ਜਲੰਧਰ, 12 ਫਰਵਰੀ (ਡਾ.ਜਤਿੰਦਰ ਸਾਬੀ) - ਸੰਸਦ ਮੈਂਬਰ ਤੇ ਕੌਮਾਂਤਰੀ ਸਾਬਕਾ ਕਿ੍ਕਟਰ ਸ. ਹਰਭਜਨ ਸਿੰਘ ਨੇ ਜਲੰਧਰ ਦੇ ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿੱਚ ਸੋਲਰ ਪਾਵਰ ਪਲਾਂਟ ਲਗਾਉਣ ਲਈ ਆਪਣੇ ਐਮ.ਪੀ. ਫੰਡ ਤੋਂ 13.48 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ ਹੈ | ਸੋਲਰ ਪਾਵਰ ਪ੍ਰੋਜੈਕਟ ਦਾ ਪ੍ਰਸਤਾਵ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਲੋਕ ਨਿਰਮਾਣ ਵਿਭਾਗ ਦੇ ਅਨੁਮਾਨ ਦੇ ਨਾਲ ਭੇਜਿਆ ਗਿਆ ਸੀ | ਇਸ ਤੋਂ ਪਹਿਲਾਂ ਸਾਲ 2023 ਵਿੱਚ ਉਨ੍ਹਾਂ ਨੇ ਇਸੇ ਸਟੇਡੀਅਮ ਵਿੱਚ ਜਿੰਮ ਲਈ 16.50 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਸੀ | ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਨੇ ਕਿਹਾ ਕਿ ਸ. ਹਰਭਜਨ ਸਿੰਘ ਦਾ ਇਸ ਸਟੇਡੀਅਮ ਨਾਲ ਖਾਸ ਲਗਾਅ ਹੈ, ਉਨ੍ਹਾਂ ਨੇ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਇੱਥੇ ਬੈਡਮਿੰਟਨ ਖੇਡੀ ਹੈ | ਸੰਸਦ ਮੈਂਬਰ ਨੇ ਇਹ ਭਰੋਸਾ ਵੀ ਦਿੱਤਾ ਹੈ ਕਿ ਅਗਲੀ ਵਾਰ ਸ਼ਹਿਰ ਆਉਣ 'ਤੇ ਉਹ ਸਟੇਡੀਅਮ ਦਾ ਦੌਰਾ ਵੀ ਕਰਨਗੇ | ਰਿਤਿਨ ਖੰਨਾ ਨੇ ਗ੍ਰਾਂਟ ਮਨਜ਼ੂਰ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਤੇ ਸ. ਅਮਰਜੀਤ ਸਿੰਘ ਦਾ ਧੰਨਵਾਦ ਕੀਤਾ | ਖੰਨਾ ਨੇ ਕਿਹਾ ਕਿ ਸੋਲਰ ਪਾਵਰ ਪਲਾਂਟ ਲੱਗਣ ਨਾਲ ਬਿਜਲੀ ਦੇ ਖਰਚ ਵਿੱਚ ਕਮੀ ਆਵੇਗੀ | ਬਚਤ ਹੋਣ ਵਾਲੀ ਰਕਮ ਖਿਡਾਰੀਆਂ ਦੇ ਵਿਕਾਸ ਤੇ ਟ੍ਰੇਨਿੰਗ 'ਤੇ ਖਰਚ ਕੀਤੀ ਜਾਵੇਗੀ ਜਿਸ ਨਾਲ ਨਵੇਂ ਤੇ ਉਭਰਦੇ ਖਿਡਾਰੀਆਂ ਨੂੰ ਵਧੀਆ ਸਹੂਲਤਾਂ ਮਿਲਣਗੀਆਂ | ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਦਾ ਪ੍ਰਬੰਧ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਕੀਤਾ ਜਾਂਦਾ ਹੈ ਜਿਸ ਦੀ ਅਗਵਾਈ ਜਲੰਧਰ ਦੇ ਡਿਪਟੀ ਕਮਿਸ਼ਨਰ ਕਰਦੇ ਹਨ | ਸਾਲ 1963 ਵਿੱਚ ਸਥਾਪਤ ਤੇ ਸਵਰਗਵਾਸੀ ਰਾਇਜ਼ਾਦਾ ਹੰਸਰਾਜ ਸੋਂਧੀ ਦੇ ਨਾਮ 'ਤੇ ਬਣਿਆ ਇਹ ਸਟੇਡੀਅਮ ਉੱਤਰ ਭਾਰਤ ਦੇ ਸਭ ਤੋਂ ਪੁਰਾਣੇ ਤੇ ਪ੍ਰਸਿੱਧ ਬੈਡਮਿੰਟਨ ਸਟੇਡੀਅਮ ਵਿੱਚ ਸ਼ਾਮਲ ਹੈ | ਸਾਲ 2019 ਤੋਂ ਐਸੋਸੀਏਸ਼ਨ ਦੀ ਅੰਤਰਿਮ ਕਮੇਟੀ ਸਟੇਡੀਅਮ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ | 1 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਨਾਲ ਸਟੇਡੀਅਮ 'ਚ ਵੱਡੇ ਬਦਲਾਅ ਕੀਤੇ ਗਏ ਹਨ ਤੇ ਹੁਣ ਇਹ ਉੱਚ ਪੱਧਰੀ ਬੈਡਮਿੰਟਨ ਮੁਕਾਬਲਿਆਂ ਦਾ ਕੇਂਦਰ ਬਣ ਚੁੱਕਾ ਹੈ |