ਜਲੰਧਰ, 12 ਫਰਵਰੀ (ਸ਼ੈਲੀ)-ਆਜ਼ਾਦੀ ਤੋਂ ਪਹਿਲਾਂ ਦੇ ਸਿੱਖਿਆ ਸ਼ਾਸਤਰੀ ਅਤੇ ਮਾਂ ਬੋਲੀ ਪੰਜਾਬੀ ਦੇ ਸੰਤ ਸਵਰਗੀ ਪ੍ਰੋ. ਸੰਤ ਸਿੰਘ ਦੀ ਯਾਦ ਵਿਚ, ਬੈਂਕਾਕ ਵਿੱਚ ਰਹਿੰਦੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸਹਿਯੋਗ ਨਾਲ, ਸਥਾਨਕ ਅਪਾਹਜ ਆਸ਼ਰਮ ਲਾਲਾ ਰਾਮ ਕਿਸ਼ੋਰ ਕਪੂਰ ਅਪਾਹਜ ਸਹਾਇਤਾ ਟਰੱਸਟ ਦੇ ਪਰਿਸਰ ਵਿਚ 16 ਫਰਵਰੀ ਨੂੰ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਜਾ ਰਿਹਾ ਹੈ | ਸੰਸਥਾ ਦੇ ਚੇਅਰਮੈਨ ਤਰਸੇਮ ਕਪੂਰ ਨੇ ਦੱਸਿਆ ਕਿ ਟਰੱਸਟ ਨਿਯਮਿਤ ਤੌਰ 'ਤੇ ਗ਼ਰੀਬਾਂ ਦੀ ਸੇਵਾ ਲਈ ਕੈਂਪ ਲਗਾਉਂਦਾ ਹੈ | ਉਨ੍ਹਾਂ ਅੱਗੇ ਕਿਹਾ ਕਿ ਬੈਂਕਾਕ ਵਿਚ ਸਵਰਗੀ ਹਰਭਜਨ ਸਿੰਘ ਦਾ ਪਰਿਵਾਰ ਇਸ ਕੈਂਪ ਲਈ ਲੱਖਾਂ ਰੁਪਏ ਦਾਨ ਕਰ ਰਿਹਾ ਹੈ | ਇਹ ਰਕਮ ਦੋ ਭਰਾਵਾਂ, 12 ਸਾਲਾ ਅਰਜਨ ਸਿੰਘ ਤੇ 10 ਸਾਲਾ ਕਬੀਰ ਸਿੰਘ, ਜੋ ਇਸ ਪਰਿਵਾਰ ਦੇ ਪੜਪੋਤੇ ਹਨ, ਨੇ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਦਸਵੰਧ ਕਰਕੇ ਇਕੱਠੀ ਕੀਤੀ | ਦਸਵੰਧ ਕਰਨਾ ਸਿੱਖ ਧਰਮ ਦੀ ਇਕ ਮਹਾਨ ਪਰੰਪਰਾ ਹੈ | ਇਨ੍ਹਾਂ ਦੋਵਾਂ ਬੱਚਿਆਂ ਨੇ ਵੀ ਪ੍ਰੋ. ਸੰਤ ਸਿੰਘ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਕੇ ਇਹ ਰਕਮ ਇਕੱਠੀ ਕੀਤੀ | ਸੰਸਥਾ ਦੀ ਚੇਅਰਪਰਸਨ, ਸੁਨੀਲ ਕਪੂਰ, ਨੇ ਪ੍ਰੋ. ਸੰਤ ਸਿੰਘ ਤੇ ਹਰਭਜਨ ਸਿੰਘ ਦੇ ਪਰਿਵਾਰਾਂ ਦੀ ਇਸ ਸਮਾਗਮ ਦੇ ਸਮਰਥਨ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬੱਚੇ, ਵਿਦੇਸ਼ਾਂ ਵਿਚ ਰਹਿਣ ਦੇ ਬਾਵਜੂਦ, ਸੇਵਾ ਦੀ ਸਿੱਖ ਪਰੰਪਰਾ ਨੂੰ ਬਣਾਈ ਰੱਖਣ ਦੀ ਇੱਕ ਵਧੀਆ ਉਦਾਹਰਣ ਹਨ | ਪ੍ਰਸਿੱਧ ਅੱਖਾਂ ਦੇ ਮਾਹਰ ਡਾ. ਜਗਦੀਪ ਸਿੰਘ ਤੇ ਨੌਜਵਾਨ ਡਾ. ਗਗਨਦੀਪ ਸਿੰਘ, ਆਪਣੀ ਟੀਮ ਦੇ ਨਾਲ, ਇਸ ਕੈਂਪ ਵਿਚ ਅੱਖਾਂ ਦੀ ਸਰਜਰੀ ਸੇਵਾਵਾਂ ਪ੍ਰਦਾਨ ਕਰਨਗੇ | ਲੋੜਵੰਦਾਂ ਨੂੰ ਐਨਕਾਂ ਤੇ ਦਵਾਈਆਂ ਵੀ ਮੁਫ਼ਤ ਪ੍ਰਦਾਨ ਕੀਤੀਆਂ ਜਾਣਗੀਆਂ |