ਮਕਸੂਦਾਂ, 12 ਫਰਵਰੀ (ਸੌਰਵ ਮਹਿਤਾ)- ਅੰਮਿ੍ਤਸਰ-ਜਲੰਧਰ ਮੁੱਖ ਮਾਰਗ 'ਤੇ ਲੰਮਾ ਪਿੰਡ ਚੌਕ ਨੇੜੇ ਫਲਾਈਓਵਰ ਕੋਲ ਅੱਜ ਇਕ ਵੱਡਾ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਬਜਰੀ ਨਾਲ ਭਰਿਆ ਟਰੱਕ ਅਚਾਨਕ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਪਲਟ ਗਿਆ | ਟਰੱਕ ਦਾ ਨੰਬਰ ਪੀ.ਬੀ.11 ਸੀ.ਐਲ.4661 ਦੱਸਿਆ ਗਿਆ ਹੈ | ਹਾਦਸੇ ਨਾਲ ਪੂਰੀ ਸੜਕ 'ਤੇ ਬਜਰੀ ਫੈਲ ਗਈ ਤੇ ਦੋਵੇਂ ਪਾਸਿਆਂ ਵਾਹਨਾਂ ਦੀ ਲੰਮੀ ਕਤਾਰ ਲੱਗ ਗਈ | ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ | ਜਿਵੇਂ ਹੀ ਟਰੱਕ ਪਲਟਿਆ, ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ | ਲੋਕਾਂ ਵਿਚ ਇਹ ਵੀ ਚਰਚਾ ਰਹੀ ਕਿ ਜਾਂ ਤਾਂ ਡਰਾਈਵਰ ਨਸ਼ੇ ਦੀ ਹਾਲਤ ਵਿੱਚ ਸੀ ਜਾਂ ਉਸ ਕੋਲ ਭਾਰੀ ਵਾਹਨ ਚਲਾਉਣ ਲਈ ਬਣਦਾ ਲਾਈਸੈਂਸ ਨਹੀਂ ਸੀ | ਹਾਦਸੇ ਤੋਂ ਬਾਅਦ ਪਹਿਲਾਂ ਸੜਕ ਸੁਰੱਖਿਆ ਫੋਰਸ ਮੌਕੇ 'ਤੇ ਪਹੁੰਚੀ ਤੇ ਫਿਰ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਕਰੇਨਾਂ ਦੀ ਮਦਦ ਨਾਲ ਟਰੱਕ ਨੂੰ ਸੜਕ ਦੇ ਇਕ ਪਾਸੇ ਕਰਵਾਇਆ | ਪੁਲਿਸ ਵੱਲੋਂ ਫਰਾਰ ਡਰਾਈਵਰ ਦੀ ਭਾਲ ਜਾਰੀ ਹੋਣ ਦੀ ਗੱਲ ਕਹੀ ਗਈ ਹੈ |