ਚੁਗਿੱਟੀ/ਜੰਡੂਸਿੰਘਾ, 12 ਫਰਵਰੀ (ਨਰਿੰਦਰ ਲਾਗੂ) - ਜਲੰਧਰ-ਹੁਸ਼ਿਆਰਪੁਰ ਮਾਰਗ 'ਤੇ ਸਥਿਤ ਗੁਰੂ ਘਰ ਨਿਰਮਲ ਕੁਟੀਆ ਜੌਹਲਾਂ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਫੱਗਣ ਮਹੀਨੇ ਦੀ ਸੰਗਰਾਂਦ ਦੇ ਪਾਵਨ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਅਖੰਡ ਪਾਠ ਦੇ ਭੋਗ ਉਪਰੰਤ ਸਜਾਏ ਹੋਏ ਦੀਵਾਨ 'ਚ ਭਾਈ ਸਰੂਪ ਸਿੰਘ ਹਜ਼ੂਰੀ ਰਾਗੀ ਖ਼ਾਲਸਾ ਦਲ ਭਾਈ ਬਿਧੀ ਚੰਦ ਜੀ ਸੁਰ ਸਿੰਘ ਵਾਲੇ ਸਮੇਤ ਵੱਖ-ਵੱਖ ਹੋਰ ਰਾਗੀ ਤੇ ਢਾਡੀ ਜਥਿਆਂ ਵੱਲੋਂ ਗੁਰਬਾਣੀ ਦਾ ਰਸਭਿੰਨਾ ਗਾਇਨ ਕਰ ਕੇ ਗੁਰੂ ਇਤਿਹਾਸ ਸੁਣਾ ਕੇ ਹਾਜ਼ਰੀਨ ਨੂੰ ਨਿਹਾਲ ਕੀਤਾ ਗਿਆ | ਸੰਗਤਾਂ ਨੂੰ ਸੰਬੋਧਨ ਕਰਦਿਆਂ ਉਕਤ ਗੁਰੂ ਘਰ ਦੇ ਮੁਖੀ ਸੰਤ ਬਾਬਾ ਜੀਤ ਸਿੰਘ ਵੱਲੋਂ ਸਭਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਪ੍ਰਮਾਤਮਾ ਦੀ ਭਗਤੀ ਕਰਨ ਲਈ ਪ੍ਰੇਰਿਤ ਕੀਤਾ ਗਿਆ | ਉਨ੍ਹਾਂ ਆਖਿਆ ਕਿ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਸਮਾਂ ਭਗਤੀ ਕਰਨ ਵੱਲ ਲਗਾਉਣਾ ਚਾਹੀਦਾ ਹੈ | ਸਟੇਜ ਸੰਚਾਲਕ ਵਜੋਂ ਸੇਵਾ ਭਾਈ ਅਵਤਾਰ ਸਿੰਘ ਸ਼ੇਰਗਿੱਲ ਤੇ ਭਾਈ ਸੁਖਬੀਰ ਸਿੰਘ ਵੱਲੋਂ ਗੁਰਬਾਣੀ ਸ਼ਬਦਾਂ ਦੀ ਵਰਤੋਂ ਕਰਦੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ ਗਈ | ਸਮਾਪਤੀ 'ਤੇ ਸੰਤ ਬਾਬਾ ਜੀਤ ਸਿੰਘ ਵੱਲੋਂ ਰਾਗੀ ਤੇ ਢਾਡੀ ਜਥਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਉ ਸਾਹਿਬ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਆਰ.ਪੀ. ਸਿੰਘ, ਸਤਿਆਪਾਲ ਸਿੰਘ, ਨੰਬਰਦਾਰ ਜਥੇਦਾਰ ਮੱਖਣ ਸਿੰਘ, ਫ਼ਕੀਰ ਸਿੰਘ, ਅਮਰੀਕ ਸਿੰਘ, ਹੁਕਮ ਸਿੰਘ, ਜੋਗਾ ਸਿੰਘ, ਪਰਮਜੀਤ ਸਿੰਘ, ਰਸਵਿੰਦਰ ਸਿੰਘ ਤੇ ਕੁਲਦੀਪ ਸਿੰਘ ਆਦਿ ਹਾਜ਼ਰ ਸਨ |