਨ ਡਾ. ਹਿਮਾਂਸ਼ੂ ਅਗਰਵਾਲ ਨੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼ਤਰੰਜ ਵਰਗੀ ਖੇਡ ਮਾਨਸਿਕ ਵਿਕਾਸ ਅਤੇ ਇਕਾਗਰਤਾ ਲਈ ਬਹੁਤ ਮਹੱਤਵਪੂਰਨ ਹੈ |